ਜੀ ਐਸ ਐੱਲ ਵੀ ਮਾਰਕ 3 ਲਾਂਚ

ਇਸਰੋ ਨੇ ਸ੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਵੱਧ ਵਜ਼ਨੀ ਰਾਕੇਟ ਜੀ ਐਸ ਐਲ ਵੀ ਮਾਰਕ-3 ਨੂੰ ਸਫ਼ਲਤਾਵਪੂਰਕ ਛੱਡਣ ਨਾਲ ਪੁਲਾੜ ਖੋਜ ਦੇ ਖੇਤਰ 'ਚ ਸਫ਼ਲਤਾ ਦੀ ਇੱਕ ਹੋਰ ਛਲਾਂਗ ਮਾਰੀ ਹੈ। ਪੁਲਾੜ ਸੈਂਟਰ ਤੋਂ ਸਵੇਰੇ ਕਰੀਬ 9.30 ਵਜੇ ਛੱਡੇ ਗਏ ਇਸ ਰਾਕੇਟ ਦੀ ਲੰਬਾਈ 42.4 ਮੀਟਰ ਹੈ ਅਤੇ ਇਸ 'ਤੇ ਕੁਲ ਲਾਗਤ 155 ਕਰੋੜ ਆਈ ਹੈ। ਨਵੀਂ ਪੀੜ੍ਹੀ ਦੇ 630 ਟਨ ਦੇ ਇੱਕ ਰਾਕੇਟ ਨੂੰ ਛੱਡੇ ਜਾਣ ਦੇ ਸਫ਼ਲ ਰਹਿਣ ਦਾ ਐਲਾਨ ਕਰਦਿਆਂ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਕੇ ਰਾਧਾਕ੍ਰਿਸ਼ਨਨ ਨੇ ਕਿਹਾ ਕਿ ਮਾਰਕ-3 ਟੈਸਟ ਫਲਾਈਟ ਮਿਸ਼ਨ ਸਫ਼ਲ ਰਿਹਾ ਹੈ। ਇਸ ਰਾਕੇਟ ਨੂੰ ਸਫ਼ਲਤਾਪੂਰਵਕ ਦਾਗੇ ਜਾਣ ਦੇ ਨਾਲ ਹੀ ਹੁਣ ਭਾਰਤ ਉਨ੍ਹਾਂ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਹੋ ਗਿਆ ਹੈ, ਜੋ ਪੁਲਾੜ 'ਚ ਵੱਡੇ ਸੈਟੇਲਾਈਟ ਭੇਜਣ ਦੀ ਯੋਗਤਾ ਰੱਖਦੇ ਹਨ। ਜੀ ਐਸ ਐਲ ਵੀ ਮਾਰਕ-3 ਰਾਕੇਟ ਨੇ ਨਾਲ ਮਨੁੱਖ ਨੂੰ ਪੁਲਾੜ 'ਚ ਲੈ ਜਾਣ ਵਾਲੇ ਯਾਨ (ਕ੍ਰਿਊ ਮਾਡਿਊਲ) ਦਾ ਵੀ ਸਫ਼ਲ ਤਜਰਬਾ ਕੀਤਾ ਗਿਆ। ਇਹ ਯਾਨ ਦੋ ਤੋਂ ਤਿੰਨ ਆਦਮੀਆਂ ਨੂੰ ਪੁਲਾੜ 'ਚ ਲਿਜਾ ਸਕਦਾ ਹੈ। ਯਾਨ 125 ਕਿਲੋਮੀਟਰ ਦੀ ਉੱਚਾਈ ਤੱਕ ਗਿਆ ਅਤੇ ਉਸ ਤੋਂ ਬਾਅਦ ਫਿਰ ਪੈਰਾਸ਼ੂਟ ਦੇ ਸਹਾਰੇ ਬੰਗਾਲ ਦੀ ਖਾੜੀ 'ਚ ਅੰਡੇਮਾਨ ਨਿਕੋਬਾਰ ਦੇ ਇੱਕ ਟਾਪੂ 'ਤੇ ਉਤਰਨ 'ਚ ਸਫ਼ਲ ਰਿਹਾ। ਜੀ ਐਸ ਐਲ ਵੀ ਮਾਰਕ-3 ਦੀ ਬਨਾਵਟ ਅਤੇ ਡਿਜ਼ਾਇਨ ਇਸਰੋ ਨੂੰ ਇਨਸੈੱਟ-4 ਸ਼੍ਰੇਣੀ ਦੇ 4500 ਤੋਂ 5000 ਕਿਲੋਗ੍ਰਾਮ ਵਜ਼ਨੀ ਭਾਰੀ ਕਮਿਊਨੀਕੇਸ਼ਨ ਸੈਟੇਲਾਈਟਾਂ ਨੂੰ ਲਾਟ ਕਰਨ ਦੀ ਦਿਸ਼ਾ 'ਚ ਪੂਰੀ ਤਰ੍ਹਾਂ ਆਤਮ ਨਿਰਭਰ ਬਣਾਵੇਗਾ। ਇਸ ਦੇ ਦੋ ਲਾਭ ਹੋਣਗੇ, ਜਿੱਥੇ ਭਾਰੀ ਸੈਟੇਲਾਈਟਾਂ ਨੂੰ ਭੇਜਣ ਦੇ ਮਾਮਲੇ 'ਚ ਅਸੀਂ ਆਤਮ ਨਿਰਭਰ ਹੋਵਾਂਗੇ, ਉਥੇ ਅਰਬਾਂ ਡਾਲਰ ਦੇ ਕਮਰਸ਼ੀਅਲ ਲਾਂਚਿੰਗ ਮਾਰਕੀਟ 'ਚ ਭਾਰਤ ਦੀ ਸਮਰੱਥਾ 'ਚ ਇਜ਼ਾਫ਼ਾ ਹੋਵੇਗਾ। ਕ੍ਰਿਊ ਮਾਡਿਊਲ ਦੇ ਤਜਰਬੇ ਦੀ ਸਫ਼ਲਤਾ ਨਾਲ ਭਾਰਤ ਇਨਸਾਨ ਨੂੰ ਪੁਲਾੜ 'ਚ ਭੇਜਣ ਦੀ ਦਿਸ਼ਾ 'ਚ ਅੱਗੇ ਵਧ ਗਿਆ ਹੈ। ਅਜੇ ਤੱਕ ਰੂਸ, ਅਮਰੀਕਾ ਅਤੇ ਚੀਨ ਕੋਲ ਇਨਸਾਨ ਨੂੰ ਪੁਲਾੜ 'ਚ ਭੇਜਣ ਦੀ ਯੋਗਤਾ ਹੈ।