ਪਟੇਲ ਤੋਂ ਬਿਨਾਂ ਅਧੂਰੇ ਸਨ ਮਹਾਤਮਾ ਗਾਂਧੀ : ਮੋਦੀ

ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਰਾਸ਼ਟਰ ਵੱਲੋਂ ਦੇਸ਼ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਹਾੜਾ ਕੌਮੀ ਏਕਤਾ ਦਿਵਸ ਵਜੋਂ ਦੇਸ਼ ਭਰ ਵਿੱਚ ਮਨਾਇਆ ਗਿਆ।rnਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਦੇ ਵਿਜੈ ਚੌਕ ਵਿਖੇ ਏਕਤਾ ਦੌੜ ਨੂੰ ਹਰੀ ਝੰਡੀ ਦੇਣ ਦੇ ਕੇ ਰਵਾਨਾ ਕੀਤਾ। ਇਹ ਏਕਤਾ ਦੌੜ ਵਿਜੇ ਚੌਕ ਤੋਂ ਸ਼ੁਰੂ ਹੋ ਕੇ ਇੰਡੀਆ ਗੇਟ ਪਹੁੰਚ ਕੇ ਸਮਾਪਤ ਹੋਈ। ਏਕਤਾ ਦੌੜ ਵਿੱਚ ਸਭ ਤੋਂ ਅੱਗੇ ਕੇਂਦਰੀ ਮੰਤਰੀ ਵੈਂਕਈਆ ਨਾਇਡੂ ਅਤੇ ਹੋਰ ਕਈ ਮੰਤਰੀ ਵੀ ਚੱਲ ਰਹੇ ਸਨ। ਉਨ੍ਹਾਂ ਦੇ ਪਿੱਛੇ ਖਿਡਾਰੀ, ਵਿਦਿਆਰਥੀ, ਨੌਜਵਾਨ, ਪੁਲਸ, ਸੁਰੱਖਿਆ ਦਸਤਿਆਂ ਦੇ ਜਵਾਨ ਅਤੇ ਐਨ ਸੀ ਸੀ ਦੇ ਕੈਡਿਟ ਵੀ ਸ਼ਾਮਲ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨਿੱਜੀ ਤੌਰ 'ਤੇ ਇਸ ਏਕਤਾ ਦੌੜ ਵਿੱਚ ਹਿੱਸਾ ਲਿਆ। ਏਕਤਾ ਦੌੜ ਲਈ ਲੋਕਾਂ ਵਿੱਚ ਜੋਸ਼ ਅਤੇ ਜਜ਼ਬਾ ਦੇਖਦਿਆਂ ਹੀ ਬਣਦਾ ਸੀ।rnਇਸ ਤੋਂ ਪਹਿਲਾਂ ਵਿਜੇ ਚੌਕ ਵਿਖੇ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਸਰਦਾਰ ਵੱਲਭ ਭਾਈ ਪਟੇਲ ਨੂੰ ਸੌ ਵਾਰੀ ਨਮਸਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਵੱਲਭ ਭਾਈ ਪਟੇਲ ਨੇ ਦੇਸ਼ ਦੀ ਅਜ਼ਾਦੀ ਅਤੇ ਆਧੁਨਿਕ ਭਾਰਤ ਦੇ ਨਿਰਮਾਣ 'ਚ ਮੋਹਰੀ ਰੋਲ ਅਦਾ ਕੀਤਾ। ਉਨ੍ਹਾਂ ਕਿਹਾ ਕਿ ਪਟੇਲ ਦੇਸ਼ ਦੀ ਏਕਤਾ ਲਈ ਪੂਰੀ ਤਰ੍ਹਾਂ ਸਮਰਪਿਤ ਸਨ ਅਤੇ ਉਨ੍ਹਾਂ ਕਿਹਾ ਮਹਾਤਮਾ ਗਾਂਧੀ ਅਤੇ ਸਰਦਾਰ ਪਟੇਲ ਦੀ ਜੋੜੀ ਵਿਲੱਖਣ ਸੀ। ਉਨ੍ਹਾਂ ਕਿਹਾ ਕਿ ਇਹ ਸਾਲ ਦੇਸ਼ ਵਾਸੀਆਂ ਨੂੰ ਪ੍ਰੇਰਣਾ ਦੇਣ ਵਾਲਾ ਸਾਲ ਹੈ। ਉਨ੍ਹਾ ਆਖਿਆ ਕਿ ਭਾਈ ਪਟੇਲ ਨੇ ਦੇਸ਼ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਿਆ ਸੀ। ਪ੍ਰਧਾਨ ਮੰਤਰੀ ਮੋਦੀ ਨੇ ਸੱਦਾ ਦਿੱਤਾ ਕਿ ਲੋਕ ਧਰਮ, ਜਾਤੀਵਾਦ ਅਤੇ ਫਿਰਕਿਆਂ ਤੋਂ ਉੱਪਰ ਉੱਠਣ ਅਤੇ ਇਹੀ ਸਰਦਾਰ ਪਟੇਲ ਨੂੰ ਸ਼ਰਧਾਂਜਲੀ ਹੋਵੇਗੀ।rnਪ੍ਰਧਾਨ ਮੰਤਰੀ ਨੇ ਇਸ ਮੌਕੇ ਇੱਕ ਭਾਰਤ, ਸ੍ਰੇਸ਼ਟ ਭਾਰਤ, ਸਮਾਜ ਅਨੇਕ-ਭਾਰਤ ਏਕ ਅਤੇ ਵੱਲਭ ਭਾਈ ਪਟੇਲ ਦੀ ਜੈ ਵਰਗੇ ਨਾਅਰੇ ਵੀ ਲਾਏ। ਸ੍ਰੀ ਮੋਦੀ ਨੇ ਇਸ ਮੌਕੇ ਲੋਕਾਂ ਨੂੰ ਕੌਮੀ ਏਕਤਾ ਦੀ ਸਹੁੰ ਚੁਕਾਈ।rnਮੋਦੀ ਨੇ ਕਿਹਾ ਕਿ ਸਰਦਾਰ ਪਟੇਲ ਅਤੇ ਮਹਾਤਮਾਂ ਗਾਂਧੀ ਦੀ ਜੋੜੀ ਬਹੁਤ ਪੱਕੀ ਸੀ ਅਤੇ ਪਟੇਲ ਤੋਂ ਬਗ਼ੈਰ ਮਹਾਤਮਾ ਗਾਂਧੀ ਅਧੂਰੇ ਸਨ। ਉਨ੍ਹਾ ਕਿਹਾ ਕਿ ਪਟੇਲ ਵੱਲੋਂ ਦੇਸ਼ ਦੀ ਆਜ਼ਾਦੀ ਅਤੇ ਆਧੁਨਿਕ ਭਾਰਤ ਦੇ ਨਿਰਮਾਣ 'ਚ ਪਾਏ ਗਏ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।rnਇਸ ਦੌੜ ਵਿੱਚ ਕੋਈ 10 ਹਜ਼ਾਰ ਲੋਕਾਂ ਨੇ ਹਿੱਸਾ ਲਿਆ। ਮੋਦੀ ਨੇ ਕਿਹਾ ਕਿ ਜਿਹੜੇ ਲੋਕ ਇਤਿਹਾਸ ਦਾ ਸਨਮਾਨ ਨਹੀਂ ਕਰਦੇ, ਉਹ ਇਤਿਹਾਸ 'ਚ ਗੁੰਮ ਹੋ ਜਾਂਦੇ ਹਨ। ਉਨ੍ਹਾ ਕਿਹਾ ਕਿ ਵਿਰਾਸਤ ਅਤੇ ਇਤਿਹਾਸ ਨੂੰ ਇੱਕ ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ।rnਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਪਟੇਲ ਚੌਕ ਵਿਖੇ ਗਏ ਅਤੇ ਉਨ੍ਹਾਂ ਨੇ ਸਰਦਾਰ ਵੱਲਭ ਭਾਈ ਪਟੇਲ ਦੇ ਬੁੱਤ 'ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਰੱਖਿਆ ਮੰਤਰੀ ਅਰੁਣ ਜੇਤਲੀ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਵੈਂਕਈਆ ਨਾਇਡੂ, ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ, ਕਈ ਹੋਰ ਆਗੂ ਤੇ ਅਧਿਕਾਰੀ ਅਤੇ ਖੇਡ ਹਸਤੀਆਂ ਵੀ ਹਾਜ਼ਰ ਸਨ।rnਏਸੇ ਦੌਰਾਨ ਸਰਦਾਰ ਵੱਲਭ ਭਾਈ ਪਟੇਲ ਜੈਯੰਤੀ ਮੌਕੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਅੱਜ ਰਾਸ਼ਟਰਪਤੀ ਭਵਨ ਤੋਂ ਰਨ ਫਾਰ ਯੁਨਿਟੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌੜ ਵਿੱਚ ਰਾਸ਼ਟਰਪਤੀ ਭਵਨ ਵਿੱਚ ਰਹਿਣ ਵਾਲੇ ਲੋਕ, ਸਟਾਫ਼, ਰਾਸ਼ਟਰਪਤੀ ਦੇ ਅੰਗ ਰੱਖਿਅਕ, ਆਰਮੀ ਗਾਰਡ ਅਤੇ ਦਿੱਲੀ ਪੁਲਸ ਵੱਲੋਂ ਸ਼ਿਰਕਤ ਕੀਤੀ ਗਈ।rnਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਰਸੀ ਮੌਕੇ ਉਨ੍ਹਾ ਦੀ ਸ਼ਹਾਦਤ ਤੋਂ ਬਾਅਦ 1984 'ਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਮੁੱਦੇ ਨੂੰ ਉਭਾਰਨ ਦਾ ਮੌਕਾ ਹੱਥੋਂ ਨਾ ਜਾਣ ਦਿੱਤਾ।rnਦਿੱਲੀ ਦੇ ਵਿਜੇ ਚੌਕ 'ਚ ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਵਰ੍ਹੇਗੰਢ ਮੌਕੇ ਏਕਤਾ ਦੌੜ ਨੂੰ ਹਰੀ ਝੰਡੀ ਦੇਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਬੜੀ ਮੰਦਭਾਗੀ ਗੱਲ ਹੈ ਕਿ 30 ਸਾਲ ਪਹਿਲਾਂ ਇੱਕ ਵਿਅਕਤੀ ਦੇ ਜਨਮ ਦਿਵਸ ਮੌਕੇ, ਜਿਸ ਨੇ ਦੇਸ਼ ਦੀ ਏਕਤਾ ਲਈ ਆਪਣੀ ਜ਼ਿੰਦਗੀ ਲੇਖੇ ਲਗਾ ਦਿੱਤੀ ਸੀ, ਇੱਕ ਭਿਆਨਕ ਦੁਖਾਂਤ ਵਾਪਰਿਆ, ਜਿਸ ਨਾਲ ਦੇਸ਼ ਦੀ ਏਕਤਾ ਨੂੰ ਭਾਰੀ ਸੱਟ ਵੱਜੀ। ਮੋਦੀ ਨੇ ਸਿੱਧੇ ਤੌਰ 'ਤੇ ਵਿਰੋਧੀ ਦੰਗਿਆਂ ਦਾ ਜ਼ਿਕਰ ਬੜੇ ਨਿਸ਼ੰਗ ਹੋ ਕੇ ਕੀਤਾ।rnਕਾਂਗਰਸ 'ਤੇ ਸਿੱਧਾ ਵਾਰ ਜਾਰੀ ਰੱਖਦਿਆਂ ਮੋਦੀ ਨੇ ਕਿਹਾ ਕਿ ਇਸ ਭਿਆਨਕ ਦੁਖਾਂਤ 'ਚ ਸਾਡੇ ਆਪਣੇ ਲੋਕ ਮਾਰੇ ਗਏ। ਇਸ ਦੁਖਾਂਤ ਨਾਲ ਕੇਵਲ ਕਿਸੇ ਭਾਈਚਾਰੇ ਦੇ ਧੌਣ 'ਤੇ ਜ਼ਖ਼ਮ ਨਹੀਂ ਹੋਇਆ, ਸਗੋਂ ਇਸ ਵਾਰ ਨਾਲ ਭਾਰਤ ਦੇ ਸਦੀਆਂ ਪੁਰਾਣੇ ਸਮਾਜਿਕ ਤਾਣੇ-ਬਾਣੇ ਅਤੇ ਸਾਂਝ ਨੂੰ ਵੀ ਭਾਰੀ ਸੱਟ ਵੱਜੀ। ਇਸ ਤੋਂ ਪਹਿਲਾਂ ਮੋਦੀ ਨੇ ਆਪਣੇ ਭਾਸ਼ਣ 'ਚ ਸਿਰਫ਼ ਏਨਾ ਹੀ ਜ਼ਿਕਰ ਕੀਤਾ ਕਿ ਅੱਜ ਇੰਦਰਾ ਗਾਂਧੀ ਦਾ ਬਰਸੀ ਹੈ ਅਤੇ ਉਨ੍ਹਾ ਨੇ ਆਪਣਾ ਸਾਰਾ ਭਾਸ਼ਣ ਪਟੇਲ 'ਤੇ ਹੀ ਕੇਂਦਰਿਤ ਰੱਖਿਆ। ਆਪਣੇ ਸਵਾਗਤੀ ਭਾਸ਼ਣ 'ਚ ਸ਼ਹਿਰੀ ਵਿਕਾਸ ਮੰਤਰੀ ਵੈਂਕਈਆ ਨਾਇਡੂ ਨੇ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾ ਦਾ ਮਕਸਦ ਕਿਸੇ ਆਗੂ ਨੂੰ ਨੀਵਾਂ ਦਿਖਾਉਣਾ ਨਹੀਂ ਹੈ, ਸਗੋਂ ਇਸ ਦਾ ਮਕਸਦਾ ਸਰਦਾਰ ਪਟੇਲ ਨਾਲ ਇਨਸਾਫ਼ ਕਰਨਾ ਹੈ। ਨਾਇਡੂ ਨੇ ਜ਼ਿਕਰ ਕੀਤਾ ਕਿ ਉਹ ਬਚਪਨ ਤੋਂ ਸਮਝ ਗਏ ਸਨ ਕਿ ਸਰਦਾਰ ਪਟੇਲ ਨਾਲ ਇਨਸਾਫ਼ ਨਹੀਂ ਹੋਇਆ ਹੈ। ਸਰਦਾਰ ਵੱਲਭ ਭਾਈ ਪਟੇਲ ਦੀ ਸਿਫ਼ਤ ਕਰਦਿਆਂ ਮੋਦੀ ਨੇ ਕਿਹਾ ਕਿ ਜਿਵੇਂ ਰਾਮਾਕ੍ਰਿਸ਼ਨਾ ਸਵਾਮੀ ਵਿਵੇਕਾਨੰਦ ਤੋਂ ਬਗ਼ੈਰ ਅਧੂਰੇ ਸਨ ਅਤੇ ਉਸੇ ਤਰ੍ਹਾਂ ਸਰਦਾਰ ਪਟੇਲ ਤੋਂ ਬਗ਼ੈਰ ਮਹਾਤਮਾ ਗਾਂਧੀ ਵੀ ਅਧੂਰੇ ਸਨ। ਉਨ੍ਹਾ ਦਸਿਆ ਕਿ 1930 'ਚ ਮਹਾਤਮਾ ਗਾਂਧੀ ਦੇ ਮਾਰਚ ਦਾ ਪ੍ਰਬੰਧ ਪਟੇਲ ਹੁਰਾਂ ਨੇ ਕੀਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਟੇਲ ਨੇ ਦੇਸ਼ ਨੂੰ ਇਕਮੁੱਠ ਰੱਖਣ 'ਚ ਮੋਢੀ ਰੋਲ ਅਦਾ ਕੀਤਾ ਅਤੇ ਬਰਤਾਨਵੀ ਸਾਮਰਾਜ ਦੀ ਦੇਸ਼ ਨੂੰ ਕਈ ਟੋਟਿਆਂ 'ਚ ਵੰਡਣ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਉਨ੍ਹਾ ਕਿਹਾ ਕਿ ਜਿਵੇਂ ਚਾਣਕਿਆ ਇਤਿਹਾਸ 'ਚ ਜਾਣੇ ਜਾਂਦੇ ਹਨ, ਉਸੇ ਤਰ੍ਹਾਂ ਪਟੇਲ ਵੀ ਏਕੇ ਨਾਲ ਵਿਕਾਸ ਕਰਨ ਲਈ ਸਤਿਕਾਰੇ ਜਾਂਦੇ ਹਨ।