ਖਡੂਰ ਸਾਹਿਬ (ਸਰਬਜੋਤ ਸਿੰਘ ਸੰਧਾ)
'ਫਾਸ਼ੀ ਹਮਲਿਆਂ ਵਿਰੋਧੀ ਫਰੰਟ' ਵਿੱਚ ਸ਼ਾਮਲ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਦੀਆਂ ਤਰਨ ਤਾਰਨ ਜ਼ਿਲ੍ਹਾ ਕਮੇਟੀਆਂ ਵੱਲੋਂ ਸਥਾਨਕ ਗਾਂਧੀ ਪਾਰਕ ਵਿਖੇ ਪਵਨ ਕੁਮਾਰ ਭਿੱਖੀਵਿੰਡ, ਦਲਜੀਤ ਸਿੰਘ ਦਿਆਲਪੁਰਾ, ਜਗੀਰੀ ਰਾਮ ਪੱਟੀ, ਬਲਦੇਵ ਸਿੰਘ ਭੈਲ, ਰੁਪਿੰਦਰ ਕੌਰ ਮਾੜੀਮੇਘਾ ਅਤੇ ਜਸਬੀਰ ਕੌਰ ਤਰਨ ਤਾਰਨ ਦੀ ਪ੍ਰਧਾਨਗੀ ਹੇਠ ਇੱਕ ਪ੍ਰਭਾਵਸ਼ਾਲੀ ਰਾਜਨੀਤਕ ਕਾਨਫਰੰਸ ਕੀਤੀ ਗਈ | ਇਹ ਕਾਨਫਰੰਸ ਜਨ ਸੰਗਰਾਮ ਬਣ ਚੁੱਕੇ ਕਿਸਾਨ ਘੋਲ ਨੂੰ ਹੋਰ ਵਿਆਪਕ ਅਤੇ ਪ੍ਰਚੰਡ ਕਰਦਿਆਂ ਸਮੁੱਚੇ ਦੇਸ਼ ਵਾਸੀਆਂ ਦੇ ਸਰਵਪੱਖੀ ਸਹਿਯੋਗ ਸਦਕਾ ਜਿੱਤ ਤੱਕ ਪੁਚਾਉਣ ਦਾ ਹੋਕਾ ਦੇਣ ਦੇ ਮਕਸਦ ਨਾਲ ਸੱਦੀ ਗਈ ਸੀ | ਕਾਨਫਰੰਸ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ ਮੰਗਤ ਰਾਮ ਪਾਸਲਾ ਜਨਰਲ ਸਕੱਤਰ ਆਰ.ਐੱਮ.ਪੀ.ਆਈ. ਤੇ ਹਰਭਜਨ ਸਿੰਘ ਸੀ.ਪੀ.ਆਈ. ਸਾਬਕਾ ਕੌਮੀ ਕੌਂਸਲ ਮੈਂਬਰ ਨੇ ਕਿਹਾ ਕਿ ਮੋਦੀ ਸਰਕਾਰ ਕਰੋੜਾਂ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਅਣਡਿੱਠ ਕਰਦਿਆਂ ਅਡਾਨੀ-ਅੰਬਾਨੀ ਜਿਹੇ ਆਪਣੇ ਚਹੇਤੇ ਮੁੱਠੀ ਭਰ ਕਾਰਪੋਰੇਟ ਲੋਟੂਆਂ ਅਤੇ ਇਨ੍ਹਾਂ ਦੇ ਭਾਈਵਾਲ ਸਾਮਰਾਜੀ ਲੁਟੇਰਿਆਂ ਦੇ ਖਜ਼ਾਨੇ ਭਰਪੂਰ ਕਰਨ ਲਈ ਸੰਵਿਧਾਨ ਦੀ ਉਲੰਘਣਾ ਕਰਕੇ ਘੜੇ ਗਏ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਬਜ਼ਿੱਦ ਹੈ | ਉਨ੍ਹਾਂ ਕਿਹਾ ਕਿ ਉਕਤ ਕਾਨੂੰਨ ਨਾ ਕੇਵਲ ਦੇਸ਼ ਦੀ ਵਿਸ਼ਾਲ ਵਸੋਂ ਦੇ ਗੁਜ਼ਾਰੇ ਦਾ ਸਾਧਨ ਖੇਤੀ ਕਿੱਤੇ, ਬਲਕਿ ਦਰਮਿਆਨੇ ਤੇ ਛੋਟੇ ਉਦਯੋਗਿਕ ਧੰਦੇ ਅਤੇ ਪਰਚੂਨ ਵਪਾਰ ਦਾ ਵੀ ਭੋਗ ਪਾਉਣ ਵਾਲੇ ਹਨ | ਨਤੀਜੇ ਵਜੋਂ ਪਹਿਲਾਂ ਹੀ ਬੇਰੁਜ਼ਗਾਰੀ, ਕੰਗਾਲੀ, ਭੁੱਖਮਰੀ ਦਾ ਸੰਤਾਪ ਹੰਢਾ ਰਹੇ ਲੋਕਾਂ ਦਾ ਜੀਵਨ ਬਦ ਤੋਂ ਵੀ ਬਦਤਰ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਦੇਸ਼-ਵਿਆਪੀ ਕਿਸਾਨ ਸੰਘਰਸ਼ ਨੂੰ ਲੀਹੋਂ ਲਾਹੁਣ ਲਈ ਮੋਦੀ ਸਰਕਾਰ ਜਿਨ੍ਹਾਂ ਫਿਰਕੂ ਫੁੱਟ ਪਾਊ ਦਾਅਪੇਚਾਂ, ਗੁੰਮਰਾਹਕੁੰਨ ਪ੍ਰਚਾਰ ਅਤੇ ਜਾਬਰ ਕਦਮਾਂ ਦਾ ਸਹਾਰਾ ਲੈ ਰਹੀ ਹੈ, ਉਨ੍ਹਾਂ ਦੇ ਸਮੁੱਚੇ ਦੇਸ਼ ਵਾਸੀਆਂ ਨੂੰ ਭਵਿੱਖ ਵਿੱਚ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ |
ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਤੇ ਆਰ ਐੱਮ ਪੀ ਆਈ ਦੇ ਜ਼ਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੱਲ੍ਹਾ ਨੇ ਕਿਹਾ ਕਿ ਸਾਮਰਾਜੀ ਦੇਸ਼ਾਂ, ਬਹੁਕੌਮੀ ਕਾਰਪੋਰੇਸ਼ਨਾਂ ਅਤੇ ਅਜਾਰੇਦਾਰ ਪੂੰਜੀਪਤੀਆਂ ਹੱਥੋਂ ਦੇਸ਼ ਦੇ ਕੀਮਤੀ ਕੁਦਰਤੀ ਖਜ਼ਾਨੇ ਤੇ ਰਾਸ਼ਟਰ ਦੇ ਸਵੈਮਾਣ ਤੇ ਪ੍ਰਭੂਸੱਤਾ ਦੇ ਪ੍ਰਤੀਕ ਜਨਤਕ ਖੇਤਰ ਦੀ ਸੌਖੀ ਲੁੱਟ ਯਕੀਨੀ ਬਣਾਉਣ ਲਈ ਲਗਾਤਾਰ ਸੰਵਿਧਾਨ ਵਿੱਚ ਤਬਦੀਲੀਆਂ ਕਰੀ ਜਾ ਰਹੀ ਹੈ | ਮੋਦੀ ਸਰਕਾਰ ਧਰਮ ਨਿਰਪੱਖਤਾ, ਜਮਹੂਰੀਅਤ ਅਤੇ ਫੈਡਰਲਿਜ਼ਮ ਦੇ ਜੜ੍ਹੀਂ ਤੇਲ ਦੇ ਕੇ ਫਿਰਕੂ ਜ਼ਹਿਰ ਘੋਲ ਰਹੀ ਹੈ | ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਪ੍ਰਗਟ ਕਰਨ ਵਾਲੇ ਬੁੱਧੀਜੀਵੀ, ਲੇਖਕ, ਪੱਤਰਕਾਰ ਆਦਿ 'ਤੇ ਦੇਸ਼ ਧ੍ਰੋਹ ਦੇ ਮੁਕੱਦਮੇ ਮੜ੍ਹ ਕੇ ਜੇਲ੍ਹੀਂ ਡੱਕਣ ਦਾ ਵਰਤਾਰਾ ਪੂਰੇ ਜ਼ੋਰਾਂ 'ਤੇ ਹੈ ਅਤੇ ਹਿਟਲਰੀ ਰਾਹ ਤੁਰੀ ਹੋਈ ਹੈ | ਮਤਾ ਪਾਸ ਕੀਤਾ ਗਿਆ ਕਿ ਕਿਸਾਨ ਵਿਰੋਧੀ ਬਿੱਲ ਮੂਲੋਂ ਰੱਦ ਕੀਤੇ ਜਾਣ | ਕਿਸਾਨ ਅੰਦੋਲਨ ਦੀ ਜਿੱਤ ਲਈ ਸਮੁੱਚੀ ਕਿਰਤੀ ਵਸੋਂ ਨੂੰ ਸੰਘਰਸ਼ਾਂ ਦੇ ਪਿੜ ਮੱਲਣ ਦੀ ਲੋੜ ਹੈ ਕਿਉਂਕਿ ਇਹ ਜਿੱਤ ਦੇਸ਼ ਦੇ ਸੁਨਹਿਰੇ ਭਵਿੱਖ ਦੀ ਜਾਮਣੀ ਹੋਵੇਗੀ ਤੇ ਭਵਿੱਖ ਵਿੱਚ ਲੋਕਾਈ ਦੀਆਂ ਜਿੱਤਾਂ ਅਤੇ ਲੋਕ ਦੋਖੀ ਤਾਕਤਾਂ ਦੀਆਂ ਹਾਰਾਂ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ | ਮੌਜੂਦਾ ਸੰਘਰਸ਼ ਨੇ ਸੁਤੰਤਰਤਾ ਸੰਗਰਾਮ ਦੌਰਾਨ ਉਪਜੀ ਅਤੇ ਪਰਵਾਨ ਚੜ੍ਹੀ ਸਾਮਰਾਜ ਵਿਰੋਧੀ ਚੇਤਨਾ ਮੁੜ ਲੋਕ ਮਨਾਂ ਦੇ ਹਿੱਸਾ ਬਣਨ ਦੀਆਂ ਸ਼ਾਨਦਾਰ ਸੰਭਾਵਨਾਵਾਂ ਪੈਦਾ ਕੀਤੀਆਂ ਹਨ | ਨਾਲ ਹੀ ਭਾਈਚਾਰਕ ਸਾਂਝ, ਮੱੁਦਿਆਂ ਆਧਾਰਤ ਵਿਸ਼ਾਲ ਏਕਤਾ ਅਤੇ ਸ਼ਾਂਤੀਪੂਰਨ ਸੰਘਰਸ਼ ਦੀਆਂ ਸ਼ਾਨਦਾਰ ਰਵਾਇਤਾਂ ਵੀ ਕਾਇਮ ਕੀਤੀਆਂ ਹਨ | ਇਸੇ ਕਰਕੇ ਦੇਸ਼ ਦੀ ਭਲਾਈ ਲੋਚਦਾ ਹਰ ਵਿਅਕਤੀ ਅਤੇ ਸੰਸਥਾ ਇਸ ਜਨ ਅੰਦੋਲਨ ਨੂੰ ਜਿੱਤਦਾ ਵੇਖਣਾ ਚਾਹੁੰਦੇ ਹਨ ਅਤੇ ਲੋਕਾਈ ਨੂੰ ਵੀ ਇਸ ਦੀ ਜਿੱਤ ਲਈ ਹਰ ਮੁਹਾਜ਼ 'ਤੇ ਡਟ ਜਾਣਾ ਚਾਹੀਦਾ ਹੈ |
ਕਾਨਫਰੰਸ ਵਿੱਚ ਹਾਜ਼ਰ ਜਨ ਸਮੂਹ ਵੱਲੋਂ ਦੋਵੇਂ ਹੱਥ ਖੜ੍ਹੇ ਕਰਕੇ ਤਿੰਨੋਂ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ-2020, ਪਰਾਲੀ ਨਾਲ ਸੰਬੰਧਤ ਤੁਗਲਕੀ ਆਰਡੀਨੈਂਸ ਰੱਦ ਕੀਤੇ ਜਾਣ, ਖੇਤੀ ਉਪਜਾਂ ਦੀ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦ ਦਾ ਕਾਨੂੰਨ ਪਾਸ ਕਰਨ, ਕਿਰਤ ਕਾਨੂੰਨਾਂ ਵਿੱਚ ਮਜ਼ਦੂਰ-ਮਾਰੂ ਸੋਧਾਂ ਵਾਪਸ ਲੈਣ ਅਤੇ ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਦੀਆਂ ਸਾਜ਼ਿਸ਼ਾਂ ਬੰਦ ਕਰਨ ਦੀ ਮੰਗ ਕੀਤੀ ਗਈ | ਇਹ ਵੀ ਮੰਗ ਕੀਤੀ ਗਈ ਕਿ 26 ਜਨਵਰੀ ਨੂੰ ਗਿ੍ਫ਼ਤਾਰ ਕੀਤੇ ਬੇਕਸੂਰ ਕਾਰਕੁੰਨ ਰਿਹਾਅ ਕੀਤੇ ਜਾਣ, ਕਿਸਾਨ ਘੋਲ ਦੇ ਹਮਾਇਤੀਆਂ ਨੂੰ ਫਰਜ਼ੀ ਕੇਸਾਂ ਵਿੱਚ ਉਲਝਾ ਕੇ ਜੇਲ੍ਹੀਂ ਡੱਕਣਾ ਬੰਦ ਕੀਤਾ ਜਾਵੇ ਅਤੇ ਅਜਿਹੇ ਸਾਰੇ ਕਾਰਕੁੰਨ ਰਿਹਾਅ ਕੀਤੇ ਜਾਣ | ਲੋਕ ਦੋਖੀ ਬੱਜਟ ਤਜਵੀਜ਼ਾਂ ਰੱਦ ਕੀਤੀਆਂ ਜਾਣ ਅਤੇ ਰਸੋਈ ਗੈਸ ਤੇ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿੱਚ ਅਸਹਿ ਵਾਧੇ ਰਾਹੀਂ ਖਪਤਕਾਰਾਂ ਦੀ ਬੇਕਿਰਕ ਲੱੁਟ ਬੰਦ ਕੀਤੀ ਜਾਵੇ |
ਇਸ ਮੌਕੇ ਅਰਸਾਲ ਸਿੰਘ ਸੰਧੂ, ਰਜਿੰਦਰ ਪਾਲ ਕੌਰ, ਦਵਿੰਦਰ ਸੋਹਲ, ਚਮਨ ਲਾਲ ਦਰਾਜਕੇ, ਤਾਰਾ ਸਿੰਘ ਖਹਿਰਾ, ਜਸਪਾਲ ਸਿੰਘ ਝਬਾਲ, ਬਲਦੇਵ ਸਿੰਘ ਧੁੂੰਦਾ, ਰਜਿੰਦਰ ਕੌਰ ਚੋਹਕਾ, ਬਲਦੇਵ ਸਿੰਘ ਪੰਡੋਰੀ, ਬਲਵਿੰਦਰ ਸਿੰਘ ਦਦੇਹਰ ਸਾਹਿਬ, ਨਰਿੰਦਰ ਕੌਰ ਪੱਟੀ, ਕਿਰਨਜੀਤ ਕੌਰ ਵਲਟੋਹਾ, ਹਰਦੀਪ ਸਿੰਘ ਰਸੂਲਪੁਰ, ਚਰਨ ਸਿੰਘ ਤਰਨ ਤਾਰਨ, ਕਰਮ ਸਿੰਘ ਫਤਿਆਬਾਦ ਨੇ ਵੀ ਵਿਚਾਰ ਰੱਖੇ | ਕਾਨਫਰੰਸ ਦੀ ਸਮਾਪਤੀ ਉਪਰੰਤ ਸ਼ਹਿਰ ਵਿੱਚ ਰੋਹ ਭਰਪੂਰ ਮੁਜ਼ਾਹਰਾ ਵੀ ਕੀਤਾ ਗਿਆ | ਇਸ ਮੌਕੇ ਨਿਰਪਾਲ ਸਿੰਘ ਜਾਉਣੇਕੇ, ਹਰਭਜਨ ਸਿੰਘ ਪੱਟੀ, ਧਰਮ ਸਿੰਘ ਪੱਟੀ, ਜਸਬੀਰ ਸਿੰਘ ਵੈਰੋਵਾਲ, ਰੇਸ਼ਮ ਸਿੰਘ ਫੈਲੋਕੇ ਆਦਿ ਹਾਜ਼ਰ ਸਨ |
ਸੁਲਤਾਨਪੁਰ ਲੋਧੀ (ਬਲਵੀਰ ਸ਼ਾਲ੍ਹਾਪੁਰੀ) : ਦੇਸ਼-ਵਿਆਪੀ ਜਨ-ਅੰਦੋਲਨ ਦੀ ਡਟਵੀਂ ਹਮਾਇਤ ਵਿੱਚ 'ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ' ਵਿੱਚ ਸ਼ਾਮਲ ਪਾਰਟੀਆਂ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ ) ਤੇ ਸੀ ਪੀ ਆਈ (ਐੱਮ ਐੱਲ) ਨਿਊ ਡੈਮੋਕਰੇਸੀ ਵੱਲੋਂ ਮਾਸਟਰ ਹਰੀ ਸਿੰਘ ਧੂਤ ਭਵਨ ਕਪੂਰਥਲਾ ਵਿਖੇ ਇੱਕ ਪ੍ਰਭਾਵਸ਼ਾਲੀ ਕਾਨਫਰੰਸ ਕੀਤੀ ਗਈ | ਕਾਨਫਰੰਸ ਦੀ ਪ੍ਰਧਾਨਗੀ ਲੁਭਾਇਆ ਸਿੰਘ ਕਾਲਾ ਸੰਘਿਆਂ, ਅਮਰਜੀਤ ਸਿੰਘ ਜਵਾਲਾਪੁਰ, ਲਖਵੀਰ ਸਿੰਘ ਭਬਿਆਣਾ ਅਤੇ ਮਹਿੰਦਰ ਸਿੰਘ ਨੇ ਕੀਤੀ | ਕਾਨਫਰੰਸ ਦੀ ਸਮਾਪਤੀ ਉਪਰੰਤ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ | ਇਸ ਮੌਕੇ ਕਾਨਫਰੰਸ ਨੂੰ ਸੰਬੋਧਨ ਕਰਨ ਲਈ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਸੂਬਾਈ ਆਗੂ ਕੁਲਵਿੰਦਰ ਸਿੰਘ ਵੜੈਚ ਨੇ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਦੀ ਆੜ ਹੇਠ ਲੋਕਾਂ ਨੂੰ ਘਰਾਂ ਵਿੱਚ ਕੈਦ ਕਰ ਕੇ ਪਾਸ ਕੀਤੇ ਖੇਤੀ ਨਾਲ ਸੰਬੰਧਤ ਤਿੰਨ ਕਾਲੇ ਕਨੂੰਨ, ਕਿਰਤ ਕਨੂਨਾਂ ਵਿੱਚ ਕੀਤੀਆਂ ਸੋਧਾਂ ਅਤੇ ਬਿਜਲੀ ਐਕਟ 2020 ਰਾਹੀਂ ਮੋਦੀ ਸਰਕਾਰ ਨੇ ਜਿੱਥੇ ਆਰਥਕ ਤੌਰ ਉੱਤੇ ਜਲ, ਜੰਗਲ ਅਤੇ ਜ਼ਮੀਨ ਤੇ ਹੋਰ ਖਣਿਜ ਪਦਾਰਥਾਂ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ | ਉੱਥੇ ਆਪਣੇ ਲੁਕਵੇਂ ਰਾਜਸੀ ਏਜੰਡੇ ਤਹਿਤ ਮਨੂੰਵਾਦ ਨੂੰ ਲੋਕਾਂ ਉੱਪਰ ਥੋਪਣ ਲਈ ਫਾਸ਼ੀਵਾਦੀ ਹਮਲੇ ਵਿੱਢ ਰਹੀ ਹੈ | ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਖਿਲਾਫ ਦੇਸ਼-ਧ੍ਰੋਹ ਦੇ ਪਰਚੇ ਦਰਜ ਕਰਕੇ ਬੇਕਸੂਰੇ ਲੋਕਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਚੱਲ ਰਿਹਾ ਅੰਦੋਲਨ ਇਕੱਲੇ ਕਿਸਾਨਾਂ ਦਾ ਹੀ ਨਹੀਂ, ਇਹ ਸਮੁੱਚੀ ਲੋਕਾਈ ਦਾ ਜਨ-ਅੰਦੋਲਨ ਹੈ | ਦਿੱਲੀ ਅੰਦੋਲਨ ਵਿੱਚ ਸਾਰੇ ਭਾਰਤ ਵਾਸੀਆਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ |
ਕਾਨਫਰੰਸ ਵੱਲੋਂ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਖਿਲਾਫ ਮੋਦੀ ਸਰਕਾਰ ਵੱਲੋਂ ਵਰਤੀ ਜਾ ਰਹੀ ਅਪਮਾਨਜਨਕ ਸ਼ਬਦਾਵਲੀ ਅਤੇ ਮੁਜਰਮਾਨਾ ਉਦਾਸੀਨਤਾ ਵਿਰੁੱਧ ਵਿਆਪਕ ਪ੍ਰਚਾਰ ਮੁਹਿੰਮ ਛੇੜਨ ਦਾ ਵੀ ਨਿਰਣਾ ਲਿਆ ਗਿਆ | ਕਾਨਫਰੰਸ 'ਚ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਖੇਤੀ ਨਾਲ ਸੰਬੰਧਤ ਤਿੰਨੋਂ ਖੇਤੀ ਕਾਲੇ ਕਨੂੰਨ ਰੱਦ ਕੀਤੇ ਜਾਣ, ਬਿਜਲੀ ਸੋਧ ਬਿੱਲ 2020 ਰੱਦ ਕੀਤਾ ਜਾਵੇ, ਪਰਾਲੀ ਨਾਲ ਸੰਬੰਧਤ ਤੁਗਲਕੀ ਆਰਡੀਨੈਂਸ ਤੇ ਕਿਰਤ ਕਾਨੂੰਨਾਂ 'ਚ ਕੀਤੀਆਂ ਮਜ਼ਦੂਰ ਮਾਰੂ ਸੋਧਾਂ ਰੱਦ ਕੀਤੀਆਂ ਜਾਣ, ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਦੀਆਂ ਸਾਜ਼ਿਸ਼ਾਂ ਬੰਦ ਕੀਤੀਆਂ ਜਾਣ ਅਤੇ ਸਮੁੱਚੀਆਂ ਖੇਤੀ ਜਿਣਸਾਂ ਦੀ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਘੱਟੋ-ਘੱਟ ਸਮਰੱਥਨ ਮੁਲ 'ਤੇ ਖਰੀਦ ਦੀ ਕਨੂੰਨੀ ਗਰੰਟੀ ਕੀਤੀ ਜਾਵੇ | ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਗਿ੍ਫਤਾਰ ਕੀਤੇ ਬੇਕਸੂਰ ਕਾਰਕੁਨ ਰਿਹਾਅ ਕੀਤੇ ਜਾਣ ਅਤੇ ਮੋਦੀ ਸਰਕਾਰ ਜਨ-ਸੰਗਰਾਮ ਦੇ ਹਮਾਇਤੀਆਂ ਨੂੰ ਜੇਲ੍ਹਾਂ ਵਿੱਚ ਡੱਕਣਾ ਤੇ ਮੁਕੱਦਮਿਆਂ 'ਚ ਉਲਝਾਉਣਾ ਬੰਦ ਕਰਕੇ ਅਜਿਹੇ ਸਾਰੇ ਕਾਰਕੁਨਾਂ ਨੂੰ ਰਿਹਾਅ ਕਰੇ | ਮੌਜੂਦਾ ਵਿੱਤੀ ਵਰੇ ਦੇ ਬਜਟ ਦੀਆਂ ਲੋਕ-ਦੋਖੀ ਤਜਵੀਜ਼ਾਂ ਰੱਦ ਕਰਨ ਅਤੇ ਡੀਜ਼ਲ-ਪੈਟਰੋਲ ਤੇ ਰਸੋਈ ਗੈਸ ਦੀਆਂ ਨਿੱਤ ਵਧਦੀਆਂ ਕੀਮਤਾਂ 'ਤੇ ਰੋਕ ਲਾਉਣ ਦੀ ਵੀ ਮੰਗ ਕੀਤੀ | ਉਨ੍ਹਾਂ ਲੋਕਾਈ ਨੂੰ ਸਰਕਾਰਾਂ ਨਾਲ ਅਸਹਿਮਤੀ ਰੱਖਣ ਅਤੇ ਵਿਚਾਰ ਪ੍ਰਗਟਾਵੇ ਦੀ ਅਜ਼ਾਦੀ ਦੇ ਬੁਨਿਆਦੀ ਅਧਿਕਾਰਾਂ ਨੂੰ ਦੇਸ਼-ਧਰੋਹ ਕਰਾਰ ਦਿੱਤੇ ਜਾਣ ਦੇ ਤਾਨਾਸ਼ਾਹ ਰੁਝਾਨਾਂ ਵਿਰੱੁਧ ਜ਼ੋਰਦਾਰ ਮੁਜਹਮਤ ਉਸਾਰੇ ਜਾਣ ਦਾ ਸੱਦਾ ਦਿੱਤਾ | ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ ਸ਼ੇਰਪੁਰ ਸੱਧਾ, ਤਰਸੇਮ ਸਿੰਘ ਬੰਨੇਮਲ, ਸੁਖਦੇਵ ਸਿੰਘ, ਤਰਲੋਕ ਸਿੰਘ ਭਬਿਆਣਾ, ਮਾਸਟਰ ਚਰਨ ਸਿੰਘ ਹੈਬਤਪੁਰ, ਕੇ ਐੱਲ ਕੌਸ਼ਲ, ਪਿਆਰਾ ਸਿੰਘ ਭੰਡਾਲ, ਗੁਰਪ੍ਰੀਤ ਸਿੰਘ ਚੀਦਾ ਤੇ ਜੈਪਾਲ ਸਿੰਘ ਆਦਿ ਨੇ ਆਪਣੇ ਵਿਚਾਰ ਪ੍ਰਗਟ ਕੀਤੇ |
ਪਟਿਆਲਾ : ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਦੇ ਸੱਦੇ 'ਤੇ ਸੋਮਵਾਰ ਮਿੰਨੀ ਸਕੱਤਰੇਤ ਦੀ ਪਾਰਕਿੰਗ 'ਚ ਕਿਸਾਨੀ ਸੰਘਰਸ਼ ਦੀ ਹਮਾਇਤ 'ਚ ਅਤੇ ਕੇਂਦਰ ਸਰਕਾਰ ਵੱਲੋਂ ਲੋਕਾਂ 'ਤੇ ਜਬਰੀ ਥੋਪੇ ਸਾਰੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਪੱਧਰੀ ਕਾਨਫਰੰਸ ਕੀਤੀ ਗਈ | ਇਸ ਮੌਕੇ ਸੰਬੋਧਨ ਕਰਦਿਆਂ ਸੀ.ਪੀ.ਆਈ ਦੇ ਕੌਮੀ ਕੌਂਸਲ ਦੇ ਮੈਂਬਰ ਨਿਰਮਲ ਸਿੰਘ ਧਾਲੀਵਾਲ ਅਤੇ ਕਾਰਜਕਾਰਨੀ ਮੈਂਬਰ ਕਸ਼ਮੀਰ ਸਿੰਘ ਗਦਾਈਆ, ਆਰ ਐੱਮ ਪੀ ਆਈ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਬਲਵਿੰਦਰ ਸਿੰਘ ਸਮਾਣਾ ਅਤੇ ਸੀ.ਪੀ.ਆਈ (ਐੱਮ ਐੱਲ) ਨਿਊ ਡੈਮੋਕਰੇਸੀ ਦੇ ਆਗੂ ਕਾਮਰੇਡ ਦਰਸ਼ਨ ਸਿੰਘ ਖਟਕੜ ਨੇ ਕਿਹਾ ਕਿ ਮੋਦੀ ਸਰਕਾਰ ਦਾ ਫਾਸ਼ੀਵਾਦੀ ਚਿਹਰਾ ਹਰ ਆਏ ਦਿਨ ਨੰਗਾ ਹੁੰਦਾ ਜਾ ਰਿਹਾ ਹੈ | ਪਿਛਲੇ ਸੱਤ ਸਾਲਾਂ ਵਿੱਚ ਮੋਦੀ ਸਰਕਾਰ ਦੁਆਰਾ ਜੰਮੂ ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ, ਰਾਮ ਮੰਦਰ ਦੀ ਉਸਾਰੀ ਤੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੁਆਰਾ ਆਮ ਲੋਕਾਂ ਉੱਤੇ ਰਾਜਨੀਤਕ, ਸਮਾਜਿਕ ਅਤੇ ਆਰਥਿਕ ਹੱਲਾ ਵਿੱਢਿਆ ਹੋਇਆ ਹੈ | ਸੂਬਿਆਂ ਦੇ ਖੇਤਰ ਵਿੱਚ ਦਖਲਅੰਦਾਜ਼ੀ ਕਰਦੇ ਹੋਏ ਸੱਤਾ ਦੇ ਕੇਂਦਰੀਕਰਨ ਦੀ ਨੀਤੀ ਉੱਪਰ ਚੱਲ ਰਹੀ ਹੈ | ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਲੜ ਰਹੇ ਲੋਕਾਂ ਨੂੰ ਦਬਾਉਣ ਲਈ ਜਿੱਥੇ 12 ਪਰਤੀ ਬੈਰੀਕੇਟਿੰਗ ਦਾ 200 ਸਾਲ ਰਾਜਾਸ਼ਾਹੀ ਵਾਲਾ ਪੁਰਾਣਾ ਤਰੀਕਾ ਅੱਜ ਮੋਦੀ ਸਰਕਾਰ ਦੁਆਰਾ ਅਪਨਾਇਆ ਜਾ ਰਿਹਾ ਹੈ ਅਤੇ ਇੱਥੇ ਆਪਣੀਆਂ ਏਜੰਸੀਆਂ ਰਾਹੀਂ ਹਰ ਢੰਗ-ਤਰੀਕੇ ਨਾਲ ਘੋਲ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ | ਨਾਕਾਮੀਆਂ ਵਿਚ ਬੁਰੀ ਤਰ੍ਹਾਂ ਘਿਰੀ ਇਹ ਸਰਕਾਰ ਮਹਿੰਗਾਈ ਦਾ ਬੋਝ ਝੱਲ ਰਹੇ ਬੇਰੁਜ਼ਗਾਰੀ ਦੀ ਚੱਕੀ ਵਿਚ ਪਿਸ ਰਹੇ ਲੋਕਾਂ ਅਤੇ ਤਿੱਖੇ ਲੋਕ ਘੋਲਾਂ ਨੂੰ ਦਬਾਉਣ ਲਈ ਕਾਲੇ ਕਾਨੂੰਨਾਂ, ਅਨਿਆਂ ਅਤੇ ਜਬਰ ਦਾ ਸਹਾਰਾ ਲੈ ਰਹੀ ਹੈ | ਸਰਕਾਰ ਦੀ ਅਲੋਚਨਾ ਕਰਨ ਵਾਲੀ ਹਰ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ, ਸੱਚ ਲਿਖਦੀ ਹਰ ਕਲਮ ਨੂੰ ਰੋਕਿਆ ਜਾ ਰਿਹਾ ਹੈ | ਸਮਾਜਿਕ ਕਾਰਕੁਨਾਂ ਨੂੰ ਦੇਸ਼ ਧ੍ਰੋਹ ਦੀਆਂ ਸੰਗੀਨ ਧਾਰਾਵਾਂ ਲਾ ਕੇ ਜੇਲ੍ਹਾਂ ਵਿਚ ਸੁੱਟਿਆ ਜਾ ਰਿਹਾ ਹੈ | ਖੁਫੀਆ ਤੰਤਰ ਅਤੇ ਰਾਜ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਆਪਣੇ ਹਿੰਦੂਤਵੀ ਏਜੰਡੇ ਨੂੰ ਲਾਗੂ ਕਰਨ ਲਈ ਸਰਕਾਰ ਮਨੁੱਖੀ ਹੱਕਾਂ ਦਾ ਘਾਣ ਕਰ ਰਹੀ ਹੈ | ਇਹ ਸਰਕਾਰ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨ ਦੀ ਥਾਂ ਮੌਜੂਦਾ ਕਿਸਾਨੀ ਘੋਲ ਨੂੰ ਢਾਹ ਲਾਉਣ ਲਈ ਘਟੀਆ ਹਥਕੰਡਿਆਂ ਉੱਤੇ ਉੱਤਰ ਆਈ ਹੈ | ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਸਿਰ ਝੂਠੇ ਪੁਲਸ ਕੇਸ ਮੜ੍ਹ ਰਹੀ ਹੈ | ਭਾਜਪਾ ਸਰਕਾਰ ਆਪਣੇ ਆਈ ਟੀ ਸੈੱਲ ਰਾਹੀਂ ਕਿਸਾਨ ਆਗੂਆਂ ਵਿਰੁੱਧ ਭੰਡੀ ਪ੍ਰਚਾਰ ਕਰ ਰਹੀ ਹੈ, ਇੱਥੋਂ ਤੱਕ ਕਿ ਔਰਤਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ | ਉਹਨਾਂ ਮੋਦੀ ਸਰਕਾਰ ਦੇ ਇਸ ਬੇਰਹਿਮ ਅਤੇ ਭਾਈਚਾਰਕ ਸਾਂਝ ਤੋੜਨ ਵਾਲੇ ਬੇਕਿਰਕ ਰਵੱਈਏ ਵਿਰੁੱਧ ੳੱੁਠ ਖਲੋਣ ਦਾ ਸੱਦਾ ਦਿੱਤਾ | ਇਸ ਕਾਨਫਰੰਸ ਨੂੰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਗੁਰਮੀਤ ਦਿੱਤੂਪੁਰ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਰਸ਼ਪਿੰਦਰ ਜਿੰਮੀ ਅਤੇ ਆਰ ਐੱਮ ਪੀ ਆਈ ਦੇ ਜ਼ਿਲ੍ਹਾ ਸਕੱਤਰੇਤ ਮੈਂਬਰ ਰਾਮ ਸਿੰਘ ਨੇ ਵੀ ਸੰਬੋਧਨ ਕੀਤਾ |