ਸਾਰਕ ਸੰਮੇਲਨ ਨੂੰ ਚੜ੍ਹੀ ਭਾਰਤ-ਪਾਕਿ ਕੁੜੱਤਣ

ਭਾਰਤ ਅਤੇ ਪਾਕਿਸਤਾਨ ਵਿਚਾਲੇ ਪੈਦਾ ਹੋਈ ਕੁੜੱਤਣ ਕਾਰਨ ਕਾਠਮੰਡੂ 'ਚ ਹੋਏ ਸਾਰਕ ਸੰਮੇਲਨ ਨੂੰ ਵੀ ਗ੍ਰਹਿਣ ਲੱਗ ਗਿਆ। ਤਿੰਨ ਘੰਟੇ ਦੇ ਇਸ ਸੰਮੇਲਨ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨੇ ਹੱਥ ਤਾਂ ਕੀ ਮਿਲਾਉਣਾ ਸੀ, ਇੱਕ ਦੂਸਰੇ ਦਾ ਹਾਲਚਾਲ ਤੱਕ ਵੀ ਨਾ ਪੁੱਛਿਆ।rnਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾ ਦੇ ਪਾਕਿਸਤਾਨੀ ਹਮ-ਅਹੁਦਾ ਨਵਾਜ਼ ਸ਼ਰੀਫ ਇੱਕ ਹੀ ਮੰਚ 'ਤੇ ਬੈਠੇ ਸਨ। ਉਨ੍ਹਾ ਵਿਚਾਲੇ ਸਿਰਫ ਦੋ ਸੀਟਾਂ ਦਾ ਫਾਸਲਾ ਸੀ। ਜਦ ਨਵਾਜ਼ ਸ਼ਰੀਫ 8 ਦੇਸ਼ਾਂ ਦੇ ਇਸ ਸੰਗਠਨ ਦੇ 18ਵੇਂ ਸਿਖਰ ਸੰਮੇਲਨ ਨੂੰ ਸੰਬੋਧਨ ਕਰਨ ਲਈ ਉਠੇ ਅਤੇ ਸੰਬੋਧਨ ਤੋਂ ਬਾਅਦ ਵਾਪਸ ਆਪਣੀ ਸੀਟ 'ਤੇ ਆਏ ਤਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਲ ਦੀ ਲੰਘ ਕੇ ਗਏ। ਇਸ ਦੌਰਾਨ ਦੋਹਾਂ ਆਗੂਆਂ ਨੇ ਇੱਕ ਦੂਸਰੇ ਵੱਲ ਦੇਖਿਆ ਤੱਕ ਨਹੀਂ। ਦੋਹਾਂ ਦੇ ਚੇਹਰਿਆਂ ਤੋਂ ਤਣਾਅ ਸਪੱਸ਼ਟ ਰੂਪ ਵਿੱਚ ਝਲਕ ਰਿਹਾ ਸੀ। ਮੋਦੀ ਅਤੇ ਸ਼ਰੀਫ ਵਿਚਾਲੇ ਮਾਲਦੀਵ ਅਤੇ ਨੇਪਾਲ ਦੇ ਆਗੂ ਬੈਠੇ ਸਨ। ਭਾਵੇਂ ਦੋਹਾਂ ਆਗੂਆਂ ਵਿਚਾਲੇ ਕੋਈ ਮੀਟਿੰਗ ਤੈਅ ਨਹੀਂ ਸੀ, ਪਰ ਇਹ ਆਸ ਕੀਤੀ ਜਾ ਰਹੀ ਸੀ ਕਿ ਉਹ ਇੱਕ-ਦੂਸਰੇ ਨਾਲ ਸੰਖੇਪ ਜਿਹੀ ਗੱਲਬਾਤ ਕਰਨਗੇ ਤੇ ਇੱਕ ਦੂਸਰੇ ਦਾ ਹਾਲ-ਚਾਲ ਪੁੱਛਣਗੇ, ਕਿਉਂਕਿ ਉਹ ਇੱਕ ਹੀ ਕਾਨਫਰੰਸ ਅਤੇ ਉਸ ਤੋਂ ਬਾਅਦ ਰੱਖੇ ਜਾਣ ਵਾਲੇ ਭੋਜ 'ਚ ਸ਼ਾਮਲ ਹੋ ਰਹੇ ਸਨ।rnਮੰਗਲਵਾਰ ਨੂੰ ਨੇਪਾਲ ਪੁੱਜਣ 'ਤੇ ਸ਼ਰੀਫ ਨੇ ਗੱਲਬਾਤ ਲਈ ਪਹਿਲ ਕਦਮੀ ਦੀ ਜ਼ਿੰਮੇਵਾਰੀ ਭਾਰਤ ਸਿਰ ਸੁੱਟਦਿਆਂ ਕਿਹਾ ਸੀ ਕਿ ਗੱਲਬਾਤ ਰੱਦ ਕਰਨ ਦਾ ਫੈਸਲਾ ਭਾਰਤ ਨੇ ਇਕਤਰਫਾ ਤੌਰ 'ਤੇ ਲਿਆ ਸੀ ਅਤੇ ਹੁਣ ਗੱਲਬਾਤ ਸ਼ੁਰੂ ਕਰਨ ਦੀ ਜ਼ਿੰਮੇਵਾਰੀ ਵੀ ਉਸ ਦੀ ਹੈ।rnਨਵਾਜ਼ ਸ਼ਰੀਫ ਦੀਆਂ ਟਿੱਪਣੀਆਂ ਦੇ ਜਵਾਬ ਵਿੱਚ ਭਾਰਤ ਨੇ ਕਿਹਾ ਸੀ ਕਿ ਉਹ ਸਿਰਫ ਅਰਥ-ਭਰਪੂਰ ਗੱਲਬਾਤ ਦੇ ਹੱਕ ਵਿੱਚ ਹੈ। ਬੁੱਧਵਾਰ ਨੂੰ ਵੀ ਇਹੀ ਕਿਹਾ ਗਿਆ ਕਿ ਇੱਥੇ 18ਵੇਂ ਸਾਰਕ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮ-ਅਹੁਦਾ ਨਵਾਜ਼ ਸ਼ਰੀਫ ਵਿਚਾਲੇ ਰਸਮੀ ਮੀਟਿੰਗ ਦੀ ਕੋਈ ਯੋਜਨਾ ਨਹੀਂ। ਬਦੇਸ਼ ਮੰਤਰਾਲੇ ਦੇ ਤਰਜਮਾਨ ਸਈਅਦ ਅਕਬਰੁਦੀਨ ਨੇ ਦੱਸਿਆ ਕਿ ਸਾਡੇ ਕੋਲ ਸਾਡੇ ਪ੍ਰਧਾਨ ਮੰਤਰੀ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਵਿਚਾਲੇ ਰਸਮੀ ਮੀਟਿੰਗ ਦੀ ਕੋਈ ਯੋਜਨਾ ਨਹੀਂ ਹੈ, ਮਹਿਜ਼ ਇਸ ਲਈ ਕਿ ਇਸ ਸੰਬੰਧ 'ਚ ਸਾਨੂੰ ਕੋਈ ਦਰਖਾਸਤ ਨਹੀਂ ਆਈ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਸਿਲਸਿਲੇਵਾਰ ਦੁਵੱਲੀਆਂ ਮੀਟਿੰਗਾਂ ਕਰਨਗੇ। ਉਨ੍ਹਾ ਕਿਹਾ ਕਿ ਇਹ ਅਹਿਮ ਮੀਟਿੰਗਾਂ ਹੋਣਗੀਆਂ, ਜਿਨ੍ਹਾਂ ਦੇ ਨਤੀਜਿਆਂ ਬਾਰੇ ਮੀਡੀਆ ਨੂੰ ਦੱਸਿਆ ਜਾਵੇਗਾ।rnਦੋਹਾਂ ਦੇਸ਼ਾਂ ਦੀ ਖਿੱਚੋਤਾਣ ਦਾ ਨਤੀਜਾ ਇਹ ਨਿਕਲਿਆ ਕਿ ਸਾਰਕ ਸੰਮੇਲਨ 'ਚ ਕਿਸੇ ਵੀ ਅਹਿਮ ਸਮਝੌਤੇ 'ਤੇ ਸਹੀ ਨਹੀਂ ਪਾਈ ਜਾ ਸਕੀ। ਪਾਕਿਸਤਾਨ ਨੇ ਇਹ ਕਹਿੰਦਿਆਂ ਮੋਟਰ ਵਾਹਨ ਸਮਝੌਤੇ ਸਮੇਤ ਸਾਰਕ ਸੰਪਰਕ ਸਮਝੌਤੇ ਨਹੀਂ ਹੋਣ ਦਿੱਤੇ ਕਿ ਉਸ ਨੇ ਅਜੇ ਆਪਣੀ ਮੁੱਢਲੀ ਪ੍ਰਕਿਰਿਆ ਪੂਰੀ ਨਹੀਂ ਕੀਤੀ ਹੈ, ਜਦ ਕਿ ਭਾਰਤ ਅਤੇ ਸ੍ਰੀਲੰਕਾ ਸਮੇਤ ਹੋਰ ਮੁਲਕ ਇਸ ਖੇਤਰ 'ਚ ਲੋਕਾਂ ਦੇ ਪੱਧਰ 'ਤੇ ਸੰਪਰਕ ਅਤੇ ਵਸਤਾਂ ਦੀ ਢੋਆ-ਢੁਆਈ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਪੱਖ 'ਚ ਹਨ। ਪਾਕਿਸਤਾਨ ਵਲੋਂ ਰੋੜਾ ਅਟਕਾਏ ਜਾਣ ਨਾਲ ਭਾਰਤੀ ਪੱਖ ਨੂੰ ਨਿਰਾਸ਼ਾ ਹੋਈ ਹੈ, ਜਿਸ ਨੇ ਇਹਨਾਂ ਪ੍ਰਸਤਾਵਾਂ ਲਈ ਪਹਿਲ ਕੀਤੀ ਸੀ। ਵੈਸੇ ਭਾਰਤ ਨੇ ਪਹਿਲਾਂ ਹੀ ਸਾਰਕ ਦੇ ਵੱਖ-ਵੱਖ ਮੁਲਕਾਂ ਨਾਲ ਦੁਵੱਲੇ ਸੰਪਰਕ ਸਮਝੌਤੇ ਕਰਨੇ ਸ਼ੁਰੂ ਕਰ ਦਿੱਤੇ ਹਨ। ਨੇਪਾਲ ਨਾਲ ਮੰਗਲਵਾਰ ਨੂੰ ਹੋਇਆ ਮੋਟਰ ਵਾਹਨ ਸਮਝੌਤਾ ਇਸ ਦੀ ਇੱਕ ਉਦਾਹਰਣ ਹੈ। ਬੇਹਤਰ ਸੰਪਰਕ ਦੀ ਲੋੜ 'ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਖਰ ਸੰਮੇਲਨ 'ਚ ਕਿਹਾ ਕਿ ਆਮ ਨਾਗਰਿਕਾਂ ਦੀਆਂ ਜ਼ਿੰਦਗੀਆਂ ਨੂੰ ਆਖਰ 'ਚ ਜੋੜੇ ਜਾਣ ਨਾਲ ਆਪਸੀ ਸੰਬੰਧ ਮਜ਼ਬੂਤ ਹੋਣਗੇ।rnਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਕ ਸੰਮੇਲਨ 'ਚ ਇਸ਼ਾਰਿਆਂ-ਇਸ਼ਾਰਿਆਂ 'ਚ ਅੱਤਵਾਦ ਦੇ ਮੁੱਦੇ 'ਤੇ ਪਾਕਿਸਤਾਨ ਨੂੰ ਘੇਰਨ ਦਾ ਯਤਨ ਕੀਤਾ, ਹਾਲਾਂਕਿ ਆਪਣੇ ਭਾਸ਼ਣ 'ਚ ਮੋਦੀ ਨੇ ਅੱਤਵਾਦ ਦਾ ਜ਼ਿਕਰ ਕਰਦਿਆਂ ਸਿੱਧੇ ਤੌਰ 'ਤੇ ਪਾਕਿਸਤਾਨ ਦਾ ਨਾਂਅ ਨਹੀਂ ਲਿਆ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ 'ਚ 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਅਤੇ ਅੱਤਵਾਦ ਦੇ ਖਾਤਮੇ ਲਈ ਸਹੁੰ ਚੁੱਕਣ ਦਾ ਜ਼ਿਕਰ ਕਰਦਿਆਂ ਭਾਰਤ ਦੀ ਸਥਿਤੀ ਸਪੱਸ਼ਟ ਕਰ ਦਿੱਤੀ। ਮੋਦੀ ਨੇ ਇੱਕ ਹੋਰ ਟਕੋਰ ਕਰਦਿਆਂ ਕਿਹਾ ਕਿ ਹਰੇਕ ਨੂੰ ਇੱਕ ਚੰਗੇ ਗਵਾਂਢੀ ਦੀ ਚਾਹਤ ਹੁੰਦੀ ਹੈ, ਪਰ ਇਹ ਚਾਹਤ ਬਹੁਤ ਘੱਟ ਪੂਰੀ ਹੁੰਦੀ ਹੈ।rnਮੋਦੀ ਨੇ ਸਾਰਕ ਮੁਲਕਾਂ ਨੂੰ ਅੱਤਵਾਦ ਦਾ ਮੁਕਾਬਲਾ ਮਿਲ ਕੇ ਕਰਨ ਦਾ ਸੱਦਾ ਦਿੱਤਾ ਹੈ। ਮੋਦੀ ਨੇ ਸਿਖਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ 26/11 ਅੱਤਵਾਦੀ ਹਮਲੇ 'ਚ ਜਾਨਾਂ ਗਵਾਉਣ ਵਾਲਿਆਂ ਦਾ ਦਰਦ ਕਦੇ ਨਹੀਂ ਭੁੱਲ ਸਕਦਾ। ਮੁੰਬਈ ਅੱਤਵਾਦੀ ਹਮਲਿਆਂ ਦੀ 6ਵੀਂ ਬਰਸੀ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਦੇਸ਼ ਨੂੰ ਇਹਨਾਂ ਅੱਤਵਾਦੀ ਹਮਲਿਆਂ 'ਚ ਜਾਨ ਗਵਾਉਣ ਵਾਲਿਆਂ ਪ੍ਰਤੀ ਬਹੁਤ ਦੁੱਖ ਹੈ ਅਤੇ ਇਸ ਦਰਦ ਨੂੰ ਭੁਲਾਇਆ ਨਹੀਂ ਜਾ ਸਕਦਾ। ਮੁੰਬਈ ਅੱਤਵਾਦੀ ਹਮਲਿਆਂ 'ਚ 146 ਜਾਨਾਂ ਗਈਆਂ ਸਨ। ਪ੍ਰਧਾਨ ਮੰਤਰੀ ਮੋਦੀ ਨੇ ਸਾਰਕ ਸਿਖਰ ਸੰਮੇਲਨ 'ਚ ਆਪਣੇ ਪਹਿਲੇ ਭਾਸ਼ਣ 'ਚ ਤਿੰਨ ਤੋਂ 5 ਸਾਲ ਤੱਕ ਦਾ ਕਾਰੋਬਾਰੀ ਵੀਜ਼ਾ ਅਤੇ ਡਾਕਟਰੀ ਇਲਾਜ ਲਈ ਭਾਰਤ ਜਾਣ ਵਾਲੇ ਮਰੀਜ਼ਾਂ ਅਤੇ ਉਹਨਾ ਦੇ ਇੱਕ ਸਹਾਇਕ ਨੂੰ ਤੁਰੰਤ ਡਾਕਟਰੀ ਵੀਜ਼ਾ ਦੇਣ ਦਾ ਐਲਾਨ ਕੀਤਾ। ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਸਮੇਤ ਸਾਰਕ ਨੇਤਾਵਾਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਉਹ ਅੱਜ ਵੀ 2008 ਦੇ ਮੁੰਬਈ ਦੇ ਅੱਤਵਾਦੀ ਹਮਲੇ ਦੀ ਦਹਿਸ਼ਤ ਨੂੰ ਯਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਤਵਾਦ ਅਤੇ ਅੰਤਰ ਦੇਸੀ ਅਪਰਾਧ ਦੇ ਮੁਕਾਬਲੇ ਦੇ ਸੰਕਲਪ ਨੂੰ ਪੂਰਾ ਕਰਨ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ।rnਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਸਾਰਕ ਦੇਸ਼ਾਂ 'ਚ ਸ੍ਰੀਲੰਕਾ, ਨੇਪਾਲ, ਬੰਗਲਾਦੇਸ਼, ਭੂਟਾਨ, ਮਾਲਦੀਵ ਅਤੇ ਅਫਗਾਨਿਸਤਾਨ ਸ਼ਾਮਲ ਹਨ। ਮੋਦੀ ਨੇ ਕਿਹਾ ਕਿ ਚੰਗੇ ਗਵਾਂਢੀ ਦੀ ਦੁਨੀਆ ਦੇ ਹਰੇਕ ਨੂੰ ਚਾਹਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਸਾਰੇ ਇੱਕ ਦੂਜੇ ਦੀ ਸੁਰੱਖਿਆ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਪ੍ਰਤੀ ਸੰਵੇਦਨਸ਼ੀਲ ਹਨ ਤਾਂ ਇਸ ਖਿੱਤੇ 'ਚ ਦੋਸਤੀ ਅਤੇ ਸਹਿਯੋਗ ਵਧਾਉਣਾ ਹੋਵੇਗਾ ਅਤੇ ਸਥਿਰਤਾ ਲਿਆਉਣੀ ਹੋਵੇਗੀ। ਉਨ੍ਹਾ ਕਿਹਾ ਕਿ ਦੱਖਣ-ਏਸ਼ੀਆ ਲੋਕਤੰਤਰ ਦਾ ਵੱਧ ਫੁੱਲ ਰਿਹਾ ਖੇਤਰ ਹੈ, ਅਮੀਰ ਵਿਰਾਸਤ ਹੈ, ਨੌਜਵਾਨਾਂ 'ਚ ਬੇਮਿਸਾਲ ਸਮਰੱਥਾ ਹੈ ਅਤੇ ਤਬਦੀਲੀ ਅਤੇ ਪ੍ਰਗਤੀ ਦੀ ਜ਼ਬਰਦਸਤ ਚਾਹਤ ਹੈ। ਮੋਦੀ ਨੇ ਕਿਹਾ ਕਿ ਉਹ ਭਾਰਤ ਦੇ ਭਵਿੱਖ ਦਾ ਸੁਪਨਾ ਇਸ ਸਮੁੱਚੇ ਖੇਤਰ ਨੂੰ ਸਾਹਮਣੇ ਰੱਖ ਕੇ ਦੇਖਦੇ ਹਨ।rnਪ੍ਰਧਾਨ ਮੰਤਰੀ ਨੇ ਮਈ 'ਚ ਆਪਣੇ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਕਰਨ ਲਈ ਸਾਰਕ ਆਗੂਆਂ ਦੀ ਤਾਰੀਫ ਕਰਦਿਆਂ ਕਿਹਾ ਕਿ ਉਹਨਾ ਨੇ ਪੂਰੀ ਦੁਨੀਆ ਦੀਆਂ ਸ਼ੁੱਭਕਾਮਨਾਵਾਂ ਨਾਲ ਅਹੁਦਾ ਸੰਭਾਲਿਆ ਹੈ ਅਤੇ ਆਗੂਆਂ ਦੀ ਦਿਲੀ ਹਾਜ਼ਰੀ ਨੇ ਉਹਨਾ ਨੂੰ ਬਹੁਤ ਪ੍ਰਭਾਵਤ ਕੀਤਾ। ਆਪਣੇ ਬਦੇਸ਼ੀ ਦੌਰਿਆਂ ਦੇ ਤਜਰਬਿਆਂ ਨੂੰ ਸਾਂਝਾ ਕਰਦਿਆਂ ਮੋਦੀ ਨੇ ਕਿਹਾ ਕਿ ਪ੍ਰਸ਼ਾਂਤ ਦੇ ਮੱਧ ਤੋਂ ਐਟਲਾਂਟਿਕ ਮਹਾਸਾਗਰ ਦੇ ਦੱਖਣੀ ਤੱਟ ਵੱਲ ਉਹਨਾ ਨੇ ਅਖੰਡਤਾ ਦੀਆਂ ਲਹਿਰਾਂ ਉੱਡਦੀਆਂ ਦੇਖੀਆਂ ਹਨ। ਸਰਹੱਦਾਂ ਨੂੰ ਵਿਕਾਸ ਦੇ ਰਾਹ 'ਚ ਰੋੜਾ ਦਸਦਿਆਂ ਮੋਦੀ ਨੇ ਕਿਹਾ ਕਿ ਕੌਮਾਂਤਰੀ ਭਾਈਵਾਲੀ ਵਿਕਾਸ ਦੀ ਰਫਤਾਰ ਨੂੰ ਗਤੀ ਦਿੰਦੀ ਹੈ। ਉਨ੍ਹਾ ਕਿਹਾ ਕਿ ਦੱਖਣੀ ਏਸ਼ੀਆ 'ਚ ਤੁਰੰਤ ਸਾਂਝੇ ਯਤਨਾਂ ਦੀ ਲੋੜ ਹੈ। ਮੋਦੀ ਨੇ ਕਿਹਾ ਕਿ ਸਾਰੇ ਛੋਟੀਆਂ ਜਾਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਇਹਨਾਂ ਦੇ ਟਾਕਰੇ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।rnਮੋਦੀ ਨੇ ਆਪਣੇ ਭਾਸ਼ਣ 'ਚ 2016 ਦੇ ਸਾਰਕ ਲਈ ਇੱਕ ਉਪ ਗ੍ਰਹਿ ਛੱਡੇ ਜਾਣ ਦਾ ਐਲਾਨ ਵੀ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹਨਾ ਨੇ 2016 'ਚ ਸਾਰਕ ਦਿਵਸ ਮੌਕੇ ਸਾਰਕ ਖਿੱਤੇ ਲਈ ਆਪਣਾ ਉਪ ਗ੍ਰਹਿ ਛੱਡੇ ਜਾਣ ਦੀ ਯੋਜਨਾ ਬਣਾਈ ਹੈ ਅਤੇ ਇਹ ਕੰਮ ਵਿਗਿਆਨ ਦੀ ਤਾਕਤ ਨਾਲ ਪੂਰਾ ਕੀਤਾ ਜਾਵੇਗਾ।rnਮੋਦੀ ਨੇ ਕਿਹਾ ਕਿ ਭਾਰਤ ਦੱਖਣ ਏਸ਼ੀਆਈ ਖੇਤਰ ਦੇ ਵਿਦਿਆਰਥੀਆਂ ਨੂੰ ਈ ਲਾਇਬਰੇਰੀ ਰਾਹੀਂ ਜੋੜਨ ਲਈ ਤਿਆਰ ਹੈ। ਉਨ੍ਹਾ ਕਿਹਾ ਕਿ ਸੂਚਨਾ ਤਕਨਾਲੋਜੀ ਮਿਆਰੀ ਸਿੱਖਿਆ ਦੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਦਾ ਹੈ। ਉਨ੍ਹਾ ਕਿਹਾ ਕਿ ਭਾਰਤ ਦੱਖਣ ਏਸ਼ੀਆਈ ਵਿਦਿਆਰਥੀਆਂ ਨੂੰ ਈ-ਲਾਇਬਰੇਰੀ ਅਤੇ ਆਨ-ਲਾਈਨ ਪੜ੍ਹਾਈ ਰਾਹੀਂ ਜੋੜਨ ਲਈ ਤਿਆਰ ਹੈ।