ਬੇਮੌਸਮੀ ਮੀਂਹ ਨੇ ਕਿਸਾਨ ਬਰਫ 'ਚ ਲਾਏ

ਬੇਮੌਸਮੀ ਮੀਂਹ ਨੇ ਖੇਤਾਂ 'ਚ ਪੱਕੀ ਖੜੀ ਤੇ ਮਹਿਕਾਂ ਬਿਖੇਰ ਰਹੀ ਬਾਸਮਤੀ ਅਤੇ ਝੋਨੇ ਦੀ ਫਸਲ ਖੇਤਾਂ 'ਚ ਵਿਛਾ ਦਿੱਤੀ ਹੈ। ਫਸਲ ਦੇ ਪੱਕਣ ਕਾਰਨ ਕਮਜ਼ੋਰ ਹੋਈ ਪਰਾਲੀ ਝੱਖੜ ਦਾ ਸਾਹਮਣਾ ਨਾ ਕਰ ਸਕੀ ਅਤੇ ਫਸਲ ਖੇਤਾਂ 'ਚ ਵਿਛ ਗਈ। ਜੇਕਰ ਮੌਸਮ ਲਗਾਤਾਰ ਖਰਾਬ ਹੁੰਦਾ ਹੈ ਤਾਂ ਝੋਨੇ ਦੀ ਫਸਲ ਦਾ ਨੁਕਸਾਨ ਹੋਣ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ।rnਚੰਗੇ ਭਾਅ ਦੀ ਝਾਕ ਕਾਰਨ ਬਹੁਤੇ ਕਿਸਾਨਾਂ ਨੇ ਅੱਜੇ ਬਾਸਮਤੀ ਦੀ ਪੱਕੀ ਖੜੀ ਫਸਲ ਖੇਤਾਂ 'ਚ ਹੀ ਛੱਡੀ ਹੋਈ ਸੀ। ਮੰਡੀਆਂ 'ਚ ਇਸ ਵੇਲੇ 2 ਤੋਂ ਢਾਈ ਹਜ਼ਾਰ ਨੂੰ ਬਾਸਮਤੀ ਵਿਕ ਰਹੀ ਹੈ, ਜਦ ਕਿ ਪਿਛਲੇ ਸਾਲ 4 ਹਜ਼ਾਰ 4200 ਨੂੰ ਬਾਸਮਤੀ ਵਿੱਕ ਗਈ ਸੀ। ਚੰਗੇ ਭਾਅ ਦੀ ਆਸ ਅਤੇ ਪੰਜਾਬ ਸਰਕਾਰ ਦੀ ਸਲਾਹ 'ਤੇ ਕਿਸਾਨਾਂ ਨੇ ਇਸ ਵਾਰੀ ਬਾਸਮਤੀ ਹੇਠਾਂ ਰਕਬਾ ਵਧਾ ਦਿੱਤਾ ਸੀ।rnਮੀਂਹ ਕਾਰਨ ਝੋਨੇ ਦੀ ਕਟਾਈ ਦਾ ਕੰਮ ਰੁਕ ਗਿਆ ਹੈ, ਜਿਸ ਕਾਰਨ ਝੋਨੇ ਦੀ ਕਟਾਈ ਕੁਝ ਦਿਨਾਂ ਲਈ ਅੱਗੇ ਪੈ ਗਈ ਹੈ। ਨਮੀ ਦਾ ਬਹਾਨਾ ਬਣਾ ਕੇ ਖਰੀਦ ਏਜੰਸੀਆਂ ਦੇ ਅਧਿਕਾਰੀ ਪਹਿਲਾਂ ਹੀ ਝੋਨਾ ਖਰੀਦਣ ਤੋਂ ਨੱਕ-ਬੁੱਲ ਕੱਢ ਰਹੇ ਹਨ। ਬਾਸਮਤੀ ਤੋਂ ਇਲਾਵਾ ਝੋਨੇ ਦੀ ਖਰੀਦ 'ਚ ਵੀ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਸਰਕਾਰ ਵੱਲੋਂ ਮਿੱਥੇ ਗਏ ਘੱਟੋ-ਘੱਟ ਸਮੱਰਥਨ ਮੁੱਲ ਤੋਂ ਹੇਠਾਂ ਹੀ ਵਪਾਰੀਆਂ ਵੱਲੋਂ ਝੋਨੇ ਦੀ ਖਰੀਦ ਕੀਤੀ ਜਾ ਰਹੀ ਹੈ।rnਮੀਂਹ ਪਹਿਲਾਂ ਸਾਢੇ 12 ਕੁ ਵਜੇ ਸ਼ੁਰੂ ਹੋਇਆ ਅਤੇ ਇਹ ਅੱਧਾ ਘੰਟਾ ਛਰਾਟਿਆਂ ਨਾਲ ਪੈਂਦਾ ਰਿਹਾ ਅਤੇ ਧੁੱਪ 'ਚ ਹੀ ਰੁੱਕ-ਰੁੱਕ ਕੇ ਮੀਂਹ ਪੈਣ ਦਾ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ। ਇਸ ਤੋਂ ਬਾਅਦ ਡੇਢ ਕੁ ਵਜੇ ਅਸਮਾਨ 'ਚ ਇੱਕਦਮ ਕਾਲੀ ਘਟਾ ਛਾ ਗਈ, ਜਿਸ ਤੋਂ ਬਾਅਦ ਝੱਖੜ ਦੇ ਨਾਲ ਭਾਰੀ ਮੀਂਹ ਵੀ ਆਇਆ। ਇਸ ਬੇਮੌਸਮੇ ਮੀਂਹ ਨੇ ਕੱਛਾਂ ਵਜਾ ਰਹੇ ਕਿਸਾਨਾਂ ਨੂੰ ਬਰਫ 'ਚ ਲਾ ਕੇ ਰੱਖ ਦਿੱਤਾ ਹੈ, ਕਿਉਂਕਿ ਅਜੇ ਤੱਕ ਕੇਵਲ ਬਾਸਮਤੀ ਦੀ 15 ਫੀਸਦੀ ਕਟਾਈ ਹੋਈ ਹੈ, ਜਦ ਕਿ ਪੂਸਾ ਕਿਸਮ ਦਾ ਝੋਨਾ ਅਜੇ ਖੇਤਾਂ 'ਚ ਖੜਾ ਹੈ ਅਤੇ ਇਸ ਦੇ ਪੱਕਣ 'ਚ ਇੱਕ ਹਫਤੇ ਦਾ ਹੋਰ ਸਮਾਂ ਲੱਗ ਸਕਦਾ ਹੈ।rnਛਾਜਲੀ, (ਜਸਬੀਰ ਲਾਡੀ)- ਕੜਕਦੀ ਬਿਜਲੀ, ਕਾਲੇ ਬੱਦਲ, ਤੇਜ਼ ਤੂਫਾਨ ਕਾਰਨ ਇਲਾਕੇ ਦੇ ਕਿਸਾਨਾਂ ਦੀ ਮੁੱਠੀ 'ਚ ਜਾਨ ਆ ਗਈ। ਤੇਜ਼ ਤੂਫਾਨ ਕਾਰਨ ਬਾਸਮਤੀ, ਝੋਨੇ ਦੀ ਪੱਕੀ ਫਸਲ ਦਾ ਕਾਫੀ ਵੱਡਾ ਨੁਕਸਾਨ ਹੋਇਆ। ਝੋਨੇ ਦੀ ਫਸਲ ਧਰਤੀ 'ਤੇ ਲੰਮੀ ਵਿਛਾ ਦਿੱਤੀ। ਇਸ ਦੇ ਸੰਬੰਧ 'ਚ ਗੱਲਬਾਤ ਕਰਦਿਆਂ ਸਾਬਕਾ ਮੈਂਬਰ ਪੰਚਾਇਤ ਤੇ ਉੱਘੇ ਕਿਸਾਨ ਜਸਵੀਰ ਸਿੰਘ ਜੱਸਾ ਨੇ ਕਿਹਾ ਕਿ ਇਹ ਤੂਫਾਨ ਤੇ ਬਾਰਸ਼ ਕਾਰਨ ਪ੍ਰਤੀ ਏਕੜ 2 ਕੁਇੰਟਲ ਦੇ ਲੱਗਭੱਗ ਨੁਕਸਾਨ ਹੋਇਆ ਹੈ। ਦੂਜੇ ਪਾਸੇ ਪੰਜਾਬ ਸਰਕਾਰ ਬਾਸਮਤੀ ਝੋਨਾ ਖਰੀਦਣ ਲਈ ਕਿਸਾਨਾਂ ਦੀ ਬਾਂਹ ਨਹੀਂ ਫੜ ਰਹੀ ਅਤੇ ਪ੍ਰਾਈਵੇਟ ਖਰੀਦ ਕਾਰਨ ਕਿਸਾਨੀ ਦੀ ਸਰੇਆਮ ਲੁੱਟ ਹੋ ਰਹੀ ਹੈ। ਪਿਛਲੇ ਸਾਲ ਦੇ ਮੁਕਾਬਲੇ ਬਾਸਮਤੀ ਝੋਨਾ 1700-1800 ਘੱਟ ਕੀਮਤ 'ਤੇ ਖਰੀਦਿਆ ਜਾ ਰਿਹਾ ਹੈ। ਵਪਾਰੀ ਆਪਣੀ ਮਨਮਰਜ਼ੀ ਕਰ ਰਿਹਾ ਹੈ, ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਉਹਨਾਂ ਨਾਲ ਮੌਕੇ 'ਤੇ ਕਿਸਾਨ ਰਣਜੀਤ ਲਾਡੀ, ਜੱਗੀ ਸਿੰਘ, ਪਿਆਰਾ ਸਿੰਘ, ਗਿਆਨ ਸਿੰਘ ਆਦਿ ਹਾਜ਼ਰ ਸਨ।