Latest News

ਸੀ ਬੀ ਆਈ ਮੁਖੀ ਦੀ ਵਿਜ਼ਟਰ ਬੁੱਕ ਕਿਸ ਨੇ ਲੀਕ ਕੀਤੀ

ਸੁਪਰੀਮ ਕੋਰਟ ਨੇ ਵਕੀਲ ਪ੍ਰਸ਼ਾਂਤ ਭੂਸ਼ਣ ਤੋਂ ਉਸ ਸ਼ਖਸ ਦਾ ਨਾਂਅ ਪੁੱਛਿਆ ਹੈ, ਜਿਸ ਨੇ ਉਨ੍ਹਾਂ ਨੂੰ ਸੀ ਬੀ ਆਈ ਮੁਖੀ ਰਣਜੀਤ ਸਿਨਹਾ ਦੇ ਘਰ ਆਉਣ-ਜਾਣ ਵਾਲਿਆਂ ਦੀ ਸੂਚੀ ਸੌਂਪੀ ਸੀ। ਸਰਵ-ਉੱਚ ਅਦਾਲਤ ਨੇ ਪ੍ਰਸ਼ਾਂਤ ਭੂਸ਼ਣ ਨੂੰ ਕਿਹਾ ਹੈ ਕਿ ਉਹ ਸੀਲਬੰਦ ਲਿਫਾਫੇ ਰਾਹੀਂ ਇਹ ਦੱਸਣ ਕਿ ਉਨ੍ਹਾਂ ਨੂੰ ਸੀ ਬੀ ਆਈ ਦੇ ਮੁਖੀ ਦੇ ਘਰ ਦੀ ਵਿਜ਼ਟਰ ਲਿਸਟ ਕਿਸ ਨੇ ਦਿੱਤੀ ਸੀ। ਇਸ ਦੇ ਜਵਾਬ ਵਿੱਚ ਭੂਸ਼ਣ ਨੇ ਅਦਾਲਤ ਨੂੰ ਕਿਹਾ ਹੈ ਕਿ ਉਹ ਸੂਤਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਇਸ ਦਾ ਜਵਾਬ ਦੇਣਗੇ।\r\nਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਵਾਬ ਮਿਲਣ ਤੱਕ ਉਹ ਇਸ ਮਾਮਲੇ \'ਚ ਹੋਰ ਕੋਈ ਹੁਕਮ ਨਹੀਂ ਦੇਣਗੇ। ਉਧਰ ਸੀ ਬੀ ਆਈ ਦੇ ਮੁਖੀ ਰਣਜੀਤ ਸਿਨਹਾ ਨੇ ਹੁਣ ਵਿਜ਼ਟਰਜ਼ ਲਿਸਟ ਦੇ ਠੀਕ ਹੋਣ ਬਾਰੇ ਸਵਾਲ ਉਠਾਏ ਹਨ। ਉਨ੍ਹਾ ਨੇ ਅਦਾਲਤ ਨੂੰ ਕਿਹਾ ਹੈ ਕਿ ਵਿਜ਼ਟਰ ਬੁੱਕ ਵਿੱਚ ਕੀਤੀਆਂ ਗਈਆਂ 90 ਫੀਸਦੀ ਐਂਟਰੀਆਂ ਗਲਤ ਹਨ, ਹਾਲਾਂਕਿ ਕੁਝ ਐਂਟਰੀਆਂ ਸਹੀ ਹੋ ਸਕਦੀਆਂ ਹਨ।\r\nਸ਼ੁੱਕਰਵਾਰ ਨੂੰ ਸਿਨਹਾ ਨੇ 2 ਜੀ ਅਤੇ ਹੋਰ ਘੋਟਾਲਿਆਂ ਦੇ ਦੋਸ਼ੀਆਂ ਨੂੰ ਮਿਲਣ ਦੇ ਲੱਗ ਰਹੇ ਦੋਸ਼ਾਂ ਬਾਰੇ ਅਦਾਲਤ ਸਾਹਮਣੇ ਸੀਲਬੰਦ ਲਿਫਾਫੇ ਵਿੱਚ ਜਵਾਬ ਦਿੱਤਾ। ਅਦਾਲਤ ਨੇ 8 ਸਤੰਬਰ ਨੂੰ ਦੋਸ਼ਾਂ ਨੂੰ ਗੰਭੀਰ ਦੱਸਦਿਆਂ ਸੀ ਬੀ ਆਈ ਮੁਖੀ ਨੂੰ ਹਲਫੀਆ ਬਿਆਨ ਸੌਂਪਣ ਦੇ ਹੁਕਮ ਦਿੱਤੇ ਸਨ। ਅਦਾਲਤ ਨੇ ਸੀ ਬੀ ਆਈ ਨੂੰ ਕਿਹਾ ਸੀ, ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ, ਉਹ ਲਿਖਤੀ ਦਿੱਤਾ ਜਾਵੇ।\r\nਵਕੀਲ ਅਤੇ ਕਾਰਕੁਨ ਪ੍ਰਸ਼ਾਂਤ ਭੂਸ਼ਣ ਨੇ ਸੀ ਬੀ ਆਈ ਡਾਇਰੈਕਟਰ ਰਣਜੀਤ ਸਿਨਹਾ ਦੇ ਘਰ ਦੀ ਵਿਜ਼ਟਰ ਲਿਸਟ ਦੇ ਹਵਾਲੇ ਨਾਲ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਆਉਣ-ਜਾਣ ਵਾਲਿਆਂ ਵਿੱਚ ਕਈ ਅਜਿਹੇ ਨਾਂਅ ਸ਼ਾਮਲ ਹਨ, ਜਿਨ੍ਹਾਂ ਦੀ ਜਾਂਚ ਸੀ ਬੀ ਆਈ ਕਰ ਰਹੀ ਹੈ, ਜਾਂ ਏਜੰਸੀ ਜਾਂਚ ਕਰ ਚੁੱਕੀ ਹੈ। ਇਨ੍ਹਾਂ \'ਚ ਕੋਲਾ ਘੁਟਾਲੇ ਦੇ ਦੋਸ਼ੀ ਕਾਂਗਰਸੀ ਸਾਂਸਦ ਵਿਜੇ ਦਰੜਾ, ਉਸ ਦੇ ਬੇਟੇ ਦਵਿੰਦਰ ਦਰੜਾ, 2 ਜੀ ਦੇ ਦੋਸ਼ੀ ਮਹਿੰਦਰ ਨਾਹਟਾ ਅਤੇ ਰਿਲਾਇੰਸ ਦੇ ਅਫਸਰ ਸ਼ਾਮਲ ਹਨ।\r\nਵਿਜ਼ਟਰ ਲਿਸਟ ਮੁਤਾਬਕ ਸੀ ਬੀ ਆਈ ਮੁਖੀ ਦੇ ਘਰ ਸਭ ਤੋਂ ਵੱਧ ਆਉਣ-ਜਾਣ ਵਾਲਿਆਂ ਵਿੱਚ ਐੱਚ ਐੱਫ ਸੀ ਐੱਲ ਗਰੁੱਪ ਦੇ ਪ੍ਰਮੋਟਰ ਮਹਿੰਦਰ ਨਾਹਟਾ ਸ਼ਾਮਲ ਹਨ, ਜੋ ਕਿ 2 ਜੀ ਘੁਟਾਲੇ ਦੇ ਲਾਭਪਾਤਰੀ ਹਨ। ਇਨ੍ਹਾਂ 15 ਮਹੀਨਿਆਂ ਵਿੱਚ ਉਹ 71 ਵਾਰੀ ਸੀ ਬੀ ਆਈ ਮੁਖੀ ਦੇ ਘਰ ਆਏ ਸਨ। ਰਣਜੀਤ ਸਿਨਹਾ ਦੇ ਘਰ ਆਉਣ ਵਾਲਿਆਂ \'ਚ ਤਲਵਾੜ ਵੀ ਸ਼ਾਮਲ ਹੈ। ਦੀਪਕ ਸਲਾਹਕਾਰ ਹੈ, ਜਿਸ ਦਾ ਨਾਂਅ ਨੀਰਾ ਰਾਡੀਆ ਟੇਪ ਵਿੱਚ ਸਾਹਮਣੇ ਆਇਆ ਅਤੇ ਉਹ 54 ਵਾਰੀ ਰਣਜੀਤ ਸਿਨਹਾ ਦੇ ਘਰ ਆਏ ਸਨ। ਤਲਵਾੜ ਵਿਰੁੱਧ ਸੀ ਬੀ ਆਈ ਨੇ ਜਾਂਚ ਸ਼ੁਰੂ ਕੀਤੀ ਸੀ, ਪਰ ਇਹ ਜਾਂਚ ਜਲਦ ਬੰਦ ਕਰ ਦਿੱਤੀ ਗਈ ਸੀ। ਵਿਜ਼ਟਰ ਸੂਚੀ ਵਿੱਚ ਮੋਈਨ ਕੁਰੈਸ਼ੀ ਦਾ ਨਾਂਅ ਵੀ ਸ਼ਾਮਲ ਹੈ, ਇਹ ਉਹੋ ਹੀ ਮੁਈਨ ਕੁਰੈਸ਼ੀ ਹੈ, ਜਿਨ੍ਹਾਂ ਵਿੱਚ ਸੀ ਬੀ ਆਈ ਦੇ ਸਾਬਕਾ ਮੁਖੀ ਏ ਪੀ ਸਿੰਘ ਨਾਲ ਸੰਬੰਧਾਂ ਕਾਰਨ ਵਿਵਾਦ ਖੜਾ ਹੋ ਗਿਆ ਸੀ। ਉਹ 2013 ਤੋਂ 2014 ਦੌਰਾਨ 70 ਵਾਰੀ ਸਿਨਹਾ ਦੇ ਘਰ ਆਏ ਸਨ। ਆਖਰੀ ਵਾਰੀ ਉਹ 12 ਅਗਸਤ ਨੂੰ ਸਿਨਹਾ ਨੂੰ ਮਿਲੇ ਸਨ। ਕਈ ਵਾਰੀ ਤਾਂ ਉਹ ਇੱਕ ਦਿਨ ਵਿੱਚ ਰਣਜੀਤ ਸਿਨਹਾ ਨੂੰ ਦੋ ਵਾਰੀ ਮਿਲੇ ਹਨ। ਕਈ ਵਾਰੀ ਉਨ੍ਹਾਂ ਦੀ ਪਤਨੀ ਵੀ ਨਾਲ ਸੀ।

848 Views

e-Paper