ਮੋਦੀ ਜਪਾਨ 'ਚ, ਕਾਸ਼ੀ ਨੂੰ ਕਿਓਟੋ ਬਣਾਉਣ ਬਾਰੇ ਸਮਝੌਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਪਾਨ ਪੁੱਜਣ 'ਤੇ ਅੱਜ ਸ਼ਾਨਦਾਰ ਸਵਾਗਤ ਕੀਤਾ ਗਿਆ। ਆਮ ਤੌਰ 'ਤੇ ਰਾਜਧਾਨੀ ਟੋਕੀਓ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਸੁਆਗਤ ਕਰਨ ਵਾਲੇ ਜਪਾਨ ਦੇ ਪ੍ਰਧਾਨ ਮੰਤਰੀ ਸਿੰਜੋ ਆਬੇ ਮੋਦੀ ਦੀ ਅਗਵਾਈ ਲਈ ਰਾਜਧਾਨੀ ਟੋਕੀਓ ਤੋਂ ਤਕਰੀਬਨ 400 ਕਿਲੋਮੀਟਰ ਦੂਰ ਕਯੋਟੋ ਪੁੱਜੇ ਹੋਏ ਸਨ, ਜਿਸ ਤੋਂ ਦੋਵਾਂ ਦੇਸ਼ਾਂ ਦੇ ਸੰਬੰਧਾਂ ਦੀ ਅਹਿਮੀਅਤ ਦਾ ਪਤਾ ਚੱਲਦਾ ਹੈ।rnਮੋਦੀ ਜਪਾਨੀ ਸਮੇਂ ਮੁਤਾਬਕ ਸ਼ਾਮ ਤਕਰੀਬਨ 5 ਵਜੇ ਉਧਾਨਾ ਦੇ ਕੰਜਾਈ ਹਵਾਈ ਅੱਡੇ 'ਤੇ ਪੁੱਜੇ ਅਤੇ ਉਥੋਂ ਸੜਕ ਰਸਤੇ ਕਯੋਟੋ ਲਈ ਰਵਾਨਾ ਹੋ ਗਏ, ਜਿੱਥੇ ਮੇਅਰ ਦੀ ਰਿਹਾਇਸ਼ 'ਤੇ ਆਬੇ ਨੇ ਉਨ੍ਹਾ ਦਾ ਸੁਆਗਤ ਕੀਤਾ।rnਮੋਦੀ ਦੇ 5 ਰੋਜ਼ਾ ਜਪਾਨ ਦੌਰੇ ਦੌਰਾਨ ਰੱਖਿਆ, ਵਪਾਰ ਅਤੇ ਟੈਕਨਾਲੋਜੀ ਸਮੇਤ ਕਈ ਖੇਤਰਾਂ ਵਿੱਚ ਸਮਝੌਤਿਆਂ 'ਤੇ ਦਸਤਖਤ ਹੋਣ ਦੀ ਸੰਭਾਵਨਾ ਹੈ।rnਮੋਦੀ ਦੇ ਜਪਾਨ ਪੁੱਜਦਿਆਂ ਹੀ ਟੋਕੀਓ ਦੇ ਮੇਅਰ ਅਤੇ ਜਾਪਾਨ 'ਚ ਭਾਰਤ ਦੇ ਰਾਜਦੂਤ ਵੱਲੋਂ ਕਾਸ਼ੀ ਦੇ ਵਿਕਾਸ ਬਾਰੇ ਇੱਕ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਗਏ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਮੌਜੂਦ ਸਨ। ਸਮਝੌਤੇ ਅਨੁਸਾਰ ਕਾਸ਼ੀ ਨੂੰ ਇੱਕ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਅਤੇ ਉਸ ਨੂੰ ਆਧੁਨਿਕ ਬਣਾਉਣ 'ਚ ਜਪਾਨ ਵੱਲੋਂ ਸਹਿਯੋਗ ਦਿੱਤਾ ਜਾਵੇਗਾ।rnਮੋਦੀ ਅਤੇ ਸਿੰਜੋ ਆਬੇ ਵਿਚਕਾਰ ਪਹਿਲੀ ਸਤੰਬਰ ਨੂੰ ਟੋਕੀਓ ਵਿਖੇ ਉੱਚ ਪੱਧਰੀ ਗੱਲਬਾਤ ਹੋਵੇਗੀ, ਜਿਸ ਵਿੱਚ ਦੋਵਾਂ ਆਗੂਆਂ ਵੱਲੋਂ ਦੁਵੱਲੇ ਸੰਬੰਧਾਂ ਦੇ ਨਾਲ-ਨਾਲ ਰਣਨੀਤਕ ਅਤੇ ਵਿਸ਼ਵ ਭਾਈਵਾਲੀ ਨੂੰ ਅੱਗੇ ਵਧਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।rnਦੋਹਾਂ ਦੇਸ਼ਾਂ ਨੂੰ ਆਸ ਹੈ ਕਿ ਮੋਦੀ ਦੇ 5 ਰੋਜ਼ਾ ਦੌਰੇ ਦੌਰਾਨ ਰੱਖਿਆ, ਗੈਰ-ਫੌਜੀ ਪਰਮਾਣੂ ਅਤੇ ਢਾਂਚਾਗਤ ਖੇਤਰਾਂ ਵਿੱਚ ਸਹਿਯੋਗ ਵਧਾਉਣ ਬਾਰੇ ਗੱਲਬਾਤ ਹੋਵੇਗੀ। ਜਪਾਨ ਰਵਾਨਾ ਹੋਣ ਤੋਂ ਪਹਿਲਾਂ ਨਵੀਂ ਦਿੱਲੀ 'ਚ ਮੋਦੀ ਨੇ ਕਿਹਾ ਕਿ ਭਾਰਤ ਦੇ ਵਿਕਾਸ ਅਤੇ ਤਰੱਕੀ ਦੇ ਨਜ਼ਰੀਏ ਨਾਲ ਮੇਰਾ ਜਪਾਨ ਦੌਰਾ ਬੇਹੱਦ ਅਹਿਮ ਹੈ।rnਪ੍ਰਧਾਨ ਮੰਤਰੀ ਮੋਦੀ ਦੇ ਨਾਲ ਭਾਰਤੀ ਇਸਪਾਤ, ਊਰਜਾ ਅਤੇ ਆਈ ਟੀ ਖੇਤਰ ਦੇ ਇੱਕ ਦਰਜਨ ਤੋਂ ਵੱਧ ਉਦਯੋਗਪਤੀਆਂ ਦਾ ਵਫਦ ਵੀ ਜਪਾਨ ਗਿਆ ਹੈ, ਜਿਸ ਵਿੱਚ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਦੇ ਨਾਲ-ਨਾਲ 15 ਹੋਰ ਵੱਡੇ ਉਦਯੋਗਪਤੀ ਸ਼ਾਮਲ ਹਨ ਅਤੇ ਇਹ ਸਾਰੇ ਉਦਯੋਗਪਤੀ ਨਿੱਜੀ ਖਰਚੇ 'ਤੇ ਜਾਪਾਨ ਗਏ ਹਨ।rnਏਸ਼ੀਆ ਉਪ ਮਹਾਦੀਪ ਤੋਂ ਬਾਹਰ ਪ੍ਰਧਾਨ ਮੰਤਰੀ ਮੋਦੀ ਦਾ ਇਹ ਪਹਿਲਾ ਦੌਰਾ ਹੈ। ਮੋਦੀ ਨਾਲ ਗਏ ਉਦਯੋਗਪਤੀ 1 ਸਤੰਬਰ ਨੂੰ ਇੰਡੀਆ-ਜਪਾਨ ਬਿਜ਼ਨੈੱਸ ਲੀਡਰਜ਼ ਫੋਰਮ ਦੇ ਬੈਨਰ ਹੇਠ ਹੋਣ ਵਾਲੀ ਦੁਵੱਲੀ ਗੱਲਬਾਤ 'ਚ ਹਿੱਸਾ ਲੈਣਗੇ। ਮੋਦੀ ਦੇ ਦੌਰੇ ਵੇਲੇ ਇਸ ਫੋਰਮ ਦੀ ਮੀਟਿੰਗ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ, ਜਿਸ ਦੀ ਸਹਿ ਪ੍ਰਧਾਨ ਭਾਰਤ ਫੋਰਸ ਦੇ ਚੇਅਰਮੈਨ ਬਾਬਾ ਕਲਿਆਣੀ ਕਰਨਗੇ ਅਤੇ ਇਸ 'ਚ ਸੁਨੀਲ ਭਾਰਤੀ ਮਿੱਤਲ, ਅਜੀਮ ਪ੍ਰੇਮਜੀ ਸ਼ਸ਼ੀ ਰੂਈਆ, ਮਾਰੂਤੀ ਸੁਜ਼ੂਕੀ ਦੇ ਚੇਅਰਮੈਨ ਆਰ ਬੀ ਭਾਰਗਵ, ਕਿਰਣ ਮਜ਼ੂਮਦਾਰ, ਚੰਦਾ ਕੋਛਰ ਅਤੇ ਓ ਐੱਨ ਜੀ ਸੀ ਦੇ ਸੀ ਐੱਮ ਡੀ ਦਿਨੇਸ਼ ਸਰਾਫ ਅਤੇ ਆਇਲ ਇੰਡੀਆ ਦੇ ਸੀ ਐੱਮ ਡੀ ਸੁਨੀਲ ਸ੍ਰੀਵਾਸਤਵ ਸ਼ਿਰਕਤ ਕਰਨਗੇ।rnਸੂਤਰਾਂ ਅਨੁਸਾਰ ਜਪਾਨ ਦੇ ਉਦਯੋਗਪਤੀਆਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਨੂੰ ਭਾਰਤ ਵਿੱਚ ਨਿਵੇਸ਼ ਦਾ ਸੱਦਾ ਵੀ ਦਿੱਤਾ ਜਾਵੇਗਾ। ਉਹ ਟੋਕੀਓ ਯੂਨੀਵਰਸਿਟੀ 'ਚ ਵਿਦਿਆਰਥੀਆਂ ਨਾਲ ਵੀ ਗੱਲਬਾਤ ਕਰਨਗੇ।rnਮਗਰੋਂ ਵਿਦੇਸ਼ ਮੰਤਰਾਲੇ ਦੇ ਤਰਜ਼ਮਾਨ ਸਈਦ ਅਕਬਰੂਦੀਨ ਨੇ ਦੱਸਿਆ ਕਿ ਵਾਰਾਨਸੀ ਨੂੰ ਸਮਾਰਟ ਸਿਟੀ ਵਜੋਂ ਵਿਕਸਤ ਕਰਨ ਲਈ ਦੋਵਾਂ ਦੇਸ਼ਾਂ ਵਿਚਕਾਰ ਹੋਏ ਸਮਝੌਤੇ ਤਹਿਤ ਜਾਪਾਨ ਅਤੇ ਸ਼ਹਿਰ ਦੇ ਆਧੁਨਿਕੀਕਰਨ ਦੇ ਨਾਲ-ਨਾਲ ਕਲਾ, ਸੱਭਿਆਚਾਰ ਦੇ ਖੇਤਰ 'ਚ ਵੀ ਸਹਿਯੋਗ ਦਿੱਤਾ ਜਾਵੇਗਾ, ਤਾਂ ਜੋ ਸ਼ਹਿਰ ਦੇ ਪੁਰਾਤਨ ਵਿਰਸੇ ਨੂੰ ਸੰਭਾਲਿਆ ਜਾ ਸਕੇ।