ਏਸ਼ੀਆਈ ਖੇਡਾਂ; ਯੋਗੇਸ਼ਵਰ ਨੂੰ ਸੋਨਾ, ਖੁਸ਼ਬੀਰ ਦੀ ਚਾਂਦੀ

ਨਾਮਵਰ ਪਹਿਲਵਾਨ ਯੋਗੇਸ਼ਵਰ ਦੱਤ ਨੇ ਐਤਵਾਰ ਨੂੰ ਇੱਥੇ 17ਵੀਆਂ ਏਸ਼ੀਆਈ ਖੇਡਾਂ 'ਚ ਭਾਰਤ ਲਈ ਚੌਥਾ ਸੋਨ ਤਮਗਾ ਜਿੱਤਿਆ, ਜਦਕਿ ਖੁਸ਼ਬੀਰ ਕੌਰ 20 ਕਿਲੋਮੀਟਰ ਪੈਦਲ ਚਾਲ 'ਚ ਚਾਂਦੀ ਦੇ ਤਮਗੇ ਨਾਲ ਇਸ ਮੁਕਾਬਲੇ 'ਚ ਤਮਗਾ ਜਿੱਤਣਾ ਵਾਲੀ ਦੇਸ਼ ਦੀ ਪਹਿਲੀ ਮਹਿਲਾ ਬਣ ਗਈ ਹੈ। ਇਨ੍ਹਾਂ ਤਮਗਿਆਂ ਨਾਲ ਭਾਰਤ ਤਮਗਾ ਸੂਚੀ 'ਚ 8 ਵੀਂ ਥਾਂ 'ਤੇ ਪਹੁੰਚਣ 'ਚ ਸਫ਼ਲ ਰਿਹਾ ਹੈ। ਭਾਰਤ ਆਉਣ ਵਾਲੇ ਦਿਨਾਂ 'ਚ ਹੋਰ ਜ਼ਿਆਦਾ ਤਮਗਿਆਂ ਦੀ ਉਮੀਦ ਕਰ ਸਕਦਾ ਹੈ, ਕਿਉਂਕਿ ਮਹਿਲਾ ਮੁੱਕੇਬਾਜ਼ਾਂ ਨੇ ਤਿੰਨ ਮੁਕਾਬਲਿਆਂ 'ਚ ਤਮਗੇ ਯਕੀਨੀ ਬਣਾ ਦਿੱਤੇ ਹਨ ਅਤੇ ਸਨਮ ਸਿੰਘ ਤੇ ਸਾਕੇਤ ਮਾਇਨੇਨੀ ਦੀ ਪੁਰਸ਼ ਯੁਗਲ ਟੈਨਿਸ ਜੋੜੀ ਨੇ ਵੀ ਫਾਈਨਲ 'ਚ ਜਗ੍ਹਾ ਬਣਾ ਕੇ ਘੱਟੋ-ਘੱਟ ਚਾਂਦੀ ਦਾ ਤਮਗਾ ਯਕੀਨੀ ਬਣਾ ਲਿਆ ਹੈ।rnਲੰਡਨ ਉਲੰਪਿਕ ਖੇਡਾਂ 'ਚ ਕਾਂਸੀ ਤਮਗਾ ਜਿੱਤਣ ਵਾਲੇ ਯੋਗੇਸ਼ਵਰ ਦੱਤ ਨੇ 65 ਕਿਲੋ ਗ੍ਰਾਮ ਭਾਰ ਵਰਗ 'ਚ ਤਜ਼ਾਕਿਸਤਾਨ ਦੇ ਭਲਵਾਨ ਜ਼ਾਲਿਮ ਖਾਨ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ। ਇਸ ਜਿੱਤ ਦੇ ਨਾਲ ਹੀ ਭਾਰਤ ਦੇ ਏਸ਼ੀਆਈ ਖੇਡਾਂ 'ਚ ਸੋਨੇ ਦੇ 4 ਮੈਡਲ ਹੋ ਗਏ ਹਨ। ਭਾਰਤ ਨੇ 28 ਸਾਲ ਮਗਰੋਂ ਏਸ਼ੀਆਈ ਖੇਡਾਂ 'ਚ ਕੁਸ਼ਤੀ ਮੁਕਾਬਲਿਆਂ 'ਚ ਗੋਲਡ ਮੈਡਲ ਜਿੱਤਿਆ ਹੈ। ਭਾਰਤ ਨੇ ਏਸ਼ੀਆਈ ਖੇਡਾਂ 'ਚ 1986 'ਚ ਆਖਰੀ ਵਾਰ ਗੋਲਡ ਮੈਡਲ ਜਿੱਤਿਆ ਸੀ, ਉਸ ਵੇਲੇ ਕਰਤਾਰ ਸਿੰਘ ਨੇ 65 ਕਿਲੋ ਭਾਰ ਵਰਗ 'ਚ ਸੋਨੇ ਦਾ ਤਮਗਾ ਜਿੱਤਿਆ ਸੀ। ਯੋਗੇਸ਼ਵਰ ਨੇ 2010 ਦੀਆਂ ਏਸ਼ੀਆਈ ਖੇਡਾਂ 'ਚ ਹਿੱਸਾ ਨਹੀਂ ਲਿਆ ਸੀ, ਜਦਕਿ 2006 'ਚ ਉਨ੍ਹਾ ਨੇ ਕਾਂਸੇ ਦਾ ਤਮਗਾ ਜਿੱਤਿਆ ਸੀ। ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਨੇ ਲਗਾਤਾਰ ਦੂਜੀ ਵਾਰ ਏਸ਼ੀਆਈ ਖੇਡਾਂ 'ਚ ਹਿੱਸਾ ਨਹੀਂ ਲਿਆ, ਕਿਉਂਕਿ ਉਨ੍ਹਾ ਦੇ ਮੋਢੇ 'ਤੇ ਸੱਟ ਲੱਗੀ ਹੋਈ ਹੈ। ਰਾਸ਼ਟਰ ਮੰਡਲ ਖੇਡਾਂ 'ਚ ਗੋਲਡ ਮੈਡਲ ਜਿੱਤਣ ਵਾਲੇ ਸੁਸ਼ੀਲ ਉਲੰਪਿਕ 2016 'ਤੇ ਧਿਆਨ ਦੇਣਾ ਚਾਹੁੰਦੇ ਹਨ।rnਭਾਰਤ ਦੀ ਖੁਸ਼ਵੀਰ ਕੌਰ ਨੇ ਅੱਜ 20 ਕਿਲੋਮੀਟਰ ਪੈਦਲ ਚਾਲ ਮੁਕਾਬਲੇ 'ਚ ਚਾਂਦੀ ਦਾ ਤਮਗਾ ਜਿੱਤਿਆ, ਜਦਕਿ ਸੋਨੇ ਦਾ ਤਮਗਾ ਚੀਨ ਦੀ ਲੀਊ ਅਤੇ ਕਾਂਸੀ ਦਾ ਤਮਗਾ ਕੋਰੀਆ ਦੀ ਜਿਊਨ ਦੇ ਜਿੱਤਿਆ। ਭਾਰਤ ਦੇ ਯੁਕੀ ਭਾਂਬਰੀ ਨੇ ਮਰਦਾਂ ਦੇ ਟੈਨਿਸ ਦੇ ਸਿੰਗਲ ਮੁਕਾਬਲੇ 'ਚ ਕਾਂਸੇ ਦਾ ਤਮਗਾ ਹਾਸਲ ਕੀਤਾ। ਉਹ ਅੱਜ ਦੂਜੇ ਸੈਮੀ ਫਾਈਨਲ ਮੁਕਾਬਲੇ 'ਚ ਜਪਾਨ ਦੇ ਘੋਸ਼ਿਹੋਤੋ ਨਿਸ਼ੀ ਯੋਕਾ ਤੋਂ 3-6, 6-2, 6-1 ਨਾਲ ਹਾਰ ਗਏ। ਇੱਕ ਮੈਚ ਪੌਣੇ ਦੋ ਘੰਟੇ ਚੱਲਿਆ। ਭਾਰਤ ਦੀ ਮਰਦਾਂ ਦੀ ਟੇਬਲ ਟੈਨਿਸ ਟੀਮ ਆਪਣੇ ਦੂਜੇ ਗਰੁੱਪ ਮੁਕਾਬਲੇ 'ਚ ਮੇਜ਼ਬਾਨ ਦੱਖਣੀ ਕੋਰੀਆ ਤੋਂ ਹਾਰ ਗਈ। ਭਾਰਤ ਨੇ ਗਰੁੱਪ ਬੀ ਦੇ ਆਪਣੇ ਪਹਿਲੇ ਮੈਚ 'ਚ ਕਲ੍ਹ ਕੁਵੈਤ ਨੂੰ 3-0 ਨਾਲ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ, ਪਰ ਅੱਜ ਉਹ ਦੱਖਣੀ ਕੋਰੀਆ ਖ਼ਿਲਾਫ਼ ਇਸੇ ਫ਼ਰਕ ਨਾਲ ਹਾਰ ਗਈ। ਭਾਰਤੀ ਟੀਮ 'ਚ ਅਚੰਤਾ ਸ਼ਰਤ ਕਮਲ, ਹਰਮੀਤ ਰਾਜਨ ਦੇਸਾਈ ਅਤੇ ਸੋਮਿਆਜੀਤ ਘੋਸ਼ ਸ਼ਾਮਲ ਹਨ। ਭਾਰਤੀ ਖਿਡਾਰੀ ਦੱਖਣੀ ਕੋਰੀਆ ਖ਼ਿਲਾਫ਼ ਇੱਕ ਵੀ ਗੇਮ ਨਾ ਜਿੱਤ ਸਕੇ ਅਤੇ ਤਿੰਨੇ ਆਪਣੇ ਵਿਰੋਧੀਆਂ ਤੋਂ 0-3 ਦੇ ਫ਼ਰਕ ਨਾਲ ਹਾਰ ਗਏ। ਭਾਰਤ ਦੀ ਮਹਿਲਾ ਟੈਨਿਸ ਟੀਮ ਵੀ ਅੱਜ ਆਪਣੇ ਤੀਜੇ ਗਰੁੱਪ ਮੁਕਾਬਲੇ 'ਚ ਚੀਨ ਤੋਂ ਹਾਰ ਗਈ। ਭਾਰਤੀ ਮੁਟਿਆਰਾਂ ਨੇ ਮਲੇਸ਼ੀਆ ਅਤੇ ਨੇਪਾਲ ਵਿਰੁੱਧ ਜਿੱਤ ਨਾਲ ਆਪਣੀ ਮੁੰਹਿਮ ਸ਼ੁਰੂ ਕੀਤੀ, ਪਰ ਚੀਨ ਅੱਗੇ ਉਨ੍ਹਾ ਦੀ ਇੱਕ ਨਾ ਚੱਲੀ ਅਤੇ ਉਹ 0-3 ਦੇ ਫ਼ਰਕ ਨਾਲ ਹਾਰ ਗਈਆਂ। ਭਾਰਤ ਦੀ ਮਹਿਲਾ ਰਿਕਰਵ ਤੀਰ ਅੰਦਾਜ਼ੀ ਟੀਮ ਵੀ ਅੱਜ ਕਾਂਸੇ ਦਾ ਤਮਗਾ ਜਿੱਤਣ ਤੋਂ ਖੁੰਝ ਗਈ ਅਤੇ ਭਾਰਤੀ ਟੀਮ ਮੁਕਾਬਲੇ 'ਚ ਚੌਥੇ ਨੰਬਰ 'ਤੇ ਰਹੀ। ਭਾਰਤ ਇਸ ਮੁਕਾਬਲੇ 'ਚ ਜਪਾਨ ਹੱਥੋਂ 4-5 ਦੇ ਫ਼ਰਕ ਨਾਲ ਹਾਰ ਗਿਆ। ਭਾਰਤੀ ਟੀਮ ਨੇ ਪਹਿਲੇ ਸੈਟ 'ਚ 53 ਦੂਜੇ 'ਚ 58 ਤੀਜੇ 'ਚ 51 ਅਤੇ ਚੌਥੇ ਸੈੱਟ 'ਚ 55 ਅੰਕ ਪ੍ਰਾਪਤ ਕੀਤੇ ਜਦਕਿ ਜਪਾਨ ਦੀ ਟੀਮ ਨੇ ਪਹਿਲੇ ਸੱੈਟ 'ਚ 54, ਦੂਜੇ 'ਚ 55, ਤੀਜੇ 'ਚ 50 ਅਤੇ ਚੌਥੇ ਸੈੱਟ 'ਚ 58 ਅੰਕ ਹਾਸਲ ਕੀਤੇ, ਜਿਸ ਨਾਲ ਮੁਕਾਬਲਾ ਸੂਟ ਆਫ਼ ਤੱਕ ਪੁੱਜ ਗਿਆ, ਜਿੱਥੇ ਭਾਰਤ ਨੇ ਕੁੱਲ 26 ਅੰਕ ਹਾਸਲ ਕੀਤੇ ਅਤੇ ਜਪਾਨ ਨੇ 27 ਅੰਕ ਹਾਸਲ ਕਰਕੇ ਇਹ ਮੁਕਾਬਲਾ ਜਿੱਤ ਲਿਆ।