Latest News
ਰਣਜੀਤ ਸਿੰਘ ਕਤਲ ਕਾਂਡ 'ਚ ਡੇਰਾ ਮੁਖੀ ਸਮੇਤ ਸਾਰੇ ਦੋਸ਼ੀਆਂ ਨੂੰ ਉਮਰ ਕੈਦ

Published on 18 Oct, 2021 10:48 AM.


ਸਿਰਸਾ (ਸੁਰਿੰਦਰ ਪਾਲ ਸਿੰਘ)
10 ਜੁਲਾਈ 2002 ਨੂੰ ਡੇਰਾ ਸਿਰਸਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਰਣਜੀਤ ਸਿੰਘ ਦੇ ਕਤਲ ਦੇ ਸਬੰਧ 'ਚ ਸੀ ਬੀ ਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਸਮੇਤ ਸਾਰੇ ਦੋਸ਼ੀਆਂ ਨੂੰ ਉਮਰ ਕੈਦ ਦਾ ਫੈਸਲਾ ਸੁਣਾਇਆ ਹੈ | ਮਰਹੂਮ ਦੇ ਪੱੁਤਰ ਜਗਸੀਰ ਸਿੰਘ ਅਤੇ ਪਰਵਾਰਕ ਨਜ਼ਦੀਕੀਆਂ ਨੇ ਕਿਹਾ ਹੈ ਕਿ ਇਸ ਫੈਸਲੇ ਨਾਲ ਲੋਕਾਂ ਦਾ ਨਿਆਂ ਪਾਲਿਕਾ ਅਤੇ ਸੀ ਬੀ ਆਈ 'ਤੇ ਵਿਸ਼ਵਾਸ਼ ਵਧਿਆ ਹੈ | ਦੂਜੇੇ ਪਾਸੇ ਇਸ ਫੈਸਲੇ ਕਾਰਨ ਡੇਰਾ ਮਾਰਕੀਟ ਪੂਰੀ ਤਰ੍ਹਾਂ ਬੰਦ ਸੀ, ਡੇਰਾ ਪ੍ਰੇਮੀ ਖਾਮੋਸ਼ ਸਨ ਅਤੇ ਉਨ੍ਹਾਂ ਦੇ ਚਿਹਰਿਆਂ 'ਤੇ ਡਾਢੀ ਮਾਯੂਸੀ ਛਾਈ ਹੋਈ ਸੀ | ਰਣਜੀਤ ਸਿੰਘ ਦੇ ਸਪੁੱਤਰ ਜਗਸੀਰ ਸਿੰਘ ਦਾ ਕਹਿਣਾ ਹੈ ਕਿ 19 ਸਾਲ ਪੀੜਤ ਪਰਵਾਰ ਲਈ ਬਹੁਤ ਦੁੱਖਦਾਈ ਰਹੇ ਕਿਉਂਕਿ ਉਨ੍ਹਾਂ ਦੇ ਪਰਵਾਰ ਅਤੇ ਗਵਾਹਾਂ ਨੂੰ ਡੇਰਾ ਮੁਖੀ ਵੱਲੋਂ ਬੁਰੀ ਤਰ੍ਹਾਂ ਪ੍ਰਭਾਵਿਤ ਕਰਨ ਦੀ ਕੋਸ਼ਿਸ ਕੀਤੀ ਜਾਂਦੀ ਰਹੀ | ਜਗਸੀਰ ਦਾ ਕਹਿਣਾ ਹੈ ਕਿ ਉਹ ਹਾਲੇ ਅਣਭੋਲ ਉਮਰ ਵਿੱਚ ਹੀ ਸੀ ਜਦੋਂ ਹਤਿਆਰਿਆਂ ਨੇ ਉਸ ਦੇ ਨਿਰਦੋਸ਼ ਪਿਤਾ ਨੂੰ ਸ਼ਰੇਆਮ ਡੇਰਾ ਮੁਖੀ ਦੀ ਸ਼ਹਿ 'ਤੇ ਗੋਲੀਆਂ ਨਾਲ ਭੁੰਨ ਦਿੱਤਾ ਸੀ | ਹੁਣ ਵਿਸ਼ੇਸ਼ ਸੀ ਬੀ ਆਈ ਅਦਾਲਤ ਨੇ ਇਸ ਹੱਤਿਆ ਕਾਂਡ ਦੇ ਮਾਮਲੇ ਵਿੱਚ ਮੁੱਖ ਮੁਜ਼ਰਮ ਗੁਰਮੀਤ ਸਿੰਘ, ਮਿ੍ਤਕ ਕਿ੍ਸ਼ਨ ਲਾਲ, ਅਵਤਾਰ ਸਿੰਘ ਲੱਕੜਵਾਲੀ, ਜਸਵੀਰ ਸਿੰਘ ਅਤੇ ਪੁਲਸ ਦੇ ਹੌਲਦਾਰ ਸਬਦਿਲ ਸਿੰਘ ਸਮੇਤ ਸਾਰੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ | ਬੇਸ਼ੱਕ ਡੇਰਾ ਪ੍ਰਬੰਧਕ ਪਹਿਲਾਂ ਹੀ ਕਹਿ ਚੱੁਕੇ ਹਨ ਕਿ ਉਹ ਸੀ ਬੀ ਆਈ ਕੋਰਟ ਦੇ ਫੈਸਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਦੇਣਗੇ |
ਸੀ ਬੀ ਆਈ ਦੇ ਵਿਸ਼ੇਸ਼ ਜੱਜ ਡਾ. ਸੁਸ਼ੀਲ ਕੁਮਾਰ ਗਰਗ ਨੇ ਗੁਰਮੀਤ ਰਾਹ ਰਹੀਮ ਨੂੰ 31 ਲੱਖ ਰੁਪਏ ਅਤੇ ਬਾਕੀ ਦੋਸ਼ੀਆਂ ਨੂੰ 50-50 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਹੈ | ਰਣਜੀਤ ਸਿੰਘ ਨੂੰ 10 ਜੁਲਾਈ 2002 ਨੂੰ ਉਸ ਦੇ ਜੱਦੀ ਪਿੰਡ ਖਾਨਪੁਰ ਕੌਲੀਆਂ, ਜ਼ਿਲ੍ਹਾ ਕੁਰੂਕਸ਼ੇਤਰ ਵਿਚ ਗੋਲੀ ਮਾਰ ਦਿੱਤੀ ਗਈ ਸੀ | ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਸਾਹਮਣੇ ਪੇਸ਼ ਹੋਇਆ, ਜਦਕਿ ਅਵਤਾਰ, ਸਬਦਿਲ ਅਤੇ ਜਸਬੀਰ ਅਦਾਲਤ ਵਿਚ ਮੌਜੂਦ ਸਨ | ਕਿਸੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਪੰਚਕੂਲਾ ਵਿਚ ਧਾਰਾ 144 ਲਗਾਈ ਹੋਈ ਸੀ | ਪੁਲਸ ਨੇ ਪੂਰੇ ਸ਼ਹਿਰ ਵਿੱਚ 17 ਨਾਕੇ ਲਗਾਏ ਹੋਏ ਸਨ |

296 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper