Latest News
\'ਅੰਮਾ\' ਦੀ ਘਰ ਵਾਪਸੀ \'ਤੇ ਵਿਆਹ ਵਰਗਾ ਮਾਹੌਲ
ਅੰਨਾ ਡੀ ਐੱਮ ਕੇ ਦੀ ਮੁਖੀ ਅਤੇ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੇ ਜੈਲਲਿਤਾ ਦੇ ਜੇਲ੍ਹ ਤੋਂ ਛੁੱਟ ਕੇ ਸ਼ਨੀਵਾਰ ਨੂੰ ਚੇਨਈ ਵਾਪਸ ਆਉਣ \'ਤੇ ਪਾਰਟੀ ਵਰਕਰਾਂ ਅਤੇ ਸਮੱਰਥਕਾਂ ਨੇ ਦਿਲ ਖੋਲ੍ਹ ਕੇ ਜਸ਼ਨ ਮਨਾਏ। ਆਪਣੀ ਆਗੂ ਦੀ ਝਲਕ ਪਾਉਣ ਤੇ ਉਸ ਦਾ ਸਵਾਗਤ ਕਰਨ ਲਈ ਸ਼ੈਦਾਈ ਹੋਏ ਲੋਕਾਂ ਨੇ ਥਾਂ-ਥਾਂ ਸਵਾਗਤੀ ਗੇਟ ਬਣਾਏ ਹੋਏ ਸਨ। ਦੀਵਾਰਾਂ ਅਤੇ ਚੌਰਾਹੇ \'ਅੰਮਾ\' ਦੀਆਂ ਤਸਵੀਰਾਂ ਨਾਲ ਭਰੇ ਪਏ ਸਨ। ਬੰਗਲੌਰ ਤੋਂ ਜੈਲਲਿਤਾ ਦੇ ਰਵਾਨਾ ਹੋਣ ਤੋਂ ਪਹਿਲਾਂ ਹੀ ਉਸ ਦੇ ਪੋਇਸ ਗਾਰਡਨ ਸਥਿਤ ਸਰਕਾਰੀ ਰਿਹਾਇਸ਼ \'ਤੇ ਜਸ਼ਨ ਦੀ ਤਿਆਰੀ ਹੋ ਚੁੱਕੀ ਸੀ। ਜੈਲਲਿਤਾ ਦੇ ਸਮੱਰਥਕ ਪਿਆਰ ਨਾਲ ਉਸ ਨੂੰ \'ਅੰਮਾ\' ਦੇ ਨਾਂਅ ਨਾਲ ਪੁਕਾਰ ਰਹੇ ਸਨ। ਚੇਨਈ \'ਚ ਭਾਰੀ ਬਾਰਸ਼ ਦੇ ਬਾਵਜੂਦ ਅੰਨਾ ਡੀ ਐੱਮ ਕੇ ਦੇ ਸਮੱਰਥਕਾਂ ਨੇ ਹਵਾਈ ਅੱਡੇ ਤੋਂ ਲੈ ਕੇ ਪੋਇਸ ਗਾਰਡਨ ਤੱਕ ਕਈ ਕਿਲੋਮੀਟਰ ਲੰਮੀ ਮਨੁੱਖੀ ਲੜੀ ਬਣਾਈ ਹੋਈ ਸੀ। ਜੈਲਲਿਤਾ ਜਿਉਂ ਹੀ ਵਿਸ਼ੇਸ਼ ਜਹਾਜ਼ ਰਾਹੀਂ ਚੇਨਈ ਪਹੁੰਚੀ, ਉਸ ਦੇ ਸਮੱਰਥਕਾਂ ਤੇ ਪਾਰਟੀ ਵਰਕਰਾਂ ਨੇ ਪਟਾਕੇ ਚਲਾ ਕੇ, ਮਠਿਆਈਆਂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।\r\nਇਸ ਤੋਂ ਪਹਿਲਾਂ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਬੰਗਲੌਰ ਜੇਲ੍ਹ \'ਚੋਂ ਰਿਹਾਅ ਹੋ ਗਈ। ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ \'ਚ ਦੋਸ਼ੀ ਠਹਿਰਾਈ ਗਈ ਜੈਲਲਿਤਾ ਨੂੰ ਸ਼ੁੱਕਰਵਾਰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ।\r\nਜਿਉਂ ਹੀ ਜੈਲਲਿਤਾ ਨੇ ਜੇਲ੍ਹ \'ਚੋਂ ਬਾਹਰ ਪੈਰ ਰੱਖਿਆ, ਉਨ੍ਹਾ ਦੇ ਹਮਾਇਤੀਆਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ ਅਤੇ ਬਹੁਤ ਸਾਰੇ ਹਮਾਇਤੀ ਸੁਰੱਖਿਆ ਘੇਰਾ ਤੋੜ ਕੇ ਉਨ੍ਹਾ ਦੇ ਕਾਫ਼ਲੇ \'ਚ ਮਿਲ ਗਏ, ਜਿਨ੍ਹਾਂ ਨੂੰ ਹਟਾਉਣ ਲਈ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ।\r\nਜੈਲਲਿਤਾ ਦੀ ਰਿਹਾਈ ਨੂੰ ਦੇਖਦਿਆਂ ਬੰਗਲੌਰ ਦੀ ਜੇਲ੍ਹ ਦੇ ਬਾਹਰ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਸਨ ਅਤੇ ਖਾਸ ਤੌਰ \'ਤੇ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਇੱਕ ਹਜ਼ਾਰ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਪੁਲਸ ਦੇ ਸੀਨੀਅਰ ਅਧਿਕਾਰੀਆਂ ਤੋਂ ਛੁੱਟ 5 ਡੀ ਸੀ ਪੀ ਵੀ ਤਾਇਨਾਤ ਕੀਤੇ ਗਏ ਸਨ।\r\nਜ਼ਿਕਰਯੋਗ ਹੈ ਕਿ ਅੰਨਾ ਡੀ ਐਮ ਕੇ ਦੀ ਸੁਪਰੀਮੋ ਨੂੰ ਵੱਡੀ ਰਾਹਤ ਦਿੰਦਿਆਂ ਸ਼ੁੱਕਰਵਾਰ ਨੂੰ ਉਨ੍ਹਾ ਦੀ ਜ਼ਮਾਨਤ ਅਰਜ਼ੀ ਪ੍ਰਵਾਨ ਕਰ ਲਈ ਸੀ। ਸੁਪਰੀਮ ਕੋਰਟ ਨੇ ਉਨ੍ਹਾ ਦੀ ਸਜ਼ਾ \'ਤੇ 18 ਦਸੰਬਰ ਤੱਕ ਰੋਕ ਲਾ ਦਿੱਤੀ ਹੈ। ਸੁਪਰੀਮ ਕੋਰਟ ਨੇ ਜੈਲਲਿਤਾ ਨੂੰ ਇਸ ਭਰੋਸੇ ਮਗਰੋਂ ਜ਼ਮਾਨਤ ਦਿੱਤੀ ਕਿ ਉਹ ਹਾਈ ਕੋਰਟ ਤੋਂ ਸਟੇਅ ਨਹੀਂ ਮੰਗੇਗੀ ਅਤੇ ਦੋ ਮਹੀਨਿਆਂ \'ਚ ਆਪਣੀ ਅਪੀਲ ਨਾਲ ਸਾਰੇ ਤੱਥ ਅਤੇ ਬਹਿਸ ਨਾਲ ਸੰਬੰਧਤ ਸਾਰੇ ਦਸਤਾਵੇਜ਼ ਅਦਾਲਤ \'ਚ ਪੇਸ਼ ਕਰੇਗੀ।\r\nਜੈਲਲਿਤਾ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ \'ਚ ਵਿਸ਼ੇਸ਼ ਅਦਾਲਤ ਵੱਲੋਂ 27 ਸਤੰਬਰ ਨੂੰ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।\r\nਤਾਮਿਲਨਾਡੂ ਦੇ ਮੁੱਖ ਮੰਤਰੀ ਉ. ਪਨੀਰ ਸੇਲਵਮ, ਉਨ੍ਹਾ ਦੇ ਮੰਤਰੀ ਮੰਡਲ ਦੇ ਸੀਨੀਅਰ ਮੈਂਬਰ ਅਤੇ ਸੀਨੀਅਰ ਪਾਰਟੀ ਆਗੂ ਜੈਲਲਿਤਾ ਦੇ ਸੁਆਗਤ ਲਈ ਬੰਗਲੌਰ ਪੁੱਜੇ ਹੋਏ ਸਨ। ਜੇਲ੍ਹ \'ਚੋਂ ਬਾਹਰ ਆਉਂਦਿਆਂ ਹੀ ਜੈਲਲਿਤਾ ਹਿੰਦੁਸਤਾਨ ਏਅਰੋਨਾਟਿਕਸ ਦੇ ਹਵਾਈ ਅੱਡੇ ਲਈ ਰਵਾਨਾ ਹੋ ਗਈ, ਜਿਥੋਂ ਉਹ ਚੇਨਈ ਲਈ ਰਵਾਨਾ ਹੋ ਗਈ। ਅੱਡੇ ਨੂੰ ਜਾਣ ਵਾਲੇ ਰਾਹ \'ਤੇ ਲੋਕਾਂ ਨੇ ਹੱਥ ਹਿਲਾ ਕੇ ਜੈਲਲਿਤਾ ਦੇ ਕਾਫ਼ਲੇ ਦਾ ਸੁਆਗਤ ਕੀਤਾ।\r\nਇਸ ਤੋਂ ਪਹਿਲਾਂ ਵਿਸ਼ੇਸ਼ ਅਦਾਲਤ ਵੱਲੋਂ ਸੁਪਰੀਮ ਕੋਰਟ ਵੱਲੋਂ ਰਿਹਾਈ ਦਾ ਹੁਕਮ ਜੇਲ੍ਹ ਪ੍ਰਸ਼ਾਸਨ ਨੂੰ ਭੇਜਿਆ। ਸੁਪਰੀਮ ਕੋਰਟ ਨੇ ਜੈਲਲਿਤਾ ਦੇ ਨਾਲ ਹੀ ਉਨ੍ਹਾ ਦੀ ਨਜ਼ਦੀਕੀ ਦੋਸਤ ਸ਼ਸ਼ੀਕਲਾ, ਉਨ੍ਹਾ ਦੇ ਗੋਦ ਲਏ ਪੁੱਤਰ ਵੀ ਐਨ ਸੁਧਾਕਰਨ ਅਤੇ ਇਲਾਕਾ ਵਾਸੀ ਨੂੰ ਵੀ ਜ਼ਮਾਨਤ ਦੇ ਦਿੱਤੀ ਸੀ ਅਤੇ ਉਨ੍ਹਾ ਨੂੰ ਵੀ ਅੱਜ ਜੇਲ੍ਹ \'ਚੋਂ ਰਿਹਾਅ ਕਰ ਦਿੱਤਾ ਗਿਆ।

1004 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper