ਰਾਸ਼ਟਰਪਤੀ ਵੱਲੋਂ ਕੋਲੀ ਤੇ 5 ਹੋਰਨਾਂ ਦੀ ਰਹਿਮ ਦੀ ਅਪੀਲ ਰੱਦ

ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਨਿਠਾਰੀ ਕਤਲ ਅਤੇ ਬਦਫੈਲੀ ਮਾਮਲਿਆਂ ਦੇ ਦੋਸ਼ੀ ਸੁਰਿੰਦਰ ਕੋਲੀ ਸਮੇਤ ਮੌਤ ਦੀ ਸਜ਼ਾ ਪਾਉਣ ਵਾਲੇ ਛੇ ਅਪਰਾਧੀਆਂ ਦੀ ਰਹਿਮ ਦੀ ਅਪੀਲ ਰੱਦ ਕਰ ਦਿੱਤੀ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕੋਲੀ ਤੋਂ ਇਲਾਵਾ ਮਹਾਰਾਸ਼ਟਰ ਦੇ ਰੇਣੂ ਕਾਬਾਈ ਤੇ ਸੀਮਾ, ਮਹਾਰਾਸ਼ਟਰ ਦੇ ਹੀ ਰਜਿੰਦਰ ਪ੍ਰਹਲਾਦ ਰਾਓ ਵਾਸਨਿਕ, ਮੱਧ ਪ੍ਰਦੇਸ਼ ਦੇ ਜਗਦੀਸ਼ ਅਤੇ ਅਸਾਮ ਦੇ ਹੋਲੀ ਰਾਮ ਬੋਰਦੋਲੋਈ ਦੀ ਰਹਿਮ ਦੀਆਂ ਅਪੀਲਾਂ ਨੂੰ ਗ੍ਰਹਿ ਮੰਤਰਾਲੇ ਦੀ ਸਿਫ਼ਾਰਸ਼ ਤੋਂ ਬਾਅਦ ਰਾਸ਼ਟਰਪਤੀ ਨੇ ਰੱਦ ਕਰ ਦਿੱਤਾ।rnਉੱਤਰ ਪ੍ਰਦੇਸ਼ 'ਚ ਨੋਇਡਾ ਦੇ ਨਿਠਾਰੀ ਪਿੰਡ 'ਚ ਬੱਚਿਆਂ ਨਾਲ ਬਲਾਤਕਾਰ ਤੋਂ ਬਾਅਦ ਉਨ੍ਹਾਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ 42 ਸਾਲ ਕੋਲੀ ਨੂੰ ਹੇਠਲੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਇਲਾਹਾਬਾਦ ਹਾਈ ਕੋਰਟ ਨੇ ਸਹੀ ਠਹਿਰਾਇਆ ਸੀ ਅਤੇ ਬਾਅਦ 'ਚ ਸੁਪਰੀਮ ਕੋਰਟ ਨੇ ਫ਼ਰਵਰੀ 2011 'ਚ ਇਸ ਦੀ ਪੁਸ਼ਟੀ ਕੀਤੀ ਸੀ। ਪੂਰੇ ਦੇਸ਼ ਨੂੰ ਹਿਲਾ ਕਿ ਰੱਖ ਦੇਣ ਵਾਲੇ ਇਸ ਮਾਮਲੇ 'ਚ ਕੋਲੀ ਨੂੰ ਸਾਲ 2005 ਤੋਂ 2006 ਦਰਮਿਆਨ ਨਿਠਾਰੀ 'ਚ ਆਪਣੇ ਮਾਲਕ ਤੇ ਕਾਰੋਬਾਰੀ ਮਨਿੰਦਰ ਸਿੰਘ ਪੰਧੇਰ ਦੀ ਰਿਹਾਇਸ਼ 'ਤੇ ਬੱਚਿਆਂ ਨਾਲ ਇੱਕ ਤੋਂ ਬਾਅਦ ਇੱਕ ਨਾਲ ਬਦਫੈਲੀ ਕਰਨ ਅਤੇ ਉਨ੍ਹਾਂ ਨੂੰ ਬੇਰਹਿਮੀ ਨਾਲ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ ਸੀ। ਕਈ ਲਾਪਤਾ ਬੱਚਿਆਂ ਦੇ ਅੰਗ ਇਸ ਮਕਾਨ ਦੇ ਕੋਲੋਂ ਬਰਾਮਦ ਹੋਏ ਸਨ। ਕੋਲੀ ਖ਼ਿਲਾਫ਼ 16 ਮਾਮਲੇ ਦਾਖਲ ਕੀਤੇ ਗਏ ਸਨ, ਜਿਨ੍ਹਾਂ 'ਚੋਂ ਉਸ ਨੂੰ ਅਜੇ ਤੱਕ 4 ਮਾਮਲਿਆਂ 'ਚ ਸਜ਼ਾ ਦਿੱਤੀ ਗਈ ਹੈ ਅਤੇ ਬਾਕੀ ਮਾਮਲੇ ਅਜੇ ਵਿਚਾਰ-ਅਧੀਨ ਹਨ।rnਮਹਾਰਾਸ਼ਟਰ ਦੀਆਂ ਰਹਿਣ ਵਾਲੀਆਂ ਦੋ ਭੈਣਾਂ ਰੇਣੂਕਾ ਬਾਈ ਅਤੇ ਸੀਮਾ ਨੇ ਆਪਣੀ ਮਾਂ ਅਤੇ ਇੱਕ ਹੋਰ ਸਹਿਯੋਗੀ ਕਿਰਨ ਸ਼ਿੰਦੇ ਨਾਲ ਮਿਲ ਕੇ ਸਾਲ 1990 ਤੋਂ 1996 ਦੌਰਾਨ 13 ਬੱਚਿਆਂ ਨੂੰ ਅਗਵਾ ਕੀਤਾ, ਜਿਨ੍ਹਾਂ 'ਚੋਂ 9 ਨੂੰ ਉਨ੍ਹਾਂ ਕਤਲ ਕਰ ਦਿੱਤਾ, ਭਾਵੇਂ ਕਿ ਇਸਤਗਾਮਾ ਪੱਖ ਸਿਰਫ਼ ਪੰਜ ਹੀ ਕਤਲਾਂ ਨੂੰ ਸਾਬਤ ਕਰ ਸਕਿਆ। ਦੋਵਾਂ ਭੈਣਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਸਾਲ 1997 'ਚ ਇਨ੍ਹਾਂ ਦੀ ਮਾਂ ਦੀ ਮੌਤ ਹੋਣ ਕਾਰਨ ਉਸ ਦੇ ਖ਼ਿਲਾਫ਼ ਮਾਮਲਾ ਖ਼ਤਮ ਕਰ ਦਿੱਤਾ ਗਿਆ, ਜਦੋਂ ਕਿ ਸ਼ਿੰਦੇ ਸਰਕਾਰੀ ਗਵਾਹ ਬਣ ਗਿਆ। ਦੋਵੇਂ ਭੈਣਾਂ ਆਪਣੇ ਇਲਾਕੇ 'ਚ ਗ਼ਰੀਬ ਲੋਕਾਂ ਦੇ ਬੱਚਿਆਂ ਨੂੰ ਅਗਵਾ ਕਰਦੀਆਂ ਅਤੇ ਉਸ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ ਚੋਰੀ ਅਤੇ ਲੁੱਟ-ਖੋਹ ਵਰਗੇ ਕੰਮਾਂ ਲਈ ਮਜਬੂਰ ਕਰਦੀਆਂ ਸਨ, ਪ੍ਰੰਤੂ ਜਦੋਂ ਬੱਚੇ ਵੱਡੇ ਹੋ ਜਾਂਦੇ ਅਤੇ ਗੱਲ ਨੂੰ ਸਮਝਣ ਲੱਗ ਪੈਂਦੇ ਤਾਂ ਇਹ ਉਨ੍ਹਾਂ ਦਾ ਕਤਲ ਕਰ ਦਿੰਦਿਆਂ ਸਨ। ਕੁਝ ਬੱਚੇ ਸਿਰ ਕੁਚਲੇ ਹੋਏ, ਗਲ ਘੁੱਟ ਕੇ ਮਾਰੇ ਗਏ, ਲੋਹੇ ਦੇ ਸਰੀਏ ਨਾਲ ਦਾਗੇ ਹੋਏ ਅਤੇ ਰੇਲ ਲਾਈਨਾਂ 'ਤੇ ਸੁੱਟੇ ਹੋਏ ਮਿਲੇ। ਸੁਪਰੀਮ ਕੋਰਟ ਨੇ 31 ਅਗਸਤ 2006 ਨੂੰ ਦੋਵਾਂ ਭੈਣਾਂ ਦੀ ਮੌਤ ਦੀ ਸਜ਼ਾ ਦੀ ਪੁਸ਼ਟੀ ਕੀਤੀ ਸੀ।