ਬਿਲਾਵਲ ਦਾ ਕਸ਼ਮੀਰ ਰਾਗ਼; ਸਾਰਾ ਕਸ਼ਮੀਰ ਲੈ ਕੇ ਰਹਾਂਗੇ

ਪਾਕਿਸਤਾਨ ਦੀ ਅਗਲੀ ਪੀੜ੍ਹੀ ਦੇ ਸਿਆਸਤਦਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਹੈ ਕਿ ਉਸ ਦੀ ਪਾਰਟੀ ਪਾਕਿਸਤਾਨ ਪੀਪੁਲਜ਼ ਪਾਰਟੀ ਭਾਰਤ ਤੋਂ ਸਮੁੱਚਾ ਕਸ਼ਮੀਰ ਲੈ ਕੇ ਰਹੇਗੀ। ਕੱਲ੍ਹ ਪੰਜਾਬ 'ਚ ਮੁਲਤਾਨ ਵਿਖੇ ਪਾਰਟੀ ਵਰਕਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਕਿਸਤਾਨ ਦੇ ਬੇਹੱਦ ਪ੍ਰਭਾਵਸ਼ਾਲੀ ਭੁੱਟੋ ਪਰਵਾਰ ਦੇ ਫਰਜ਼ੰਦ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਅਸੀਂ ਪੂਰਾ ਕਸ਼ਮੀਰ ਵਾਪਸ ਲਵਾਂਗੇ ਅਤੇ ਕਸ਼ਮੀਰ ਦੀ ਇੱਕ ਇੰਚ ਥਾਂ ਵੀ ਭਾਰਤ ਕੋਲ ਨਹੀਂ ਛਡਾਂਗੇ, ਕਿਉਂਕਿ ਦੂਜੇ ਸੂਬਿਆਂ ਵਾਂਗ ਪੂਰਾ ਕਸ਼ਮੀਰ ਪਾਕਿਸਤਾਨ ਦਾ ਹੈ। ਜਿਸ ਮੌਕੇ ਬਿਲਾਵਲ ਭੁੱਟੋ ਜ਼ਰਦਾਰੀ ਨੇ ਇਹ ਟਿਪਣੀ ਕੀਤੀ ਪਾਕਿਸਤਾਨ ਦੇ ਦੋ ਸਾਬਕਾ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਅਤੇ ਰਾਜਾ ਪਰਵੇਜ਼ ਅੱਸ਼ਰਫ਼ ਵੀ ਮੌਜੂਦ ਸਨ। ਬਿਲਾਵਲ, ਜਿਨ੍ਹਾਂ ਨੇ 2018 ਦੀ ਸੰਸਦੀ ਚੋਣ ਲੜਨ ਦਾ ਐਲਾਨ ਕੀਤਾ, ਉਹ ਪਾਕਿਸਤਾਨ ਦੀ ਸੈਕੂਲਰ ਸਮਝੀ ਜਾਂਦੀ ਪਾਕਿਸਤਾਨ ਪੀਪੁਲਜ਼ ਪਾਰਟੀ ਦੇ ਮੁਖੀ ਹਨ, ਜਿਹੜੀ ਭਾਰਤ ਨਾਲ ਚੰਗੇ ਸੰਬੰਧਾਂ ਦੀ ਹਮਾਇਤੀ ਹੈ। ਬਿਲਾਵਲ ਦੀ ਮਾਂ ਬੇਨਜ਼ੀਰ ਭੁੱਟੋ ਦੋ ਵਾਰ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਰਹਿ ਚੁੱਕੀ ਹੈ, ਜਦਕਿ ਉਸ ਦੇ ਪਿਤਾ ਜ਼ੁਲਫ਼ਕਾਰ ਅਲੀ ਭੁੱਟੋ, ਜਿਨ੍ਹਾਂ ਨੇ 1967 'ਚ ਪਾਕਿਸਤਾਨ ਪੀਪੁਲਜ਼ ਪਾਰਟੀ ਦੀ ਸਥਾਪਨਾ ਕੀਤੀ ਤੇ 70 ਦੇ ਦਹਾਕੇ 'ਚ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਬਿਲਾਵਲ ਦੇ ਪਿਤਾ ਆਸਿਫ਼ ਅਲੀ ਜ਼ਰਦਾਰੀ 2008 ਤੋਂ 2013 ਤੱਕ ਪਾਕਿਸਤਾਨ ਦੇ ਰਾਸ਼ਟਰਪਤੀ ਰਹੇ।