Latest News
ਕਸ਼ਮੀਰੀ ਵਿਦਿਆਰਥੀਆਂ 'ਤੇ ਹਮਲੇ

Published on 25 Oct, 2021 11:35 AM.


ਇਕ ਪਾਸੇ ਐਤਵਾਰ ਦਿਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਵਿਚ 2022 ਦੇ ਅਖੀਰ ਤੱਕ 51000 ਕਰੋੜ ਦਾ ਪੂੰਜੀ ਨਿਵੇਸ਼ ਕਰਕੇ ਪੰਜ ਲੱਖ ਨੌਕਰੀਆਂ ਦੇਣ ਦੇ ਵਾਅਦੇ ਨਾਲ ਕਸ਼ਮੀਰੀ ਨੌਜਵਾਨਾਂ ਨੂੰ ਮੋਦੀ ਸਰਕਾਰ ਦੇ ਵਿਕਾਸ ਦਾ ਹਿੱਸਾ ਬਣਨ ਦਾ ਸੱਦਾ ਦੇ ਰਹੇ ਸਨ, ਰਾਤ ਨੂੰ ਪੰਜਾਬ ਦੇ ਦੋ ਵਿਦਿਅਕ ਅਦਾਰਿਆਂ ਵਿਚ ਹਰਿਆਣਾ, ਯੂ ਪੀ ਤੇ ਬਿਹਾਰ ਦੇ ਵਿਦਿਆਰਥੀਆਂ ਨੇ ਇਸ ਕਰਕੇ ਕਸ਼ਮੀਰੀ ਵਿਦਿਆਰਥੀ ਕੁੱਟ ਦਿੱਤੇ ਕਿ ਪਾਕਿਸਤਾਨ ਨੇ ਕ੍ਰਿਕਟ ਮੈਚ ਵਿਚ ਭਾਰਤ ਨੂੰ ਹਰਾ ਦਿੱਤਾ | ਇਹ ਸ਼ਰਮਨਾਕ ਘਟਨਾਵਾਂ ਸੰਗਰੂਰ ਜ਼ਿਲ੍ਹੇ ਵਿਚ ਭਾਈ ਗੁਰਦਾਸ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਤੇ ਖਰੜ ਵਿਚ ਰਿਆਤ-ਬਾਹਰਾ ਯੂਨੀਵਰਸਿਟੀ ਵਿਚ ਵਾਪਰੀਆਂ | ਜੇ ਐਂਡ ਕੇ ਸਟੂਡੈਂਟਸ ਐਸੋਸੀਏਸ਼ਨ ਦੇ ਕੌਮੀ ਬੁਲਾਰੇ ਨਾਸਿਰ ਖੁਏਹਾਮੀ ਮੁਤਾਬਕ ਦੋਹਾਂ ਅਦਾਰਿਆਂ ਦੇ ਕਸ਼ਮੀਰੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਹੋਸਟਲਾਂ ਵਿਚ ਵੜ ਕੇ ਕੁੱਟਿਆ ਗਿਆ ਤੇ ਉੱਧੜਧੁੰਮੀ ਮਚਾਈ ਗਈ | ਸਥਾਨਕ ਤੇ ਹੋਰਨਾਂ ਰਾਜਾਂ ਦੇ ਪੰਜਾਬੀ ਨੌਜਵਾਨਾਂ ਨੇ ਉਨ੍ਹਾਂ ਨੂੰ ਬਚਾਇਆ | ਵਾਇਰਲ ਹੋਈ ਇਕ ਵੀਡੀਓ ਵਿਚ ਸੰਗਰੂਰ ਕਾਲਜ ਦੇ ਇਕ ਵਿਦਿਆਰਥੀ ਨੇ ਦੋਸ਼ ਲਾਇਆ ਕਿ ਸਕਿਉਰਟੀ ਗਾਰਡ ਨੇ ਯੂ ਪੀ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਕਮਰਿਆਂ ਵਿਚ ਵੜਨ ਦਿੱਤਾ | ਖੁਏਹਾਮੀ ਮੁਤਾਬਕ ਰਿਆਤ- ਬਾਹਰਾ ਯੂਨੀਵਰਸਿਟੀ ਵਿਚ ਹਰਿਆਣਾ ਦੇ ਵਿਦਿਆਰਥੀਆਂ ਨੇ ਚਾਰ ਕਸ਼ਮੀਰੀ ਵਿਦਿਆਰਥੀ ਜ਼ਖਮੀ ਕਰ ਦਿੱਤੇ | ਖੁਏਹਾਮੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਸੁਰੱਖਿਆ ਦੀ ਮੰਗ ਕਰਦਿਆਂ ਹਮਲਾਵਰਾਂ ਨੂੰ ਫੌਰੀ ਗਿ੍ਫਤਾਰ ਕਰਨ ਦੀ ਮੰਗ ਕੀਤੀ ਹੈ | ਯੂ ਪੀ ਤੇ ਹਰਿਆਣਾ ਵਿਚ ਭਾਜਪਾ ਦੀਆਂ ਸਰਕਾਰਾਂ ਹਨ ਤੇ ਬਿਹਾਰ ਵਿਚ ਭਾਜਪਾ ਕੁਲੀਸ਼ਨ ਸਰਕਾਰ ਵਿਚ ਸ਼ਾਮਲ ਹੈ | ਇਨ੍ਹਾਂ ਰਾਜਾਂ ਵਿਚ ਕਸ਼ਮੀਰੀਆਂ ਤੇ ਮੁਸਲਮਾਨਾਂ ਨਾਲ ਜੋ ਸਲੂਕ ਕੀਤਾ ਜਾਂਦਾ ਹੈ, ਉਹ ਦੁਨੀਆ ਆਏ ਦਿਨ ਦੇਖ ਰਹੀ ਹੈ, ਪਰ ਅਮਨ ਤੇ ਫਿਰਕੂ ਸਦਭਾਵਨਾ ਦਾ ਸੁਨੇਹਾ ਦੇਣ ਵਾਲੇ ਗੁਰੂਆਂ ਦੀ ਧਰਤੀ ਪੰਜਾਬ ਵਿਚ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਬਹੁਤ ਚਿੰਤਾਜਨਕ ਹੈ | ਪੰਜਾਬ ਵਿਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ ਅਤੇ ਭਾਰਤ-ਪਾਕਿਸਤਾਨ ਮੈਚ ਬਾਰੇ ਟੀ ਵੀ ਚੈਨਲਾਂ ਤੇ ਸੋਸ਼ਲ ਮੀਡੀਆ 'ਤੇ ਜਿਸ ਤਰ੍ਹਾਂ ਦਾ ਜਨੂੰਨ ਭੜਕਾਇਆ ਗਿਆ ਸੀ, ਪੰਜਾਬ ਪੁਲਸ ਨੂੰ ਉਨ੍ਹਾਂ ਵਿਦਿਅਕ ਅਦਾਰਿਆਂ ਵੱਲ ਖਾਸ ਧਿਆਨ ਰੱਖਣਾ ਚਾਹੀਦਾ ਸੀ, ਜਿਥੇ ਕਸ਼ਮੀਰੀ ਬੱਚੇ ਪੜ੍ਹਦੇ ਹਨ | ਉਸ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਜਿਹੇ ਮਾਮਲਿਆਂ ਵਿਚ ਲਏ ਗਏ ਸਖਤ ਸਟੈਂਡ ਨੂੰ ਚੇਤੇ ਰੱਖਣਾ ਚਾਹੀਦਾ ਸੀ | ਅਜੇ ਤਾਂ ਟੀ-20 ਵਰਲਡ ਕੱਪ ਸ਼ੁਰੂ ਹੀ ਹੋੋਇ ਆ ਹੈ, ਕਿਸੇ ਵੀ ਹਾਰ ਤੇ ਜਿੱਤ ਵੇਲੇ ਹਿੰਦੂਤਵੀ ਗੁੰਡਿਆਂ ਨੇ ਅਜਿਹੇ ਕਾਰੇ ਕਰਨ ਤੋਂ ਬਾਜ਼ ਨਹੀਂ ਆਉਣਾ, ਇਸ ਕਰਕੇ ਪੁਲਸ ਨੂੰ ਹਮੇਸ਼ਾ ਚੌਕਸ ਰਹਿਣਾ ਪੈਣਾ ਹੈ |
ਜਦੋਂ ਪੰਜਾਬ ਦੇ ਦੋ ਵਿਦਿਅਕ ਅਦਾਰਿਆਂ ਵਿਚ ਗੁੰਡਾਗਰਦੀ ਹੋ ਰਹੀ ਸੀ, ਉਦੋਂ ਦੁਬਈ ਵਿਚ ਮੈਚ ਤੋਂ ਬਾਅਦ ਭਾਰਤੀ ਖਿਡਾਰੀ ਪਾਕਿਸਤਾਨੀ ਖਿਡਾਰੀਆਂ ਨਾਲ ਘੁਲ-ਮਿਲ ਰਹੇ ਸਨ ਤੇ ਖੇਡ ਭਾਵਨਾ ਦੇ ਮੁਤਾਬਕ ਉਨ੍ਹਾਂ ਨੂੰ ਜਿੱਤ ਦੀ ਵਧਾਈ ਦੇ ਰਹੇ ਸਨ | ਕਪਤਾਨ ਵਿਰਾਟ ਕੋਹਲੀ ਨੇ ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਤੇ ਦੂਜੇ ਸਲਾਮੀ ਬੱਲੇਬਾਜ਼ ਰਿਜ਼ਵਾਨ ਨੂੰ ਵਧਾਈ ਦੇਣ ਸਮੇਂ ਉਨ੍ਹਾਂ ਨਾਲ ਕਾਫੀ ਚਿਰ ਹੱਸ ਕੇ ਗੱਲਾਂ ਕੀਤੀਆਂ | ਟੀਮ ਦੇ ਉਸਤਾਦ ਮਹਿੰਦਰ ਸਿੰਘ ਧੋਨੀ ਨੇ ਵੀ ਮੈਦਾਨ ਵਿਚ ਪਾਕਿਸਤਾਨੀ ਖਿਡਾਰੀਆਂ ਨਾਲ ਗੱਲਾਂ ਕੀਤੀਆਂ ਤੇ ਗੁਰ ਵੀ ਦੱਸੇ | ਉਮੀਦ ਕੀਤੀ ਜਾ ਸਕਦੀ ਹੈ ਕਿ ਮੈਚ ਦੇਖਣ ਵਾਲੇ ਲੋਕ, ਖਾਸਕਰ ਨੌਜਵਾਨ ਆਪਣੇ ਖੇਡ ਸਿਤਾਰਿਆਂ ਵੱਲੋਂ ਦਿਖਾਏ ਮੁਹੱਬਤ ਦੇ ਰਾਹ 'ਤੇ ਚੱਲਣਗੇ ਤੇ ਉਨ੍ਹਾਂ ਲੋਕਾਂ ਨੂੰ ਭੰਡਣਗੇ, ਜਿਹੜੇ ਭਾਰਤ ਤੇ ਪਾਕਿਸਤਾਨ ਦੇ ਮੈਚ ਨੂੰ ਜੰਗ ਦਾ ਰੂਪ ਦਿੰਦੇ ਹਨ |

782 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper