ਕਾਂਗਰਸ ਤੇ ਆਪ ਨਾਲ ਕੋਈ ਸਮਝੌਤਾ ਨਹੀਂ : ਮਨਪ੍ਰੀਤ

ਪੀਪਲਜ਼ ਪਾਰਟੀ ਆਫ਼ ਪੰਜਾਬ (ਪੀ ਪੀ ਪੀ) ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ 'ਚ ਪੀ ਪੀ ਪੀ ਵੱਲੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਪਾਰਟੀ ਸੂਬੇ 'ਚ ਸਾਂਝਾ ਮੋਰਚਾ ਨਾਲ ਮਿਲ ਕੇ ਇਹ ਚੋਣਾਂ ਲੜੇਗੀ। ਅੱਜ ਇਥੇ ਕੇਂਦਰੀ ਕਮੇਟੀ ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ 'ਚ ਆਪ ਦੀ ਜਿੱਤ ਨਾਲ ਸਾਡੀ ਪਾਰਟੀ ਦੇ ਵਰਕਰਾਂ ਦੇ ਹੌਂਸਲੇ ਬੁਲੰਦ ਹੋਏ ਹਨ ਅਤੇ ਉਨ੍ਹਾਂ 'ਚ ਲੋਕ ਸਭਾ ਚੋਣਾਂ ਲਈ ਭਾਰੀ ਉਤਸ਼ਾਹ ਹੈ। ਉਨ੍ਹਾਂ ਦੀ ਪਾਰਟੀ ਲੋਕ ਸਭਾ ਚੋਣਾਂ ਵੀ ਸਾਂਝਾ ਮੋਰਚਾ ਨਾਲ ਮਿਲ ਕੇ ਲੜੇਗੀ ਅਤੇ ਕਾਂਗਰਸ ਤੇ ਆਪ ਨਾਲ ਇਸ ਬਾਰੇ ਕੋਈ ਚੋਣ ਸਮਝੌਤਾ ਨਹੀਂ ਕੀਤਾ ਜਾਵੇਗਾ। ਮਨਪ੍ਰੀਤ ਬਾਦਲ ਨੇ ਇੱਕ ਵਾਰ ਮੁੜ ਵੀ ਆਈ ਪੀ ਕਲਚਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਆਗੂ ਲੋਕਾਂ ਲਈ ਰੋਲ ਮਾਡਲ ਹੁੰਦੇ ਹਨ। ਉਨ੍ਹਾਂ ਵੱਲੋਂ ਇਸ ਕਲਚਰ ਨੂੰ ਤਿਲਾਂਜਲੀ ਦੇਣ ਦੀ ਪਹਿਲ ਕਰਨ 'ਤੇ ਹੀ ਕੁਝ ਸਫ਼ਲਤਾ ਮਿਲ ਸਕਦੀ ਹੈ। ਜੇਕਰ ਬਿਕਰਮ ਸਿੰਘ ਮਜੀਠੀਆ ਵਰਗੇ ਲੀਡਰ ਪਹਿਲਕਦਮੀ ਕਰਦਿਆਂ ਆਪਣੀ ਕਾਰ 'ਤੇ ਲਾਲ ਬੱਤੀ ਲਾਉਣੀ ਛੱਡ ਦੇਣ ਤਾਂ ਬਾਕੀ ਆਗੂ ਵੀ ਉਨ੍ਹਾਂ ਦੀ ਨਕਲ ਕਰਦਿਆਂ ਆਪਣੇ ਵਾਹਨਾਂ ਤੋਂ ਲਾਲ ਬੱਤੀਆਂ ਹਟਾ ਦੇਣਗੇ। ਪ੍ਰਾਈਵੇਟ ਬੱਸ ਮਾਫ਼ੀਆ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਬੱਸਾਂ ਦਾ ਕਿਰਾਇਆ ਅੱਧਾ ਕਰ ਦਿੱਤਾ ਜਾਵੇ ਤਾਂ ਇਹ ਮਾਫ਼ੀਆ ਆਪਣੇ-ਆਪ ਹੀ ਖ਼ਤਮ ਹੋ ਜਾਵੇਗਾ। ਇਹ ਮਾਫ਼ੀਆ ਸਰਕਾਰੀ ਅਦਾਰਿਆਂ ਨੂੰ ਬਹੁਤ ਨੁਕਸਾਨ ਪਹੁੰਚਾ ਰਿਹਾ ਹੈ ਅਤੇ ਮੁਨਾਫਾ ਕਮਾਉਣ ਵਾਲੇ ਰੂਟਾਂ ਦੇ ਪਰਮਿਟ ਵੱਡੇ-ਵੱਡੇ ਲੀਡਰਾਂ ਦੀਆਂ ਬੱਸਾਂ ਨੂੰ ਹੀ ਜਾਰੀ ਕੀਤੇ ਜਾ ਰਹੇ ਹਨ।rnਪੰਜਾਬ 'ਚ ਤੇਜ਼ੀ ਨਾਲ ਨੌਜਵਾਨਾਂ 'ਚ ਫੈਲ ਰਹੇ ਨਸ਼ੇ ਦੀ ਬਿਮਾਰੀ ਦੀ ਰੋਕਥਾਮ ਲਈ ਉਨ੍ਹਾਂ ਪਹਿਲੀ ਫਰਵਰੀ ਤੋਂ ਸੂਬੇ 'ਚ ਪੁੱਤ ਬਚਾਓ ਮੁਹਿੰਮ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ। ਮਨਪ੍ਰੀਤ ਬਾਦਲ ਨੇ ਦੱਸਿਆ ਕਿ ਅੱਜ ਇਥੇ ਕੇਂਦਰੀ ਕਮੇਟੀ ਅਤੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਬੈਠਕ ਦੇ ਦੌਰਾਨ ਇਹ ਸੂਬਾ ਪੱਧਰੀ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੰਡਿਆਂ ਨੂੰ ਨਸ਼ਿਆਂ ਦੇ ਜਾਲ ਤੋਂ ਬਚਾਣ ਦੀ ਜ਼ਰੂਰਤ ਹੈ ਅਤੇ ਇਸ ਬੁਰਾਈ ਨਾਲ ਨਜਿੱਠਣ ਲਈ ਸੂਬਾ ਪੱਧਰੀ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ। ਪੀ ਪੀ ਪੀ ਨੇ ਜਨ ਸੰਪਰਕ ਪ੍ਰੋਗਰਾਮ ਦੌਰਾਨ ਇਸ ਮੁੱਦੇ ਨੂੰ ਚੁੱਕਣ ਦਾ ਫ਼ੈਸਲਾ ਲਿਆ ਹੈ। ਇਸ ਮੁਹਿੰਮ ਦੌਰਾਨ ਉਹ ਖੁਦ ਹਰ ਜ਼ਿਲ੍ਹੇ ਦੇ ਮੁੱਖ ਦਫ਼ਤਰ 'ਚ ਜਾ ਕੇ ਅਜਿਹੇ ਮਾਪਿਆਂ ਨੂੰ ਮਿਲਣਗੇ, ਜਿਨ੍ਹਾਂ ਦੇ ਬੱਚੇ ਨਸ਼ੇ ਦੀ ਚਪੇਟ 'ਚ ਹਨ। ਪਾਰਟੀ ਦਾ ਪੂਰਾ ਢਾਂਚਾ ਜਿਸ ਦੇ ਵਿੱਚ ਜ਼ਿਲ੍ਹਾ ਅਤੇ ਬਲਾਕ ਪ੍ਰਧਾਨ ਵੀ ਸ਼ਾਮਲ ਹਨ, ਨਸ਼ੇ 'ਚ ਫਸੇ ਲੋਕਾਂ ਨਾਲ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਮਿਲਣਗੇ। ਪੀ ਪੀ ਪੀ ਤਿੰਨ ਤਰੀਕੇ ਨਾਲ ਕੰਮ ਕਰੇਗੀ। ਪਹਿਲਾਂ ਨਸ਼ਿਆਂ ਦੇ ਦਲਦਲ 'ਚ ਫਸੇ ਲੋਕਾਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਮਿਲਣਾ, ਦੂਜਾ ਉਨ੍ਹਾਂ ਨੂੰ ਤੇ ਦੂਜਿਆਂ ਨੂੰ ਨਸ਼ਿਆਂ ਦੇ ਖ਼ਿਲਾਫ਼ ਜਾਣਕਾਰੀ ਦੇਣਾ ਅਤੇ ਤੀਜਾ ਨਸ਼ਿਆਂ 'ਚ ਫਸੇ ਨੌਜਵਾਨਾਂ ਦੀ ਨਸ਼ਾ ਛੁਡਾਉਣ 'ਚ ਮਦਦ ਕਰਨਾ ਹਰ ਅਹੁਦੇਦਾਰ ਨੂੰ ਹਰ ਨੁੱਕੜ ਅਤੇ ਹਰ ਕੋਨੇ 'ਚ ਜਾਣ ਲਈ ਕਿਹਾ ਗਿਆ ਹੈ। ਸਾਰਾ ਪੰਜਾਬ ਇਸ ਸਮੱਸਿਆ ਤੋਂ ਪਰੇਸ਼ਾਨ ਹੈ। ਉਨ੍ਹਾਂ ਸ਼ੰਕਾ ਪ੍ਰਗਟ ਕੀਤੀ ਕਿ ਆਉਣ ਵਾਲਾ ਸਮਾਂ ਬਹੁਤ ਚੁਣੌਤੀ ਭਰਿਆ ਹੈ, ਕਿਉਂਕਿ ਪੰਜਾਬ ਅਫ਼ਗ਼ਾਨਿਸਤਾਨ ਤੋਂ ਆਉਣ ਵਾਲੇ ਨਸ਼ਿਆਂ ਦੇ ਰਸਤੇ ਦਾ ਇੱਕ ਹਿੱਸਾ ਹੈ ਅਤੇ ਜੇਕਰ ਅਮਰੀਕਾ ਤੇ ਨਾਟੋ ਫ਼ੌਜਾਂ ਦੀ 2014 'ਚ ਵਾਪਸੀ ਹੋ ਗਈ ਤਾਂ ਨਸ਼ਿਆਂ ਦਾ ਗੈਰ-ਕਾਨੂੰਨੀ ਵਪਾਰ ਵੱਧ ਜਾਵੇਗਾ। ਉਨ੍ਹਾਂ ਦੱਸਿਆ ਕਿ ਪਾਰਟੀ ਨੇ ਮੁਹਿੰਮ ਦੌਰਾਨ ਦੋ ਹੋਰ ਮੁੱਦਿਆਂ ਨੂੰ ਵੀ ਉਠਾਉਣ ਦਾ ਫ਼ੈਸਲਾ ਕੀਤਾ, ਜਿਸ ਵਿੱਚ ਪਾਰਟੀ 2017 ਤੱਕ ਪਹਾੜੀ ਸੂਬਿਆਂ ਨੂੰ ਮਿਲਣ ਵਾਲੇ ਆਰਥਿਕ ਪੈਕੇਜ ਦੀ ਵਿਸਤਾਰ ਨਾਲ ਆਲੋਚਨਾ ਕਰੇਗੀ। ਕੇਂਦਰ ਸਰਕਾਰ ਨੂੰ ਇਸ ਤਰ੍ਹਾਂ ਦੇ ਇੱਕ ਤਰਫ਼ਾ ਪੈਕੇਜ ਦੇ ਕੇ ਪੰਜਾਬ ਦੀ ਆਰਥਿਕਤਾ ਨੂੰ ਬਰਬਾਦ ਕਰਨ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਠੇਕਾ ਪ੍ਰਣਾਲੀ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੱਕੇ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਗ਼ਲਤ ਹੈ ਕਿ ਦੋ ਕਰਮਚਾਰੀ ਇੱਕ ਹੀ ਕੰਮ ਅਲੱਗ-ਅਲੱਗ ਵੇਤਨਾਂ 'ਤੇ ਕਰ ਰਹੇ ਹਨ ਅਤੇ ਇੱਕ ਕਰਮਚਾਰੀ ਦੂਜੇ ਦੇ ਵੇਤਨ ਦੇ ਮੁਕਾਬਲੇ ਸਿਰਫ਼ ਤੀਜਾ ਹਿੱਸਾ ਲੈ ਰਿਹਾ ਹੈ। ਇਹ ਇੱਕ ਸਮਾਨ ਨੌਕਰੀ ਤੇ ਇੱਕ ਸਮਾਨ ਤਨਖ਼ਾਹ ਦੇ ਸਿਧਾਂਤ ਦਾ ਉਲੰਘਣਾ ਹੈ। ਇਸ ਮੌਕੇ ਪਾਰਟੀ ਤਰਜਮਾਨ ਡਾ. ਨਵਜੋਤ ਦਾਹੀਆ, ਭਗਵੰਤ ਮਾਨ, ਬਾਬਾ ਜੌਹਲ ਜ਼ਿਲ੍ਹਾ ਪ੍ਰਧਾਨਾਂ ਸਮੇਤ ਹੋਰ ਵੀ ਬਹੁਤ ਸਾਰੇ ਸੀਨੀਅਰ ਆਗੂ ਮੌਜੂਦ ਸਨ।