ਸਹਾਰਨਪੁਰ 'ਚ ਫਿਰਕੂ ਹਿੰਸਾ, 3 ਮੌਤਾਂ

ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਥਾਣਾ ਕੁਤੁਬਸ਼ੇਰ ਇਲਾਕੇ 'ਚ ਦੋ ਘੱਟ ਗਿਣਤੀ ਫ਼ਿਰਕਿਆਂ 'ਚ ਜ਼ਮੀਨ ਨੂੰ ਲੈ ਕੇ ਹੋਈ ਲੜਾਈ 'ਚ ਤਿੰਨ ਵਿਅਕਤੀਆਂ ਦੀ ਮੌਤ ਅਤੇ ਦੋ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਸਹਾਰਨਪੁਰ ਸ਼ਹਿਰ ਦੇ ਕਈ ਹਿੱਸਿਆਂ 'ਚ ਕਰਫਿਊ ਲਗਾ ਦਿੱਤਾ ਗਿਆ। ਇਸ ਝਗੜੇ ਤੋਂ ਬਾਅਦ ਦੰਗਾਕਾਰੀਆਂ ਨੇ 100 ਤੋਂ ਵੱਧ ਦੁਕਾਨਾਂ ਨੂੰ ਅੱਗ ਲਾ ਦਿੱਤੀ। ਭੀੜ ਨੇ ਪਥਰਾਓ ਅਤੇ ਫਾਇਰਿੰਗ ਵੀ ਕੀਤੀ। ਫਾਇਰ ਬ੍ਰਿਗੇਡ ਦੇ ਦਫ਼ਤਰ ਨੂੰ ਫੂਕ ਦਿੱਤਾ ਗਿਆ। ਇਸੇ ਦੌਰਾਨ ਦੰਗਾਕਾਰੀਆਂ ਨੂੰ ਵੇਖਦਿਆਂ ਹੀ ਗੋਲੀ ਮਾਰਨ ਦੇ ਹੁਕਮ ਦੇ ਦਿੱਤੇ ਗਏ ਹਨ। ਸਕੂਲਾਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।rnਘਟਨਾ ਦੀ ਜਾਣਕਾਰੀ ਮਿਲਦੇ ਹੀ ਕਮਿਸ਼ਨਰ, ਡੀ ਆਈ ਜੀ ਸਮੇਤ ਕਈ ਵੱਡੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਘਟਨਾ ਤੋਂ ਬਾਅਦ ਪੂਰੇ ਸ਼ਹਿਰ 'ਚ ਤਣਾਓ ਹੈ। ਥਾਣਾ ਕੁਤੁਬ ਸ਼ਹਿਰ, ਮੰਡੀ ਅਤੇ ਨਗਰ ਕੋਤਵਾਲੀ 'ਚ ਕਰਫਿਊ ਲਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪੂਰੀ ਅੰਬਾਲਾ ਰੋਡ 'ਤੇ ਅੱਗਾਂ ਲਾ ਦੇਣ 'ਤੇ ਘਰ ਅਤੇ ਦੁਕਾਨਾਂ ਸੜ ਰਹੀਆਂ ਹਨ। ਕਰੀਬ ਸੌ ਤੋਂ ਵੱਧ ਦੁਕਾਨਾਂ 'ਚ ਅੱਗ ਲਾ ਦਿੱਤੀ ਗਈ। ਦੰਗਾਕਾਰੀਆਂ ਦੀ ਫਾਇਰਿੰਗ 'ਚ ਕਈ ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਇਨ੍ਹਾਂ 'ਚੋਂ ਪੰਜ ਦੀ ਹਾਲਤ ਗੰਭੀਰ ਹੈ। ਇੱਕ ਜਵਾਨ ਨੂੰ ਗੰਭੀਰ ਹਾਲਤ 'ਚ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।rnਵਿਗੜਦੇ ਹਾਲਾਤ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਸਰਸਵਾ ਏਅਰ ਬੇਸ ਤੋਂ ਹਵਾਈ ਫੌਜ ਦੀ ਟੁਕੜੀ ਬੁਲਾ ਲਈ ਹੈ। ਹਵਾਈ ਫ਼ੌਜ ਦੇ ਜਵਾਨ ਫਾਇਰ ਬ੍ਰਿਗੇਡ ਸਮੇਤ ਪਹੁੰਚ ਗਏ ਹਨ। ਘਟਨਾ 'ਚ ਮਾਰੇ ਗਏ ਲੋਕਾਂ ਦੀ ਸੰਖਿਆ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਅਫ਼ਵਾਹਾਂ ਹਨ। ਅਸਪੱਸ਼ਟ ਸੂਤਰਾਂ ਅਨੁਸਾਰ ਹੁਣ ਤੱਕ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 50 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਹਨ।rnਇਸੇ ਦੌਰਾਨ ਹਾਲਾਤ ਬੇਕਾਬੂ ਹੁੰਦਿਆਂ ਵੇਖ ਫ਼ੌਜ ਨੂੰ ਬੁਲਾ ਲਿਆ ਗਿਆ ਹੈ। ਰੁਕੜੀ ਛਾਉਣੀ ਤੋਂ ਫ਼ੌਜ ਦੀਆਂ ਟੁੱਕੜੀਆਂ ਰਵਾਨਾ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਭੀੜ ਨੇ ਇੱਕ ਪੈਟਰੋਲ ਪੰਪ ਅਤੇ ਬੱਸ ਸਟੈਂਡ 'ਤੇ ਖਲੋਤੀਆਂ ਤਿੰਨ ਪ੍ਰਾਈਵੇਟ ਬੱਸਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ। ਜਦੋਂ ਫਾਇਰ ਬ੍ਰਿਗੇਡ ਅਤੇ ਪੁਲਸ ਮੌਕੇ 'ਤੇ ਪੁੱਜੀ ਤਾਂ ਉਨ੍ਹਾਂ 'ਤੇ ਵੀ ਪਥਰਾਓ ਕੀਤਾ ਗਿਆ। ਇਸ 'ਚ ਸਿਟੀ ਮੈਜਿਸਟਰੇਟ ਸਮੇਤ ਪੰਜ ਪੁਲਸ ਵਾਲੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਡੀ ਆਈ ਜੀ ਸਹਾਰਨਪੁਰ ਐਨ ਰਵਿੰਦਰਾ ਨੇ ਦੱਸਿਆ ਕਿ ਇੱਕ ਗੁਰਦੁਆਰੇ ਅਤੇ ਮਸਜਿਦ ਜੋ ਨੇੜੇ-ਨੇੜੇ ਹਨ, ਦੋਹਾਂ ਧਾਰਮਿਕ ਸਥਾਨਾਂ ਵਿਚਕਾਰ ਇੱਕ ਖਾਲੀ ਥਾਂ ਨੂੰ ਲੈ ਕੇ ਦੋਹਾਂ ਫਿਰਕਿਆਂ 'ਚ ਲੰਮੇ ਸਮੇਂ ਤੋਂ ਝਗੜਾ ਚੱਲਿਆ ਆ ਰਿਹਾ ਸੀ। ਇਸ ਸੰਬੰਧ 'ਚ ਇੱਕ ਸਥਾਨਕ ਅਦਾਲਤ 'ਚ ਵੀ ਪਟੀਸ਼ਨ ਦਾਇਰ ਕੀਤੀ ਗਈ ਸੀ। ਸ਼ਨੀਵਾਰ ਤੜਕੇ ਇੱਕ ਫ਼ਿਰਕੇ ਨੇ ਖਾਲੀ ਜ਼ਮੀਨ ਦੀ ਚਾਰਦੀਵਾਰੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੂਜੇ ਫ਼ਿਰਕੇ ਨੇ ਇਸ ਦਾ ਵਿਰੋਧ ਕੀਤਾ। ਦੋਹਾਂ ਫ਼ਿਰਕਿਆਂ 'ਚ ਬੋਲ-ਬੁਲਾਰੇ ਤੋਂ ਬਾਅਦ ਪਥਰਾਓ ਸ਼ੁਰੂ ਹੋ ਗਿਆ ਤੋਂ ਬਾਅਦ 'ਚ ਹਿੰਸਾ ਭੜਕ ਉੱਠੀ।