Latest News
ਮਨੁੱਖੀ ਤਸਕਰਾਂ ਡੋਬ ਦਿੱਤੇ 700 ਪ੍ਰਵਾਸੀ
ਹੁਣ ਤੱਕ ਦੀ ਸਭ ਤੋਂ ਭਿਆਨਕ ਮਨੁੱਖੀ ਤ੍ਰਾਸਦੀ \'ਚ 700 ਦੇ ਲੱਗਭੱਗ ਪ੍ਰਵਾਸੀ ਲਿਬੀਆਈ ਤੱਟ ਦੇ ਨੇੜੇ ਵਾਪਰੇ ਦੋ ਜਹਾਜ਼ ਹਾਦਸਿਆਂ \'ਚ ਮਾਰੇ ਗਏ ਹਨ। ਇਹ ਜਾਣਕਾਰੀ ਪ੍ਰਵਾਸ ਬਾਰੇ ਕੌਮਾਂਤਰੀ ਸੰਗਠਨ (ਆਈ ਓ ਐੱਮ) ਨੇ ਸੋਮਵਾਰ ਨੂੰ ਦਿੱਤੀ ਹੈ।\r\nਆਈ ਓ ਐੱਮ ਦੇ ਇਟਲੀ ਦਫਤਰ ਨੇ ਇਸ ਤ੍ਰਾਸਦੀ \'ਚੋਂ ਬਚੇ ਦੋ ਪ੍ਰਵਾਸੀਆਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਲੱਗਭੱਗ 500 ਸੀਰੀਆਈ, ਫਲਸਤੀਨੀ, ਮਿਸਰੀ ਅਤੇ ਸੂਡਾਨੀ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਨੂੰ ਵਹਿਸ਼ੀ ਮਨੁੱਖੀ ਸਮਗਲਰਾਂ ਨੇ ਉਸ ਸਮੇਂ ਜਾਣਬੁੱਝ ਕੇ ਡਬੋ ਦਿੱਤਾ ਜਦ ਇਨ੍ਹਾਂ ਪ੍ਰਵਾਸੀਆਂ ਨੇ ਆਪਣੇ ਅਗਲੇ ਸਫਰ ਲਈ ਇੱਕ ਛੋਟੀ ਕਿਸ਼ਤੀ \'ਤੇ ਸਵਾਰ ਹੋਣੋਂ ਨਾਂਹ ਕਰ ਦਿੱਤੀ।\r\nਆਈ ਓ ਐੱਮ ਨੇ ਕਿਹਾ ਹੈ ਕਿ ਜੇ ਇਹ ਦਾਸਤਾਂ, ਜਿਸ ਦੀ ਪੁਲਸ ਜਾਂਚ ਕਰ ਰਹੀ ਹੈ, ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਹਾਲ ਹੀ ਦੇ ਸਾਲਾਂ \'ਚ ਜਹਾਜ਼ ਤਬਾਹੀ ਦੀ ਸਭ ਤੋਂ ਵੱਡੀ ਘਟਨਾ ਹੋਵੇਗੀ। ਇਹ ਖਾਸ ਤੌਰ \'ਤੇ ਬਹੁਤ ਗੰਭੀਰ ਹੈ, ਕਿਉਂਕਿ ਇਹ ਇੱਕ ਘਟਨਾ ਨਹੀਂ, ਸਗੋਂ ਸਮੂਹਿਕ ਕਤਲੇਆਮ ਦਾ ਇੱਕ ਸਾਕਾ ਹੋਵੇਗਾ।\r\nਆਈ ਓ ਐੱਮ ਨੇ ਦੱਸਿਆ ਹੈ ਕਿ ਇਹ ਪ੍ਰਵਾਸੀ 6 ਸਤੰਬਰ ਨੂੰ ਮਿਸਰ ਦੀ ਬੰਦਰਗਾਹ ਡੇਮੀਏਟਾ ਤੋਂ ਰਵਾਨਾ ਹੋਏ ਸਨ ਅਤੇ 2 ਫਲਸਤੀਨੀਆਂ, ਜਿਨ੍ਹਾਂ ਨਾਲ ਉਸ ਨੇ ਗੱਲਬਾਤ ਕੀਤੀ ਹੈ, ਨੂੰ 36 ਘੰਟੇ ਸਮੁੰਦਰ \'ਚ ਜ਼ਿੰਦਗੀ ਲਈ ਸੰਘਰਸ਼ ਕਰਦੇ ਰਹਿਣ ਤੋਂ ਬਾਅਦ ਨੇੜਿਓਂ ਲੰਘ ਰਹੇ ਇੱਕ ਮਾਲਵਾਹਕ ਜਹਾਜ਼ ਨੇ ਬਚਾਇਆ। ਇਨ੍ਹਾਂ ਫਲਸਤੀਨੀਆਂ ਨੂੰ ਸ਼ਨਿਚਰਵਾਰ ਨੂੰ ਪੋਜ਼ਾਲੋ, ਸਿਸਲੀ ਲਿਜਾਇਆ ਗਿਆ।\r\nਉਨ੍ਹਾ ਦੱਸਿਆ ਕਿ 9 ਹੋਰ ਵਿਅਕਤੀਆਂ ਨੂੰ ਗਰੀਸ ਅਤੇ ਮਾਲਟਾ ਦੇ ਬੇੜਿਆਂ ਨੇ ਬਚਾਅ ਲਿਆ, ਜਦਕਿ ਬਾਕੀ ਸਾਰੇ ਪ੍ਰਵਾਸੀ ਪਾਣੀ \'ਚ ਡੁੱਬ ਗਏ ਹਨ। ਇਨ੍ਹਾਂ ਪ੍ਰਵਾਸੀਆਂ ਰਸਤੇ ਵਿੱਚ ਕਈ ਹੋਰ ਕਿਸ਼ਤੀਆਂ \'ਚ ਬਦਲਿਆ ਗਿਆ।\r\nਉਨ੍ਹਾ ਦੱਸਿਆ ਕਿ ਮਨੁੱਖੀ ਤਸਕਰ ਵੱਖਰੀ ਕਿਸ਼ਤੀ \'ਚ ਸਵਾਰ ਸਨ ਅਤੇ ਉਨ੍ਹਾਂ ਪ੍ਰਵਾਸੀਆਂ ਨੂੰ ਇੱਕ ਛੋਟੀ ਜਿਹੀ ਕਿਸ਼ਤੀ \'ਚ ਸਵਾਰ ਹੋਣ ਦੇ ਹੁਕਮ ਦਿੱਤੇ। ਪ੍ਰਵਾਸੀਆਂ ਨੇ ਕਿਸ਼ਤੀ ਬਿਲਕੁਲ ਛੋਟੀ ਹੋਣ ਕਰਕੇ ਇਸ ਵਿੱਚ ਸਵਾਰ ਹੋਣ ਤੋਂ ਇਨਕਾਰ ਕਰ ਦਿੱਤਾ ਤੇ ਸਿੱਟੇ ਵਜੋਂ ਮਨੁੱਖੀ ਸਮੱਗਲਰ ਹੜਬੜਾਹਟ \'ਚ ਆ ਗਏ ਅਤੇ ਉਨ੍ਹਾਂ ਆਪਣੀ ਕਿਸ਼ਤੀ ਨਾਲ ਪ੍ਰਵਾਸੀਆਂ ਦੀ ਕਿਸ਼ਤੀ ਨੂੰ ਉਦੋਂ ਤੱਕ ਟੱਕਰਾਂ ਮਾਰੀਆਂ, ਜਦੋਂ ਤੱਕ ਉਹ ਪੂਰੀ ਖਿਲਰ ਕੇ ਡੁੱਬ ਨਹੀਂ ਗਈ।\r\nਆਈ ਓ ਐੱਮ ਨੇ ਕਿਹਾ ਹੈ ਕਿ ਉਹ ਇਨ੍ਹਾਂ ਰਿਪੋਰਟਾਂ ਦੀ ਵੀ ਜਾਂਚ ਕਰ ਰਹੀ ਹੈ ਕਿ ਲਿਬੀਆ ਨੇੜੇ ਐਤਵਾਰ ਨੂੰ ਹੋਏ ਅਜਿਹੇ ਹੀ ਹਾਦਸੇ \'ਚ ਕੋਈ 200 ਦੇ ਕਰੀਬ ਲਾਪਤਾ ਹਨ। ਇਸ ਘੜੀ ਰੂਮ ਸਾਗਰ \'ਚ ਮੌਤਾਂ ਦੀ ਇਹ ਗਿਣਤੀ ਬਹੁਤ ਗੰਭੀਰ ਹੈ। 700 ਦੇ ਕਰੀਬ ਲੋਕ ਪਿਛਲੇ ਕੁਝ ਦਿਨਾਂ \'ਚ ਹੀ ਮਾਰੇ ਗਏ ਹਨ। ਸਮਾਚਾਰ ਵੈੱਬਸਾਈਟ ਅਲ-ਵਾਸਤ ਨੇ ਜਲ ਸੈਨਾ ਦੇ ਇੱਕ ਕਮਾਂਡਰ ਦੇ ਹਵਾਲੇ ਨਾਲ ਦੱਸਿਆ ਹੈ ਕਿ ਐਤਵਾਰ ਨੂੰ ਕਿਸ਼ਤੀ ਡੁੱਬਣ ਕਾਰਨ 160 ਪ੍ਰਵਾਸੀਆਂ ਦੇ ਡੁੱਬ ਜਾਣ ਦਾ ਖਤਰਾ ਹੈ। ਜਲ ਸੈਨਾ ਦੇ ਤਰਜਮਾਨ ਅਯੂਬ ਕਾਸਿਮ ਨੇ ਅਲ-ਵਸਤ ਨੂੰ ਦੱਸਿਆ ਕਿ ਇੱਕ ਗਰਭਵਤੀ ਔਰਤ ਸਮੇਤ 36 ਲੋਕਾਂ ਨੂੰ ਬਚਾਅ ਲਿਆ ਗਿਆ ਹੈ।\r\nਕਾਸਿਮ ਨੇ ਦੱਸਿਆ ਕਿ ਮਛੇਰਿਆਂ ਵੱਲੋਂ ਸਮੁੰਦਰ \'ਚ ਅਣਗਿਣਤ ਲਾਸ਼ਾਂ ਤੈਰਦੇ ਹੋਣ ਬਾਰੇ ਦਿੱਤੀਆਂ ਗਈਆਂ ਰਿਪੋਰਟਾਂ ਤੋਂ ਬਾਅਦ ਜਲ ਸੈਨਾ ਉਸ ਥਾਂ ਵੱਲ ਰਵਾਨਾ ਹੋ ਗਈ ਹੈ, ਜੋ ਕਿ ਪੱਛਮੀ ਤੱਟ ਦੇ ਸ਼ਹਿਰ ਤਜ਼ੌਰਾ ਤੋਂ 10 ਮੀਲ ਦੂਰ ਹੈ। ਰੂਮ ਸਾਗਰ \'ਚ ਮਨੁੱਖੀ ਸਮਗਲਿੰਗ ਰਾਹੀਂ ਪ੍ਰਵਾਸੀਆਂ ਦੇ ਵਹਾਅ \'ਚ ਇਸ ਸਾਲ ਤਿੱਖਾ ਵਾਧਾ ਹੋਇਆ ਹੈ। ਆਈ ਓ ਐੱਮ ਨੇ ਦੱਸਿਆ ਕਿ ਅਗਸਤ ਦੇ ਅਖੀਰ ਤੱਕ ਇਟਲੀ \'ਚ ਸਮੁੰਦਰ ਰਾਹੀਂ ਪਹੁੰਚੇ 108,000 ਪ੍ਰਵਾਸੀਆਂ ਨੇ ਸ਼ਰਨ ਮੰਗੀ ਹੈ, ਜਦਕਿ ਸੰਨ 2013 \'ਚ ਇਹ ਗਿਣਤੀ 43,000 ਤੋਂ ਘੱਟ ਸੀ।\r\nਇਤਾਲਵੀ ਜਨ ਸੈਨਾ ਨੇ ਦੱਸਿਆ ਹੈ ਕਿ ਸ਼ਨੀਵਾਰ ਤੇ ਐਤਵਾਰ ਨੂੰ 2879 ਲੋਕਾਂ ਨੂੰ ਸਮੁੰਦਰ \'ਚੋਂ ਬਚਾਇਆ ਗਿਆ ਹੈ। ਉਸ ਨੇ ਇਹ ਵੀ ਦੱਸਿਆ ਹੈ ਕਿ ਉਸ ਦੀ ਇੱਕ ਗਸ਼ਤੀ ਟੁੱਕੜੀ ਨੂੰ ਇੱਕ ਤੈਰਦਾ ਹੋਇਆ ਪਿੰਜਰ ਵੀ ਮਿਲਿਆ ਹੈ।\r\nਅਗਸਤ \'ਚ ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀਆਂ ਬਾਰੇ ਏਜੰਸੀ (ਯੂ ਐੱਨ ਐੱਚ ਸੀ ਆਰ) ਨੇ ਜਨਵਰੀ ਤੋਂ ਬਾਅਦ ਸਮੁੰਦਰ ਰਾਹੀਂ ਯੂਰਪ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਮਰਨ ਵਾਲੇ ਪ੍ਰਵਾਸੀਆਂ ਦੀ ਗਿਣਤੀ 1900 ਦੇ ਕਰੀਬ ਦੱਸੀ ਹੈ।

938 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper