ਕਸ਼ਮੀਰ ਸਿਰਫ਼ ਭਾਰਤ-ਪਾਕਿ ਦਾ ਮਾਮਲਾ : ਭਾਰਤ

ਭਾਰਤ ਨੇ ਕਿਹਾ ਹੈ ਕਿ ਕਸ਼ਮੀਰ ਅਸਲ 'ਚ ਭਾਰਤ ਅਤੇ ਪਾਕਿਸਤਾਨ ਦੋ ਧਿਰਾਂ ਦਾ ਮਾਮਲਾ ਹੈ। ਪਾਕਿਸਤਾਨ ਦੇ ਬਿਆਨ ਦਾ ਜਵਾਬ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਦ ਅਕਬਰੂਦੀਨ ਨੇ ਕਿਹਾ ਹੈ ਕਿ ਸ਼ਿਮਲਾ ਸਮਝੌਤਾ ਦੋ ਧਿਰਾਂ ਵਿਚਾਲੇ ਹੀ ਗੱਲਬਾਤ ਹੋਣੀ ਚਾਹੀਦੀ ਹੈ। ਭਾਰਤ ਦਾ ਇਹ ਬਿਆਨ ਪਾਕਿਸਤਾਨ ਦੇ ਉਸ ਬਿਆਨ ਦੇ ਜਵਾਬ 'ਚ ਆਇਆ ਹੈ, ਜਿਸ ਵਿੱਚ ਪਾਕਿਸਤਾਨ ਨੇ ਕਸ਼ਮੀਰ ਦੇ ਵੱਖਵਾਦੀ ਆਗੂਆਂ ਨਾਲ ਗੱਲਬਾਤ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਸੀ ਕਿ ਕਸ਼ਮੀਰ ਮਸਲੇ ਦੇ ਹੱਲ ਲਈ ਸਾਰੀਆਂ ਸੰਬੰਧਤ ਧਿਰਾਂ ਨਾਲ ਗੱਲਬਾਤ ਹੋਣੀ ਚਾਹੀਦੀ ਹੈ। ਅਕਬਰੂਦੀਨ ਨੇ ਕਿਹਾ ਕਿ ਲਾਹੌਰ ਐਲਾਨਨਾਮੇ 'ਚ ਵੀ ਦੋ ਧਿਰਾਂ ਵਿਚਾਲੇ ਗੱਲਬਾਤ ਨੂੰ ਤਰਜੀਹ ਦਿੱਤੀ ਗਈ ਸੀ। ਉਨ੍ਹਾ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਅਤੇ ਨਵਾਜ਼ ਸ਼ਰੀਫ਼ ਵਿਚਾਲੇ ਹੋਏ ਲਾਹੌਰ ਸਮਝੌਤੇ ਤਹਿਤ ਗੱਲਬਾਤ ਸਿਰਫ਼ ਦੋ ਧਿਰਾਂ ਵਿਚਾਲੇ ਹੀ ਹੋਣੀ ਚਾਹੀਦੀ ਹੈ।rnਇਸ ਤੋਂ ਪਹਿਲਾਂ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁੱਲ ਬਾਸਿਤ ਨੇ ਕਿਹਾ ਹੈ ਕਿ ਭਾਰਤ ਨੂੰ ਗੱਲਬਾਤ ਨਹੀਂ ਰੋਕਣੀ ਚਾਹੀਦੀ ਅਤੇ ਦੋਹਾਂ ਮੁਲਕਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਸਿਤ ਨੇ ਕਿਹਾ ਕਿ ਅੱਤਵਾਦ ਦਾ ਸਭ ਤੋਂ ਵੱਧ ਨੁਕਸਾਨ ਪਾਕਿਸਤਾਨ ਨੂੰ ਹੋਇਆ ਹੈ।rnਬਾਸਿਤ ਨੇ ਕਸ਼ਮੀਰੀ ਆਗੂਆਂ ਨਾਲ ਕੀਤੀ ਗਈ ਮੀਟਿੰਗ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ ਕਸ਼ਮੀਰੀ ਆਗੂਆਂ ਨਾਲ ਗੱਲਬਾਤ ਦੀ ਇਹ ਪ੍ਰਕਿਰਿਆ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ।rnਭਾਰਤ ਵੱਲੋਂ ਗੋਲੀਬੰਦੀ ਦੀ ਉਲੰਘਣਾ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਰੱਦ ਕਰਦਿਆਂ ਬਾਸਿਤ ਨੇ ਉਲਟਾ ਦੋਸ਼ ਲਾਇਆ ਕਿ ਭਾਰਤ ਨੇ 57 ਵਾਰੀ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। ਉਨ੍ਹਾ ਦੋਸ਼ ਲਾਇਆ ਕਿ ਭਾਰਤ ਨੇ ਜੁਲਾਈ ਤੋਂ ਲੈ ਕੇ ਹੁਣ ਤੱਕ 57 ਵਾਰੀ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਪਾਕਿਸਤਾਨੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾ ਕਿਹਾ ਕਿ ਪਾਕਿਸਤਾਨ ਆਪਣੇ ਗਵਾਂਢੀ ਮੁਲਕ ਭਾਰਤ ਨਾਲ ਚੰਗੇ ਅਤੇ ਸ਼ਾਂਤੀਪੂਰਨ ਸੰਬੰਧ ਚਾਹੁੰਦਾ ਹੈ।rnਬਾਸਿਤ ਨੇ ਕਿਹਾ ਕਿ ਅਗਲੇ ਮਹੀਨੇ ਨਿਊਯਾਰਕ 'ਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਹੋਣ ਵਾਲੀ ਮੁਲਾਕਾਤ ਬਾਰੇ ਅਜੇ ਤੱਕ ਫ਼ੈਸਲਾ ਨਹੀਂ ਹੋ ਸਕਿਆ ਹੈ। ਉਨ੍ਹਾ ਕਿਹਾ ਕਿ ਭਾਰਤ ਵੱਲੋਂ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਰੱਦ ਕੀਤੇ ਜਾਣ ਕਾਰਨ ਇਸ ਪ੍ਰਸਤਾਵਿਤ ਮੀਟਿੰਗ 'ਤੇ ਵੀ ਅਸਰ ਪੈ ਸਕਦਾ ਹੈ। ਬਾਸਿਤ ਨੇ ਕਿਹਾ ਕਿ ਗੱਲਬਾਤ ਨੂੰ ਰੱਦ ਕੀਤੇ ਜਾਣ ਲਈ ਭਾਰਤ ਜ਼ਿੰਮੇਵਾਰ ਹੈ। ਭਾਰਤ ਨੇ ਵੱਖਵਾਦੀ ਆਗੂਆਂ ਨਾਲ ਗੱਲਬਾਤ ਕਰਨ ਅਤੇ ਸਰਹੱਦ 'ਤੇ ਲਗਾਤਾਰ ਗੋਲੀਬੰਦੀ ਦੀ ਉਲੰਘਣਾ ਦੀਆਂ ਵਾਰਦਾਤਾਂ 'ਤੇ ਇਤਰਾਜ਼ ਕਰਦਿਆਂ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਰੱਦ ਕਰ ਦਿੱਤੀ ਸੀ। ਬਾਸਿਤ ਨੇ ਕਿਹਾ ਕਿ ਇਸ ਨਾਲ ਸ਼ਾਂਤੀ ਦੀਆਂ ਕੋਸ਼ਿਸ਼ਾਂ ਨੂੰ ਨੁਕਸਾਨ ਪਹੁੰਚੇਗਾ।rnਵੱਖਵਾਦੀਆਂ ਨਾਲ ਪਾਕਿਸਤਾਨ ਵੱਲੋਂ ਗੱਲਬਾਤ ਕਰਨ ਦੇ ਕਦਮ ਦੀ ਹਮਾਇਤ ਕਰਦਿਆਂ ਬਾਸਿਤ ਨੇ ਕਿਹਾ ਕਿ ਦੋਵੇਂ ਧਿਰਾਂ ਮੰਨਦੀਆਂ ਹਨ ਕਿ ਕਸ਼ਮੀਰ ਇੱਕ ਵਿਵਾਦਤ ਮੁੱਦਾ ਹੈ ਅਤੇ ਇਸ ਬਾਰੇ ਬੈਠ ਕੇ ਗੱਲਬਾਤ ਕਰਨ ਅਤੇ ਇਸ ਦਾ ਹੱਲ ਕੱਢੇ ਜਾਣ ਦੀ ਜ਼ਰੂਰਤ ਹੈ। ਬਾਸਿਤ ਨੇ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਪਾਕਿਸਤਾਨ ਖੁਦ ਅੱਤਵਾਦ ਤੋਂ ਲੰਮੇ ਸਮੇਂ ਤੋਂ ਪੀੜਤ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਨਾਲ ਸਿੱਝਣ ਲਈ ਦੋਵਾਂ ਦੇਸ਼ਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।