ਹੁਦਹੁਦ ਨੇ 24 ਜਾਨਾਂ ਲਈਆਂ

ਵਿਸ਼ਾਖਾਪਟਨਮ ਅਤੇ ਉੜੀਸਾ ਵਿੱਚ ਭਾਰੀ ਤਬਾਹੀ ਮਚਾਉਣ ਤੋਂ ਬਾਅਦ ਹੁਦਹੁਦ ਛਤੀਸਗੜ੍ਹ ਪਹੁੰਚ ਗਿਆ ਹੈ। ਛਤੀਸਗੜ੍ਹ ਪਹੁੰਚਣ ਤੋਂ ਬਾਅਦ ਤੂਫ਼ਾਨ ਕਮਜ਼ੋਰ ਪੈ ਗਿਆ ਹੈ, ਹਾਲਾਂਕਿ ਸੂਬੇ ਵਿੱਚ ਤੂਫ਼ਾਨ ਕਾਰਨ ਅਜੇ ਵੀ ਤੇਜ਼ ਹਵਾਵਾਂ ਚੱਲ ਰਹੀਆਂ ਹਨ ਅਤੇ ਤੇਜ਼ ਮੀਂਹ ਪੈ ਰਿਹਾ ਹੈ। ਤੂਫ਼ਾਨ ਦੇ ਦਬਾਅ ਕਾਰਨ ਛਤੀਸਗੜ੍ਹ ਤੋਂ ਇਲਾਵਾ ਉੜੀਸਾ ਅਤੇ ਪੂਰਬੀ ਯੂ ਪੀ ਵਿੱਚ ਵੀ ਭਾਰੀ ਮੀਂਹ ਪੈ ਰਿਹਾ ਹੈ। ਹੁਦਹੁਦ ਨੇ 24 ਜਾਨਾਂ ਲਈਆਂ ਹਨ। ਆਂਧਰਾ ਪ੍ਰਦੇਸ਼ ਵਿੱਚ 21 ਅਤੇ ਉੜੀਸਾ ਵਿੱਚ ਤੂਫਾਨ ਕਾਰਨ 3 ਵਿਅਕਤੀ ਮਾਰੇ ਗਏ ਹਨ। ਹੁਦਹੁਦ ਦਾ ਅਸਰ ਬਿਹਾਰ ਅਤੇ ਝਾਰਖੰਡ ਤੱਕ ਪਹੁੰਚਿਆ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ਦੌਰਾਨ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਆਂਧਰਾ ਪ੍ਰਦੇਸ਼ ਅਤੇ ਉੜੀਸਾ ਸਰਕਾਰਾਂ ਤੂਫ਼ਾਨ ਦੇ ਨਿਕਲ ਜਾਣ ਤੋਂ ਬਾਅਦ ਪ੍ਰਭਾਵਤ ਜ਼ਿਲ੍ਹਿਆਂ ਵਿੱਚ ਰਾਹਤ ਅਤੇ ਬਚਾਅ ਕਾਰਜਾਂ 'ਚ ਜੁੱਟ ਗਈਆਂ ਹਨ। ਆਂਧਰਾ ਪ੍ਰਦੇਸ਼ ਵਿੱਚ ਹੁਦਹੁਦ ਤੂਫ਼ਾਨ ਕਾਰਨ 320 ਪਿੰਡਾਂ ਦੇ ਕੋਈ ਦੋ ਲੱਖ 48 ਹਜ਼ਾਰ ਲੋਕ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ। ਤੂਫ਼ਾਨ ਤੋਂ ਪਹਿਲਾਂ ਕੋਈ ਇੱਕ ਲੱਖ ਪੈਂਤੀ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਕੱਢ ਕੇ 223 ਰਿਲੀਫ਼ ਕੈਂਪਾਂ ਵਿੱਚ ਰੱਖਿਆ ਗਿਆ ਹੈ। ਤੂਫ਼ਾਨ ਕਾਰਨ ਹੁਣ ਤੱਕ ਕੋਈ ਅੱਠ ਵਿਅਕਤੀ ਮਾਰੇ ਗਏ ਹਨ। ਵਿਸ਼ਾਖਾਪਟਨਮ ਵਿੱਚ ਤੂਫ਼ਾਨ ਕਾਰਨ ਸੈਂਕੜੇ ਦਰੱਖ਼ਤ ਅਤੇ ਬਿਜਲੀ ਦੇ ਖੰਭੇ ਡਿੱਗ ਪਏ ਹਨ। ਤੂਫ਼ਾਨ ਕਾਰਨ ਕਈ ਮਕਾਨਾਂ ਦੀਆਂ ਛੱਤਾਂ ਉੱਡ ਗਈਆਂ। ਤੂਫ਼ਾਨ ਦੇ ਝੰਬੇ ਇੱਕ ਵਿਅਕਤੀ ਨੇ ਦੱਸਿਆ ਹੈ ਕਿ ਸ਼ਹਿਰ ਵਿੱਚ ਨਾ ਤਾਂ ਬਿਜਲੀ ਹੈ, ਨਾ ਪਾਣੀ ਅਤੇ ਦੁੱਧ ਅਤੇ ਨਾ ਹੀ ਪੈਟਰੋਲ ਮਿਲ ਰਿਹਾ ਹੈ। ਤੂਫ਼ਾਨ ਕਾਰਨ ਬਿਜਲੀ ਅਤੇ ਪਾਣੀ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਨੁਕਸਾਨੇ ਜਾਣ ਕਾਰਨ ਬਹੁਤ ਸਾਰੇ ਪੈਟਰੋਲ ਪੰਪ ਬੰਦ ਪਏ ਹਨ। ਤੂਫ਼ਾਨ ਕਾਰਨ ਹਵਾਈ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਛਤੀਸਗੜ੍ਹ ਅਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਕੇ ਉਥੋਂ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ ਹੈ। ਆਂਧਰਾ ਦੇ ਵਿਸ਼ਾਖਾਪਟਨਮ, ਵਿਜਯ ਨਗਰ, ਸ੍ਰੀਕਾਲੁਮ ਅਤੇ ਪੂਰਬੀ ਗੋਦਾਵਰੀ ਜ਼ਿਲ੍ਹੇ ਤੂਫ਼ਾਨ ਨਾਲ ਸਭ ਤੋਂ ਵੱਧ ਪ੍ਰਭਾਵਤ ਹੋਏ ਹਨ। ਤੂਫ਼ਾਨ ਕਾਰਨ ਮੋਬਾਇਲ ਟਾਵਰ ਨੁਕਸਾਨੇ ਗਏ ਅਤੇ ਫ਼ੋਨ ਸੇਵਾਵਾਂ ਬੰਦ ਹੋ ਗਈਆਂ ਹਨ। ਸੜਕਾਂ 'ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ। rnਉੜੀਸਾ ਦੇ ਦਸ ਜ਼ਿਲ੍ਹਿਆਂ ਦੇ ਕੋਈ ਦੋ ਲੱਖ ਲੋਕਾਂ ਨੂੰ ਤੱਟੀ ਇਲਾਕਿਆਂ 'ਚੋਂ ਸੁਰੱਖਿਆਤ ਥਾਵਾਂ 'ਤੇ ਕੱਢਿਆ ਗਿਆ ਸੀ। ਉੜੀਸਾ ਵਿੱਚ ਤੂਫ਼ਾਨ ਕਾਰਨ ਤਿੰਨ ਲੋਕਾਂ ਦੀਆਂ ਜਾਨਾਂ ਗਈਆਂ ਹਨ। ਚੱਕਰਵਰਤੀ ਤੂਫ਼ਾਨ ਕਾਰਨ ਬਹੁਤੀਆਂ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।