ਸ਼ਾਜ਼ੀਆ ਫੜੇਗੀ ਕਾਂਗਰਸ ਦਾ ਹੱਥ

ਆਮ ਆਦਮੀ ਪਾਰਟੀ ਦੀ ਸਾਬਕਾ ਆਗੂ ਸ਼ਾਜੀਆ ਇਲਮੀ ਜਲਦ ਹੀ ਕਾਂਗਰਸ 'ਚ ਸ਼ਾਮਲ ਹੋ ਰਹੀ ਹੈ। ਸ਼ਾਜ਼ੀਆ ਨੇ ਆਮ ਆਦਮੀ ਪਾਰਟੀ 'ਚ ਲੋਕਤੰਤਰ ਦੀ ਘਾਟ ਦਾ ਇਲਜ਼ਾਮ ਲਾਉਂਦਿਆਂ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸਾਬਕਾ ਟੀ ਵੀ ਪੱਤਰਕਾਰ ਸ਼ਾਜ਼ੀਆ ਇਲਮੀ ਨੇ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਗਾਜ਼ੀਆਬਾਦ ਤੋਂ ਚੋਣ ਲੜੀ ਸੀ। ਭਾਜਪਾ ਦੇ ਉਮੀਦਵਾਰ ਵੀ ਕੇ ਸਿੰਘ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਸੀ ਅਤੇ ਉਹ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੀ ਸੀ। ਆਮ ਚੋਣਾਂ 'ਚ ਦਿੱਲੀ ਦੀ ਕਿਸੇ ਸੀਟ ਤੋਂ ਟਿਕਟ ਨਾ ਦਿੱਤੇ ਜਾਣ ਤੋਂ ਬਾਅਦ ਸ਼ਾਜੀਆ ਪਾਰਟੀ ਲੀਡਰਸ਼ਿਪ ਤੋਂ ਨਰਾਜ਼ ਸੀ ਅਤੇ ਚੋਣਾਂ ਤੋਂ ਬਾਅਦ ਉਸ ਨੇ ਪਾਰਟੀ ਛੱਡ ਦਿੱਤੀ ਸੀ। ਅਰਵਿੰਦ ਕੇਜਰੀਵਾਲ ਦੀ ਇਹ ਸਾਬਕਾ ਸਹਿਯੋਗੀ ਕਾਂਗਰਸ ਦੀ ਉੱਚ ਲੀਡਰਸ਼ਿਪ ਦੇ ਸੰਪਰਕ 'ਚ ਹੈ ਅਤੇ ਉਹ ਕਾਂਗਰਸ ਦੀ ਟਿਕਟ 'ਤੇ ਦਿੱਲੀ ਵਿਧਾਨ ਸਭਾ ਚੋਣਾਂ ਲੜ ਸਕਦੀ ਹੈ। ਉਸ ਦੇ ਪਰਵਾਰ ਦੇ ਕਾਂਗਰਸ ਨਾਲ ਪਹਿਲਾਂ ਤੋਂ ਮਜ਼ਬੂਤ ਸੰਬੰਧ ਸਨ। ਹਾਲਾਂਕਿ ਉਨ੍ਹਾਂ ਦੇ ਜੀਜਾ ਆਰਿਫ਼ ਮੁਹੰਮਦ ਖਾਨ ਹੁਣ ਬਸਪਾ 'ਚ ਹਨ, ਜੋ ਪਹਿਲਾਂ ਕਾਂਗਰਸ 'ਚ ਸਨ।rnਰਿਪੋਰਟਾਂ ਮੁਤਾਬਕ ਸ਼ਾਜੀਆ ਬਾਰੇ ਕਾਂਗਰਸ ਹਾਈਕਮਾਨ ਨੇ ਅਜੇ ਫ਼ੈਸਲਾ ਕਰਨਾ ਹੈ, ਆਪ ਦੀ ਕੌਮੀ ਕਾਰਜਕਾਰਨੀ ਨੇ ਪਿਛਲੇ ਮਹੀਨੇ ਸ਼ਾਜੀਆ ਨੂੰ ਵਾਪਸ ਆਉਣ ਦੀ ਅਪੀਲ ਕੀਤੀ ਸੀ। ਕੇਜਰੀਵਾਲ ਨੇ ਵੀ ਵਾਪਸੀ ਲਈ ਯਤਨ ਕੀਤੇ ਸਨ, ਪਰ ਗੱਲ ਨਹੀਂ ਬਣੀ ਸੀ।