Latest News

ਭਾਰਤ ਨੇ ਕਬੱਡੀ ਦੇ ਦੋਵੇਂ ਗੋਲਡ ਮੈਡਲ ਜਿੱਤੇ

ਭਾਰਤ ਨੇ ਏਸ਼ੀਆਈ ਖੇਡਾਂ \'ਚ ਆਪਣੀ ਮੁਹਿੰਮ ਦੀ ਸਮਾਪਤੀ ਅੱਜ ਮੁੰਡਿਆਂ ਅਤੇ ਕੁੜੀਆਂ ਦੇ ਕਬੱਡੀ ਮੁਕਾਬਲਿਆਂ \'ਚ ਗੋਲਡ ਮੈਡਲਾਂ ਨਾਲ ਕੀਤੀ। ਅੱਜ ਦੋ ਗੋਲਡ ਮੈਡਲ ਜਿੱਤੇ ਕੇ ਭਾਰਤ ਮੈਡਲ ਸੂਚੀ \'ਚ ਅੱਠਵੇਂ ਨੰਬਰ \'ਤੇ ਪੁੱਜ ਗਿਆ। ਭਾਰਤ ਨੇ ਏਸ਼ੀਆਈ ਖੇਡਾਂ \'ਚ ਕੁਲ 57 ਮੈਡਲ ਜਿੱਤੇ। ਕੁੜੀਆਂ ਦੀ ਕਬੱਡੀ ਟੀਮ ਨੇ ਫਾਈਨਲ ਮੁਕਾਬਲੇ \'ਚ ਈਰਾਨ ਵਿਰੁੱਧ ਅਸਾਨ ਜਿੱਤ ਹਾਸਲ ਕੀਤੀ, ਜਦਕਿ ਮੁੰਡਿਆਂ ਨੂੰ ਈਰਾਨ ਦੀ ਟੀਮ ਵਿਰੁੱਧ ਫਾਈਨਲ ਮੁਕਾਬਲਾ ਜਿੱਤਣ ਲਈ ਬਹੁਤ ਪਸੀਨਾ ਵਹਾਉਣ ਪਿਆ ਅਤੇ ਮੈਚ \'ਚ ਜ਼ਿਆਦਾ ਸਮਾਂ ਭਾਰਤੀ ਟੀਮ ਪਛੜੀ ਰਹੀ, ਪਰ ਆਖਰੀ ਸਮੇਂ ਕੀਤੀ ਮਿਹਨਤ ਨਾਲ ਗੋਲਡ ਮੈਡਲ ਜਿੱਤਣ \'ਚ ਸਫ਼ਲ ਰਹੀ।\r\nਭਾਰਤ ਏਸ਼ੀਆਈ ਖੇਡਾਂ \'ਚ 11 ਗੋਲਡ, 9 ਸਿਲਵਰ ਅਤੇ 37 ਕਾਂਸੇ ਦੇ ਤਮਗੇ ਜਿੱਤ ਕੇ ਅੱਠਵੇਂ ਨੰਬਰ \'ਤੇ ਰਿਹਾ। ਇਹਨਾਂ ਮੁਕਾਬਲਿਆਂ \'ਚ ਚੀਨ ਸੋਨੇ ਦੇ 145, ਚਾਂਦੀ ਦੇ 103 ਅਤੇ ਕਾਂਸੇ ਦੇ 81 ਮੈਡਲ ਜਿੱਤ ਕੇ ਸਭ ਤੋਂ ਉੱਪਰ ਰਿਹਾ। ਮੌਜੂਦਾ ਖੇਡਾਂ \'ਚ ਭਾਰਤ ਦਾ ਪ੍ਰਦਰਸ਼ਨ ਆਸ ਮੁਤਾਬਕ ਨਹੀਂ ਰਿਹਾ ਅਤੇ ਉਸ ਨੇ ਪਿਛਲੀਆਂ ਏਸ਼ੀਆਈ ਖੇਡਾਂ ਦੇ ਮੁਕਾਬਲੇ ਘੱਟ ਮੈਡਲ ਜਿੱਤੇ।\r\nਅੱਜ ਮਰਦਾਂ ਦੇ ਕਬੱਡੀ ਮੁਕਾਬਲੇ \'ਚ ਭਾਰਤ ਨੇ ਈਰਾਨ ਨੂੰ 27-25 ਨਾਲ ਹਰਾ ਕੇ ਕਬੱਡੀ \'ਚ ਲਗਾਤਾਰ ਸੱਤਵਾਂ ਗੋਲਡ ਮੈਡਲ ਜਿੱਤਿਆ। ਇਸ ਤੋਂ ਪਹਿਲਾਂ ਭਾਰਤ ਮੁਟਿਆਰਾਂ ਨੇ ਕਬੱਡੀ ਦੇ ਫਾਈਨਲ ਮੁਕਾਬਲੇ \'ਚ ਈਰਾਨ ਦੀ ਕੁੜੀਆਂ ਨੂੰ 31-21 ਦੇ ਫ਼ਰਕ ਨਾਲ ਹਰਾ ਕੇ ਗੋਡਲ ਮੈਡਲ ਜਿੱਤਿਆ। ਭਾਰਤੀ ਮੁੰਡਿਆਂ ਦੀ ਟੀਮ ਮੁਕਾਬਲੇ \'ਚ ਜ਼ਿਆਦਾ ਸਮਾਂ ਪੱਛੜੀ ਰਹੀ ਅਤੇ ਆਖਰੀ 7 ਮਿੰਟ \'ਚ ਜ਼ਬਰਦਸਤ ਖੇਡ ਨਾਲ ਭਾਰਤ ਸਿਰਫ਼ ਦੋ ਅੰਕਾਂ ਦੇ ਮਾਮੂਲੀ ਫ਼ਰਕ ਨਾਲ ਜਿੱਤ ਹਾਸਲ ਕਰਨ \'ਚ ਸਫ਼ਲ ਹੋ ਸਕਿਆ। ਅੱਧ ਸਮੇਂ ਤੱਕ ਭਾਰਤੀ ਟੀਮ 13-21 ਦੇ ਵੱਡੇ ਫ਼ਰਕ ਨਾਲ ਪਿੱਛੇ ਚੱਲ ਰਹੀ ਸੀ ਅਤੇ ਉਸ ਵੇਲੇ ਲੱਗ ਰਿਹਾ ਸੀ ਕਿ ਪਿਛਲੇ ਚੈਂਪੀਅਨ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ, ਪਰ ਦੂਜੇ ਹਾਫ਼ \'ਚ ਭਾਰਤ ਨੇ ਵਧੀਆ ਖੇਡ ਨਾਲ ਬਰਾਬਰੀ ਹਾਸਲ ਕੀਤੀ ਅਤੇ ਅਖੀਰ 2 ਅੰਕਾਂ ਦੇ ਫ਼ਰਕ ਨਾਲ ਮੈਚ ਅਤੇ ਗੋਲਡ ਮੈਡਲ ਜਿੱਤ ਲਿਆ।\r\nਮੈਚ ਸ਼ੁਰੂ ਹੁੰਦਿਆਂ ਹੀ ਈਰਾਨ ਦੀ ਟੀਮ ਨੇ ਮੈਚ \'ਤੇ ਦਬਦਬਾ ਬਣਾਇਆ ਅਤੇ 17-7 ਦੀ ਵੱਡੀ ਲੀਡ ਪ੍ਰਾਪਤ ਕਰ ਲਈ, ਪਰ ਇਸ ਮਗਰੋਂ ਭਾਰਤੀ ਖਿਡਾਰੀਆਂ ਨੇ ਖੇਡ \'ਚ ਵਾਪਸੀ ਲਈ ਜ਼ੋਰ ਲਾਇਆ ਅਤੇ ਜਦੋਂ ਮੈਚ ਖ਼ਤਮ ਹੋਣ \'ਚ ਸਿਰਫ਼ 7 ਮਿੰਟ ਬਾਕੀ ਸਨ ਤਾਂ ਭਾਰਤੀ ਟੀਮ 21-24 ਨਾਲ ਪਿੱਛੇ ਸੀ, ਪਰ ਫੇਰ ਵਧੀਆ ਖੇਡ ਸਦਕਾ ਭਾਰਤ ਨੇ ਬਰਾਬਰੀ ਹਾਸਲ ਕੀਤੀ ਅਤੇ ਅਨੂਪ ਕੁਮਾਰ ਨੇ ਇੱਕ ਵਧੀਆ ਰੇਡ ਨਾਲ ਭਾਰਤ ਨੂੰ 25-24 ਨਾਲ ਅੱਗੇ ਕਰ ਦਿੱਤਾ ਅਤੇ ਮਗਰੋਂ ਈਰਾਨ ਦੇ ਰੇਡਰ ਨੂੰ ਫੜ ਕੇ ਲੀਡ ਦੋ ਅੰਕਾਂ ਦੀ ਦਰ ਲਈ ਜਿਹੜੀ ਫੈਸਲਾਕੁਨ ਸਾਬਤ ਹੋਈ ਅਤੇ ਭਾਰਤ ਨੇ ਗੋਲਡ ਮੈਡਲ ਆਪਣੀ ਝੋਲੀ \'ਚ ਪਾ ਲਿਆ।\r\nਇਸ ਤੋਂ ਪਹਿਲਾਂ ਮਹਿਲਾ ਟੀਮ ਨੇ ਦੂਜੇ ਹਾਫ਼ ਦੇ ਬੇਹਤਰ ਪ੍ਰਦਰਸ਼ਨ ਦੀ ਬਦੌਲਤ ਈਰਾਨ ਨੂੰ 31-21 ਨਾਲ ਹਰਾਇਆ। ਹਾਫ਼ ਟਾਈਮ ਤੱਕ ਭਾਰਤੀ ਟੀਮ 15-11 ਨਾਲ ਅੱਗੇ ਸੀ, ਪਰ ਦੂਜੇ ਹਾਫ਼ \'ਚ ਭਾਰਤੀ ਮੁਟਿਆਰਾਂ ਨੇ ਈਰਾਨੀ ਕੁੜੀਆਂ ਦੀ ਇੱਕ ਨਾ ਚੱਲਣ ਦਿੱਤੀ ਅਤੇ ਕਬੱਡੀ ਦਾ ਗੋਲਡ ਮੈਡਲ ਆਪਣੇ ਨਾਂਅ ਕਰ ਲਿਆ।\r\nਵਾਲੀਬਾਲ ਮੁਕਾਬਲੇ \'ਚ ਭਾਰਤ ਦੀ ਮਰਦਾਂ ਦੀ ਟੀਮ ਸਖ਼ਤ ਮੁਕਾਬਲੇ \'ਚ ਕਤਰ ਨੂੰ 3-2 ਨਾਲ ਹਰਾ ਕੇ ਪੰਜਵੇਂ ਨੰਬਰ \'ਤੇ ਰਹੀ, ਜਦਕਿ ਤਾਇਕਵਾਂਡੋ \'ਚ ਭਾਰਤੀ ਕੁੜੀਆਂ ਸ਼ਾਲੂ ਅਤੇ ਮਾਰਗਰੇਟ ਮਾਰੀਆ ਆਪਣੇ ਕੁਆਰਟਰ ਫਾਈਨਲ ਮੈਚ ਹਾਰ ਕੇ ਮੁਕਾਬਲੇ \'ਚੋਂ ਬਾਹਰ ਹੋ ਗਈਆਂ।

990 Views

e-Paper