ਅਫ਼ਰੀਕੀ ਦੇਸ਼ ਕਾਂਗੋ ਤੋਂ ਹੋਈ ਸੀ ਐੱਚ ਆਈ ਵੀ ਦੀ ਸ਼ੁਰੂਆਤ

ਵਿਗਿਆਨੀਆਂ ਨੇ ਉਸ ਥਾਂ ਦਾ ਪਤਾ ਲਾਇਆ ਹੈ, ਜਿਥੋਂ ਐਚ ਆਈ ਵੀ ਉਭਰਿਆ। ਇਸ ਵਾਇਰਸ ਨੇ ਪਿਛਲੇ 30 ਸਾਲਾਂ 'ਚ 7 ਕਰੋੜ 60 ਲੱਖ ਲੋਕਾਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ ਹੈ ਅਤੇ ਕਈ ਕਰੋੜ ਲੋਕ ਅਜੇ ਵੀ ਇਸ ਨਾਲ ਜੂਝ ਰਹੇ ਹਨ।rnਹਜ਼ਾਰਾਂ ਵਿਸ਼ਾਣੂਆਂ ਦੇ ਜੈਨੇਟਿਕ ਵਿਸ਼ਲੇਸ਼ਣ ਮਗਰੋਂ ਇਹ ਗੱਲ ਸਾਫ਼ ਹੋ ਗਈ ਹੈ ਕਿ ਐਚ ਆਈ ਵੀ ਨੇ ਕਿੰਸ਼ਸਾ ਤੋਂ ਪੈਰ ਪਸਾਰਨੇ ਸ਼ੁਰੂ ਕੀਤੇ ਅਤੇ ਹੌਲੀ-ਹੌਲੀ ਉਹ ਸਾਰੀ ਦੁਨੀਆ 'ਤੇ ਛਾ ਗਿਆ। ਕਿੰਸ਼ਸਾ ਉਸ ਵੇਲੇ ਕਾਂਗੋ ਦੀ ਰਾਜਧਾਨੀ ਹੁੰਦਾ ਸੀ ਅਤੇ ਕੇਂਦਰੀ ਅਫ਼ਰੀਕਾ ਦਾ ਸਭ ਤੋਂ ਵੱਡਾ ਸ਼ਹਿਰ ਸੀ। ਉਥੋਂ ਐਚ ਆਈ ਵੀ ਦਾ ਪ੍ਰਸਾਰ ਬਹੁਤ ਤੇਜ਼ੀ ਨਾਲ ਹੋਇਆ। ਇਹ ਸ਼ਹਿਰ ਮੀਟ ਦਾ ਵੱਡਾ ਬਜ਼ਾਰ ਸੀ ਅਤੇ ਪੂਰੇ ਕੇਂਦਰੀ ਅਫ਼ਰੀਕਾ ਦੇ ਲੋਕ ਇਥੇ ਆਉਂਦੇ ਸਨ ਅਤੇ ਇਹੋ ਕਾਰਨ ਹੈ ਕਿ ਇਹ ਵਾਇਰਸ ਪੂਰੀ ਤੇਜ਼ੀ ਨਾਲ ਮਹਾਂਦੀਪ 'ਚ ਫੈਲ ਗਿਆ। ਇੱਕ ਅਨੁਮਾਨ ਅਨੁਸਾਰ ਇਸ ਵੇਲੇ ਦੁਨੀਆ 'ਚ 3 ਕਰੋੜ 50 ਲੱਖ ਲੋਕ ਐਚ ਆਈ ਵੀ ਦੀ ਲਪੇਟ 'ਚ ਹਨ। ਆਕਸਫੋਰਡ ਯੂਨੀਵਰਸਿਟੀ ਦੇ ਸਾਇੰਸਦਾਨਾਂ ਮੁਤਾਬਕ ਐਚ ਆਈ ਵੀ 1 ਦੀ ਖੋਜ ਤੋਂ 30 ਸਾਲਾਂ ਬਾਅਦ ਇਹ ਪਤਾ ਲਾਉਣ 'ਚ ਸਫ਼ਲਤਾ ਮਿਲੀ ਹੈ ਕਿ ਕੇਂਦਰੀ ਅਫ਼ਰੀਕਾ ਦੇ ਵੱਡੇ ਸ਼ਹਿਰ ਕਿੰਸ਼ਸਾ ਤੋਂ ਹੀ 1920 ਦੇ ਦਹਾਕੇ 'ਚ ਇਸ ਵਾਇਰਸ ਦੀ ਸ਼ੁਰੂਆਤ ਹੋਈ। ਉਨ੍ਹਾ ਕਿਹਾ ਕਿ ਅਸੀਂ ਕਈ ਅਧਿਐਨ ਕੀਤੇ ਅਤੇ ਹਰ ਵਾਰ ਚੀਜ਼ਾਂ ਇਸੇ ਸ਼ਹਿਰ ਵੱਲ ਸੰਕੇਤ ਕਰਦੀਆਂ ਸਨ ਅਤੇ ਇਸ ਗੱਲ ਦਾ ਪਤਾ ਸਾਨੂੰ ਉਸ ਵੇਲੇ ਲਗਾ, ਜਦੋਂ ਅਸੀਂ ਐਚ ਆਈ ਵੀ ਨਾਲ ਜੁੜੇ ਵੱਖ-ਵੱਖ ਪਹਿਲੂਆਂ ਵੱਲ ਧਿਆਨ ਦਿੱਤਾ। ਵਿਗਿਆਨੀਆਂ ਅਨੁਸਾਰ 13 ਤਰ੍ਹਾਂ ਦੇ ਇਹਨਾਂ ਵਾਇਰਸਾਂ ਨੇ ਚਿੰਪੈਂਜੀ, ਗੌਰਿਲਾ, ਬਾਂਦਰ ਅਤੇ ਫੇਰ ਮਨੁੱਖਾਂ ਨੂੰ ਆਪਣੀ ਲਪੇਟ 'ਚ ਲਿਆ ਅਤੇ ਇਹਨਾਂ 'ਚੋਂ ਸਿਰਫ਼ ਇੱਕ ਜਿਸ ਨੂੰ ਐਚ ਆਈ ਵੀ 1 ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਇੱਕ ਮਹਾਂਮਾਰੀ ਵਾਂਗ ਪੂਰੀ ਦੁਨੀਆ 'ਚ ਫੈਲ ਗਿਆ। ਵਿਗਿਆਨੀਆਂ ਅਨੁਸਾਰ ਗਰੁੱਪ ਐਮ ਅਤੇ ਓ ਦੇ ਵਾਇਰਸ 1960 ਦੇ ਦਹਾਕੇ ਤੱਕ ਤਕਰੀਬਨ ਇਕੋ ਜਿਹੀ ਤੇਜ਼ੀ ਨਾਲ ਫੈਲਦੇ ਰਹੇ, ਪਰ ਇਸ ਮਗਰੋਂ ਗਰੁੱਪ ਐਮ ਦੇ ਵਾਇਰਸ ਦੇ ਫੈਲਣ ਦੀ ਰਫ਼ਤਾਰ ਤਿੰਨ ਗੁਣਾ ਵਧ ਗਈ, ਜਿਸ ਲਈ ਡਾਕਟਰਾਂ ਵੱਲੋਂ ਵਰਤੀਆਂ ਜਾਂਦੀਆਂ ਸਰਿੰਜਾਂ ਅਤੇ ਵੇਸਵਾਗਿਰੀ ਨੂੰ ਜ਼ਿੰਮੇਵਾਰ ਮੰਨਿਆ ਗਿਆ। ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਉਲੀਪਰ ਪਾਈਬਸ ਨੇ ਕਿਹਾ ਕਿ 1940 ਦੇ ਦਹਾਕੇ ਦੇ ਅੰਤ 'ਚ ਰੇਲ ਰਾਹੀਂ ਤਕਰੀਬਨ 10 ਲੱਖ ਲੋਕ ਹਰ ਸਾਲ ਕਿੰਸ਼ਸਾ ਆਉਂਦੇ ਸਨ ਅਤੇ ਸਾਡੇ ਜੈਨੇਟਿਟ ਡਾਟਾ ਮੁਤਾਬਕ ਇਹੋ ਉਹ ਸਮਾਂ ਸੀ, ਜਦੋਂ ਪੱਛਮੀ ਯੂਰਪ ਜਿੰਨੇ ਵੱਡੇ ਦੇਸ਼ ਕਾਂਗੋ 'ਚ ਐਚ ਆਈ ਵੀ ਤੇਜ਼ੀ ਨਾਲ ਫੈਲਿਆ।