Latest News
ਮਨਪ੍ਰੀਤ ਬਾਦਲ ਦੇ ਦਾਅਵੇ ਨਾਲ ਪੰਜਾਬ ਕਾਂਗਰਸ ਲੀਡਰਸ਼ਿਪ ਸੁੰਨ
ਮਨਪ੍ਰੀਤ ਬਾਦਲ ਦੇ ਇਸ ਇੰਕਸਾਫ਼ ਕਿ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਜ਼ਿਮਨੀ ਚੋਣ ਲਈ ਸ੍ਰੀ ਹਰਮੰਦਰ ਸਿੰਘ ਜੱਸੀ ਨੂੰ ਉਮੀਦਵਾਰ ਬਣਾਉਣ ਤੋਂ ਪਹਿਲਾਂ ਕਾਂਗਰਸ ਹਾਈਕਮਾਂਡ ਨੇ ਉਹਨਾਂ ਤੋਂ ਸਹਿਮਤੀ ਹਾਸਲ ਕੀਤੀ ਸੀ, ਨੇ ਜਿੱਥੇ ਇਹ ਸਪੱਸ਼ਟ ਕਰ ਦਿੱਤੈ ਕਿ ਕਾਂਗਰਸ ਹਾਈਕਮਾਂਡ ਦੀਆਂ ਨਜ਼ਰਾਂ ਵਿੱਚ ਇਸ ਪਾਰਟੀ ਦੀ ਸੂਬਾਈ ਲੀਡਰਸ਼ਿਪ ਦੇ ਮੁਕਾਬਲਤਨ ਪੀਪਲਜ਼ ਪਾਰਟੀ ਆਫ ਪੰਜਾਬ ਦਾ ਕੱਦ-ਕਾਠ ਕਿਤੇ ਉੱਚਾ ਹੈ, ਉੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਪ੍ਰਤਾਪ ਸਿੰਘ ਬਾਜਵਾ ਨੇ ਇਸ ਦਾਅਵੇ ਨੂੰ ਪਾਰਟੀ ਵਿੱਚ ਫੁੱਟ ਪਾਉਣ ਦਾ ਯਤਨ ਕਰਾਰ ਦਿੱਤਾ ਹੈ।\r\nਚੰਡੀਗੜ੍ਹ ਤੋਂ ਪ੍ਰਕਾਸ਼ਿਤ ਹੋਣ ਵਾਲੇ ਇੱਕ ਅੰਗਰੇਜ਼ੀ ਅਖ਼ਬਾਰ ਦੀ ਇਕ ਖ਼ਬਰ ਅਨੁਸਾਰ ਹਰਮੰਦਰ ਜੱਸੀ ਨੂੰ ਤਲਵੰਡੀ ਸਾਬੋ ਤੋਂ ਕਾਂਗਰਸ ਦੀ ਟਿਕਟ ਦਿਵਾਉਣ ਵਾਸਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਮੁਖੀ ਸ੍ਰੀ ਮਨਪ੍ਰੀਤ ਬਾਦਲ ਦੀ ਭੂਮਿਕਾ ਸਭ ਤੋਂ ਅਹਿਮ ਹੈ। ਮਨਪ੍ਰੀਤ ਦੇ ਹਵਾਲੇ ਨਾਲ ਇਸ ਖ਼ਬਰ ਰਾਹੀਂ ਇਹ ਦਾਅਵਾ ਕੀਤਾ ਗਿਆ ਹੈ ਕਿ ਉਹਨਾਂ ਨਾ ਸਿਰਫ ਦਿੱਲੀ ਵਿਖੇ ਜਾ ਕੇ ਜੱਸੀ ਲਈ ਲਾਬਿੰਗ ਕੀਤੀ, ਬਲਕਿ ਉਸਦੇ ਨਾਂਅ ਦਾ ਐਲਾਨ ਕਰਨ ਤੋਂ ਪਹਿਲਾਂ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਸਕੀਲ ਅਹਿਮਦ ਨੇ ਹੀ ਉਸ ਦੀ ਸਹਿਮਤੀ ਨਹੀਂ ਸੀ ਲਈ, ਸਗੋਂ ਰਾਹੁਲ ਗਾਂਧੀ ਦੇ ਦਫਤਰ ਵੱਲੋਂ ਆਈ ਅਧਿਕਾਰਤ ਈ-ਮੇਲ ਰਾਹੀਂ ਇਹ ਪੁੱਛਿਆ ਗਿਆ ਸੀ, \'ਇਜ ਇਟ ਓ ਕੇ\'। ਇਸ ਖ਼ਬਰ ਨੂੰ ਪੜ੍ਹਦਿਆਂ ਹੀ ਕਾਂਗਰਸ ਪਾਰਟੀ ਵਿੱਚ ਤਰਥੱਲੀ ਜਿਹੀ ਮੱਚ ਗਈ, ਕਿਉਂਕਿ ਇਸ ਪਾਰਟੀ ਦੀ ਵਰਕਿੰਗ ਕਮੇਟੀ ਦੇ ਰਹਿ ਚੁੱਕੇ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਕੱਦਾਵਰ ਆਗੂ ਸ੍ਰੀ ਜਗਮੀਤ ਸਿੰਘ ਬਰਾੜ ਪਹਿਲਾਂ ਹੀ ਇਹ ਦੋਸ਼ ਲਾ ਚੁੱਕੇ ਹਨ ਕਿ ਹਾਈਕਮਾਂਡ ਇੱਕ ਅਜਿਹੀ ਚੰਡਾਲ ਚੌਕੜੀ ਵਿੱਚ ਘਿਰੀ ਹੋਈ ਹੈ, ਜਿਸ ਨੇ ਸੂਬਿਆਂ ਦੇ ਸਿਰਕੱਢ ਆਗੂਆਂ ਨੂੰ ਨੇਸ ਤੋਂ ਨਾਬੂਦ ਕਰਨ ਦੇ ਯਤਨ ਤੋਂ ਇਲਾਵਾ ਕਾਂਗਰਸੀ ਕਾਰਕੁਨਾਂ ਦੀ ਸਥਿਤੀ ਗਲੀਆਂ ਦੇ ਅਵਾਰਾ ਕੁੱਤਿਆਂ ਤੋਂ ਵੀ ਬਦਤਰ ਬਣਾ ਦਿੱਤੀ ਹੈ।\r\nਇੱਥੇ ਇਹ ਜ਼ਿਕਰ ਕਰਨਾ ਵੀ ਕੁਥਾਂ ਨਹੀਂ ਹੋਵੇਗਾ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਯੂਥ ਕਾਂਗਰਸ ਦੀਆਂ ਚੋਣਾਂ ਕਰਵਾ ਕੇ ਪਾਰਟੀ ਕਾਰਕੁਨਾਂ ਨੂੰ ਦੋ ਹਿੱਸਿਆਂ ਵਿੱਚ ਵੰਡਣ ਦਾ ਦੋਸ਼ ਲਾ ਕੇ ਸੂਬਾਈ ਲੀਡਰਸ਼ਿਪ ਦੇ ਕਈ ਆਗੂ ਪਹਿਲਾਂ ਹੀ ਇਹ ਵਿਚਾਰ ਪ੍ਰਗਟ ਕਰ ਚੁੱਕੇ ਹਨ ਕਿ ਸਥਾਪਤੀ ਵਿਰੋਧੀ ਹਵਾ ਦੇ ਚੱਲਦਿਆਂ ਕਾਂਗਰਸ ਦੀ ਹਾਰ ਲਈ ਰਾਹੁਲ ਗਾਂਧੀ ਦੇ ਹੀ ਸਿਪਾਹਸਲਾਰ ਜ਼ਿੰਮੇਵਾਰ ਹਨ। ਇਸ ਹਾਰ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰਕੇ ਭਾਵੇਂ ਹਾਈਕਮਾਂਡ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਪੰਜਾਬ ਕਾਂਗਰਸ ਦੀ ਕਪਤਾਨੀ ਸੌਂਪ ਦਿੱਤੀ ਸੀ, ਲੇਕਿਨ ਮਨਪ੍ਰੀਤ ਬਾਦਲ ਦੇ ਦਾਅਵੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਦੀ ਬੁੱਕਤ ਕਾਗਜ਼ੀ ਪ੍ਰਧਾਨ ਤੋਂ ਵੱਧ ਕੁਝ ਵੀ ਨਹੀਂ।\r\nਸੰਪਰਕ ਕਰਨ \'ਤੇ ਸਾਬਕਾ ਮੈਂਬਰ ਪਾਰਲੀਮੈਂਟ ਸ੍ਰ: ਜਗਮੀਤ ਸਿੰਘ ਬਰਾੜ ਨੇ ਪੰਜਾਬ ਵਿੱਚ ਕਾਂਗਰਸ ਦੀ ਬੁਰੀ ਹਾਲਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਕ ਮਜ਼ਬੂਤ ਜਥੇਬੰਦੀ ਨਾ ਹੋ ਕੇ ਇਹ ਪਾਰਟੀ ਵੱਖ-ਵੱਖ ਆਗੂਆਂ ਦੇ ਦੁਆਲੇ ਕੇਂਦਰਤ ਹੋ ਚੁੱਕੀ ਹੈ। ਪ੍ਰਦੇਸ਼ ਦੀ ਜਥੇਬੰਦਕ ਹਾਲਤ \'ਤੇ ਡਾਢੀ ਨਿਰਾਸ਼ਾ ਪ੍ਰਗਟ ਕਰਦਿਆਂ ਉਹਨਾਂ ਦੱਸਿਆ ਕਿ ਕਾਂਗਰਸ ਪਾਰਟੀ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ, ਜਦ ਸੂਬਾਈ ਲੀਡਰਸ਼ਿਪ ਦੀ ਬਜਾਏ ਜ਼ਿਮਨੀ ਚੋਣਾਂ ਲਈ ਮੁਹਿੰਮ ਜਥੇਬੰਦ ਕਰਨ ਵਾਸਤੇ ਦਿੱਲੀ ਵਿਚਲੇ ਹੈੱਡਕੁਆਰਟਰ ਤੋਂ ਆਗੂਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਅਜਿਹੀ ਪ੍ਰਸਥਿਤੀ ਵਿੱਚ ਸੂਬਾਈ ਲੀਡਰਸ਼ਿਪ ਦਾ ਮੁਕਾਮ ਕੀ ਹੈ, ਇਹ ਦੱਸਣ, ਪੁੱਛਣ ਜਾਂ ਸਮਝਣ ਦਾ ਵਿਸ਼ਾ ਹੀ ਨਹੀਂ ਰਿਹਾ।\r\nਮਨਪ੍ਰੀਤ ਬਾਦਲ ਦੇ ਦਾਅਵੇ ਦੇ ਸੰਦਰਭ ਵਿੱਚ ਚੋਣ ਮੁਹਿੰਮ ਦੌਰਾਨ ਪਿੰਡ ਸ਼ੇਖੂ ਦੇ ਇੱਕ ਜਲਸੇ ਉਪਰੰਤ ਜਦ ਕਾਂਗਰਸ ਦੇ ਸੂਬਾ ਪ੍ਰਧਾਨ ਸ੍ਰੀ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛਿਆ ਤਾਂ ਪੀਪਲਜ਼ ਪਾਰਟੀ ਦੇ ਪ੍ਰਧਾਨ ਦੀ ਕਥਨੀ ਨੂੰ ਮੁੱਢੋਂ ਹੀ ਨਕਾਰਦਿਆਂ ਉਹਨਾਂ ਕਿਹਾ ਕਿ ਅਸਲ ਵਿੱਚ ਕਿਸੇ ਵਿਅਕਤੀ ਵੱਲੋਂ ਇਹ ਕਾਂਗਰਸ ਪਾਰਟੀ ਦੀਆਂ ਸਫ਼ਾਂ ਵਿੱਚ ਵੰਡੀਆਂ ਪਾਉਣ ਦਾ ਇੱਕ ਯਤਨ ਹੈ।\r\nਸ੍ਰੀ ਬਾਜਵਾ ਨੇ ਹਿੱਕ ਦੇ ਜ਼ੋਰ ਨਾਲ ਦਾਅਵਾ ਕੀਤਾ ਕਿ ਸ੍ਰੀ ਜੱਸੀ ਨੂੰ ਉਮੀਦਵਾਰ ਬਣਾਉਣ ਦਾ ਫੈਸਲਾ ਸਿਰਫ ਤੇ ਸਿਰਫ ਪ੍ਰਦੇਸ਼ ਕਾਂਗਰਸ ਵੱਲੋਂ ਕੀਤੀ ਸਿਫਾਰਸ਼ ਅਨੁਸਾਰ ਹੀ ਲਿਆ ਗਿਆ ਹੈ।

1012 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper