Latest News
ਮੋਦੀ ਵੱਲੋਂ ਰਾਜਪਥ ਤੋਂ ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਰਾਜਪਥ ਤੋਂ ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਦੇਸ਼ ਵਾਸੀਆਂ ਨੂੰ ਭਾਰਤ ਮਾਂ ਨੂੰ ਸਵੱਛ ਰੱਖਣ ਦੀ ਸਹੁੰ ਚੁਕਾਈ ਕਿ ਦੇਸ਼ ਦਾ ਕੋਈ ਨਾਗਰਿਕ ਨਾ ਖੁਦ ਗੰਦ ਪਾਊਗਾ ਨਾ ਕਿਸੇ ਨੂੰ ਗੰਦ ਪਾਉਣ ਦੇਵੇਗਾ ਅਤੇ ਹਰ ਸਾਲ 100 ਘੰਟੇ ਇਸ ਕੰਮ ਲਈ ਦੇਵੇਗਾ। ਮੋਦੀ ਨੇ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਐਮ ਵੈਂਕਈਆ ਨਾਇਡੂ, ਕੇਂਦਰੀ ਪੇਂਡੂ ਵਿਕਾਸ ਮੰਤਰੀ ਨਿਤਿਨ ਗਡਕਰੀ ਅਤੇ ਫ਼ਿਲਮ ਕਲਾਕਾਰ ਆਮਿਰ ਖਾਨ ਦੀ ਹਾਜ਼ਰੀ \'ਚ ਰਾਜਪਥ ਸਥਿਤ ਮੰਚ ਤੋਂ ਉਥੇ ਹਾਜ਼ਰ ਲੋਕਾਂ ਨੂੰ ਸਹੁੰ ਚੁਕਾਈ। ਸਹੁੰ ਚੁਕਾਉਣ ਤੋਂ ਪਹਿਲਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੋਦੀ ਨੇ ਸਫ਼ਾਈ ਅਤੇ ਦੇਸ਼ ਦੇ ਵਿਕਾਸ \'ਚ ਉਨ੍ਹਾ ਦੇ ਯੋਗਦਾਨ ਦਾ ਜ਼ਿਕਰ ਕੀਤਾ। ਉਨ੍ਹਾ ਕਿਹਾ ਕਿ ਮਹਾਤਮਾ ਗਾਂਧੀ ਨੇ ਜਿਸ ਭਾਰਤ ਦਾ ਸੁਪਨਾ ਦੇਖਿਆ ਸੀ, ਉਸ \'ਚ ਸਿਰਫ਼ ਸਿਆਸੀ ਆਜ਼ਾਦੀ ਹੀ ਨਹੀਂ ਸਗੋਂ ਇੱਕ ਸਵੱਛ ਅਤੇ ਵਿਕਸਿਤ ਦੇਸ਼ ਦੀ ਕਲਪਨਾ ਵੀ ਸ਼ਾਮਲ ਸੀ। ਉਨ੍ਹਾ ਕਿਹਾ ਕਿ ਮਹਾਤਮਾ ਗਾਂਧੀ ਨੇ ਗੁਲਾਮੀ ਦੀਆਂ ਜੰਜ਼ੀਰਾਂ ਤੋੜ ਕੇ ਮਾਂ ਭਾਰਤੀ ਨੂੰ ਅਜ਼ਾਦ ਕਰਵਾਇਆ ਅਤੇ ਹੁਣ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਗੰਦਗੀ ਦੂਰ ਕਰਕੇ ਭਾਰਤ ਮਾਤਾ ਦੀ ਸੇਵਾ ਕਰੀਏ। ਮੋਦੀ ਵੱਲੋਂ ਪੜ੍ਹੀ ਗਈ ਸਹੁੰ \'ਚ ਕਿਹਾ ਗਿਆ ਕਿ ਮੈਂ ਸਪਥ ਲੈਦਾਂ ਹਾਂ ਕਿ ਮੈਂ ਸਵੈਮ ਸਵੱਛਤਾ ਪ੍ਰਤੀ ਜਾਗਰੂਕ ਰਹਾਂਗਾ ਅਤੇ ਉਸ ਵਾਸਤੇ ਸਮਾਂ ਦਿਆਂਗਾ ਅਤੇ ਸਾਲ \'ਚ 100 ਘੰਟੇ ਅਰਥਾਤ ਹਫ਼ਤੇ \'ਚ 2 ਘੰਟੇ ਇਸ ਕੰਮ ਲਈ ਦਿਆਂਗਾ। ਮੈਂ ਨਾ ਗੰਦਗੀ ਕਰਾਂਗਾ ਅਤੇ ਨਾ ਹੀ ਕਿਸੇ ਨੂੰ ਕਰਨ ਦਿਆਂਗਾ ਅਤੇ ਮੈਂ ਸਭ ਤੋਂ ਪਹਿਲਾਂ ਇਸ ਮੁਹਿੰਮ ਦੀ ਸ਼ੁਰੂਆਤ ਖੁਦ ਤੋਂ, ਪਰਵਾਰ ਤੋਂ, ਮੁਹੱਲੇ ਤੋਂ, ਪਿੰਡ ਤੋਂ ਅਤੇ ਕੰਮ ਵਾਲੀ ਥਾਂ ਤੋਂ ਕਰਾਂਗਾ। ਮੈਂ ਮੰਨਦਾ ਹਾਂ ਕਿ ਦੁਨੀਆ ਦੇ ਜਿਹੜੇ ਵੀ ਦੇਸ਼ ਸਾਫ਼ ਦਿਸਦੇ ਹਨ, ਉਸ ਦਾ ਕਾਰਨ ਹੈ ਕਿ ਉਥੋਂ ਦੇ ਲੋਕ ਗੰਦਗੀ ਨਹੀਂ ਕਰਦੇ ਅਤੇ ਨਾ ਹੀ ਗੰਦ ਹੋਣ ਦਿੰਦੇ ਹਨ ਅਤੇ ਇਸ ਵਿਚਾਰ ਨਾਲ ਹੀ ਮੈਂ ਪਿੰਡ-ਪਿੰਡ ਗਲੀ-ਗਲੀ ਸਵੱਛ ਮਿਸ਼ਨ ਭਾਰਤ ਦਾ ਪ੍ਰਚਾਰ ਕਰਾਂਗਾ। ਮੈਂ ਜਿਹੜੀ ਸਹੁੰ ਚੁੱਕ ਰਿਹਾ ਹਾਂ, ਉਹ 100 ਹੋਰ ਵਿਅਕਤੀਆਂ ਨੂੰ ਵੀ ਚੁਕਾÀੁਂਗਾ ਕਿ ਉਹ ਵੀ ਮੇਰੇ ਵਾਂਗ ਸਫ਼ਾਈ ਲਈ ਸਾਲ \'ਚ 100 ਘੰਟੇ ਦੇਣ। ਮੈਨੂੰ ਆਸ ਹੈ ਕਿ ਸਫ਼ਾਈ ਵੱਲ ਵਧਾਇਆ ਮੇਰਾ ਇਹ ਕਦਮ ਪੂਰੇ ਭਾਰਤ ਨੂੰ ਸਾਫ਼-ਸੁਥਰਾ ਬਣਾਉਣ \'ਚ ਮਦਦ ਕਰੇਗਾ। ਇਸ ਮਗਰੋਂ ਪ੍ਰਧਾਨ ਮੰਤਰੀ ਨੇ ਮੰਦਰ ਮਾਰਗ ਸਥਿਤ ਬਾਲਮੀਕ ਸਦਨ ਜਾ ਕੇ ਉਥੇ ਪਖਾਨਿਆਂ ਦਾ ਉਦਘਾਟਨ ਕੀਤਾ ਅਤੇ ਖੁਦ ਝਾੜੂ ਲਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਜ਼ਿਕਰਯੋਗ ਹੈ ਕਿ ਮਹਾਤਮਾ ਗਾਂਧੀ ਬਾਲਮੀਕ ਸਦਨ ਵਿਖੇ ਬੱਚਿਆਂ ਨੂੰ ਪੜ੍ਹਾਇਆ ਕਰਦੇ ਸਨ। ਇਸ ਮਗਰੋਂ ਉਹ ਅਚਾਨਕ ਬਾਲਮੀਕ ਸਦਨ ਨੇੜਲੇ ਪੁਲਸ ਥਾਣੇ \'ਚ ਚਲੇ ਗਏ। ਮੋਦੀ ਨੂੰ ਅਚਾਨਕ ਥਾਣੇ \'ਚ ਦੇਖ ਕੇ ਸਾਰੇ ਮੁਲਾਜ਼ਮ ਹੈਰਾਨ ਰਹਿ ਗਏ। ਮੋਦੀ ਨੇ ਕਿਹਾ ਕਿ ਦੇਸ਼ ਵਾਸੀਆਂ ਨੂੰ ਦੇਸ਼ ਦੀ ਸਫ਼ਾਈ ਲਈ ਆਪਣੀ ਮਾਨਸਿਕਤਾ \'ਚ ਬਦਲਾਅ ਲਿਆਉਣ ਅਤੇ ਇਕਜੁਟ ਹੋਣ ਦੀ ਜ਼ਰੂਰਤ ਹੈ। ਉਨ੍ਹਾ ਕਿਹਾ ਕਿ ਦੇਸ਼ ਨੂੰ ਸਾਫ਼ ਰੱਖਣ ਦੀ ਜ਼ਿੰਮੇਵਾਰੀ ਸਿਰਫ਼ ਸਫ਼ਾਈ ਕਰਮਚਾਰੀਆਂ ਦੀ ਨਹੀਂ ਸਗੋਂ ਸਾਰਿਆਂ ਦੀ ਹੈ। ਉਨ੍ਹਾ ਕਿਹਾ ਕਿ ਜੇ ਭਾਰਤ ਮੰਗਲ \'ਤੇ ਪਹੁੰਚ ਸਕਦਾ ਹੈ ਤਾਂ ਭਾਰਤੀ ਦੇਸ਼ ਨੂੰ ਸਾਫ਼ ਸੁਥਰਾ ਵੀ ਰੱਖ ਸਕਦੇ ਹਨ। ਮਹਾਤਮਾ ਗਾਂਧੀ ਦੀ ਪੋਤਰੀ ਸੁਮਿਤਰਾ ਗਾਂਧੀ ਕੁਲਕਰਨੀ ਨੇ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਦੀ ਸ਼ਲਾਘਾ ਕਰਦਿਆਂ ਕਿ ਇਸ ਤੋਂ ਪਤਾ ਚਲਦਾ ਹੈ ਕਿ ਦੇਸ਼ ਦੀ ਸੋਚ ਕਿਸੇ ਪਾਸੇ ਵੱਲ ਜਾ ਰਹੀ ਹੈ। ਉਨ੍ਹਾ ਕਿਹਾ ਕਿ ਸਰਕਾਰ ਦੇ ਪੱਧਰ \'ਤੇ ਇਹ ਇੱਕ ਅਹਿਮ ਪਹਿਲ ਹੈ।

3169 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper