ਕਾਂਗਰਸ ਦਾ ਬੇਭਰੋਸਗੀ ਮਤਾ ਪੰਜਾਬ ਵਿਧਾਨ ਸਭਾ 'ਚ ਬੁਰੀ ਤਰ੍ਹਾਂ ਡਿੱਗਿਆ

ਪੰਜਾਬ ਵਿਧਾਨ ਸਭਾ ਵਿਚ ਅੱਜ ਵਿਰੋਧੀ ਧਿਰ ਕਾਂਗਰਸ ਪਾਰਟੀ ਦੁਆਰਾ ਸਰਕਾਰ ਵਿਰੁੱਧ ਲਿਆਂਦਾ ਬੇਭਰੋਸਗੀ ਮਤਾ ਜ਼ੁਬਾਨੀ ਵੋਟਾਂ ਨਾਲ ਹੀ ਰੱਦ ਕਰ ਦਿੱਤਾ ਗਿਆ, ਜਦੋਂ ਕਿ ਭਾਰਤੀ ਜਨਤਾ ਪਾਰਟੀ ਨੇ ਅਕਾਲੀ ਦਲ ਦਾ ਡਟ ਕੇ ਸਾਥ ਨਿਭਾਇਆ। ਇਸ ਦੌਰਾਨ ਕਾਂਗਰਸੀ ਵਿਧਾਇਕ ਸੱਤਾਧਾਰੀ ਧਿਰ ਦੇ ਮੈਂਬਰ ਵਿਰਸਾ ਸਿੰਘ ਵਲਟੋਹਾ ਵੱਲੋਂ ਆਪਣੇ ਆਪ ਨੂੰ ਅੱਤਵਾਦੀ ਕਹਿਣ 'ਤੇ ਹੋ ਰਹੇ ਹੰਗਾਮੇ ਵਿਚ ਹੀ ਉਲਝੇ ਰਹੇ। ਸਪੀਕਰ ਦੇ ਵਾਰ-ਵਾਰ ਕਹਿਣ 'ਤੇ ਵੀ ਆਪਣੀਆਂ ਸੀਟਾਂ 'ਤੇ ਨਾ ਜਾਣ 'ਤੇ ਸਪੀਕਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ 'ਤੇ ਬੇਭਰੋਸਗੀ ਦਾ ਮਤਾ ਲੈ ਆਂਦਾ, ਜਿਸ ਨੂੰ ਜ਼ੁਬਾਨੀ ਵੋਟਾਂ ਨਾਲ ਰੱਦ ਕਰ ਦਿੱਤਾ ਗਿਆ।rnਅੱਜ ਜਿਉਂ ਹੀ ਸੁਆਲ-ਜੁਆਬ ਦਾ ਸਮਾਂ ਖ਼ਤਮ ਹੋਇਆ ਤਾਂ ਵਿਰੋਧੀ ਧਿਰ ਦੇ ਲੀਡਰ ਸੁਨੀਲ ਜਾਖੜ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਪੇਸ਼ ਕੀਤਾ, ਜਿਸ ਨੂੰ ਸਪੀਕਰ ਨੇ ਪ੍ਰਵਾਨ ਕਰ ਲਿਆ। ਸਪੀਕਰ ਨੇ ਕਿਹਾ ਕਿ ਕਿਉਂਕਿ ਬੇਭਰੋਸਗੀ ਮਤੇ ਲਈ ਲੋੜੀਂਦੇ ਮੈਂਬਰਾਂ ਦੀ ਸਹਿਮਤੀ ਹੈ, ਇਸ ਲਈ ਇਹ ਮਤਾ ਮਨਜ਼ੂਰ ਕੀਤਾ ਜਾਂਦਾ ਹੈ। ਇਸ 'ਤੇ ਛੇਤੀ ਬਹਿਸ ਕਰਵਾਈ ਜਾਵੇਗੀ, ਪਰ ਇਸੇ ਦੌਰਾਨ ਮੁੱਖ ਮੰਤਰੀ ਸ੍ਰੀ ਬਾਦਲ ਖੜ੍ਹੇ ਹੋ ਗਏ। ਉਨ੍ਹਾ ਕਿਹਾ ਕਿ ਜਦੋਂ ਕਿ ਉਨ੍ਹਾ ਤੇ ਉਨ੍ਹਾ ਦੀ ਸਰਕਾਰ ਖਿਲਾਫ਼ ਬੇਭਰੋਸਗੀ ਦਾ ਮਤਾ ਲਿਆਂਦਾ ਗਿਆ ਹੈ, ਇਸ ਲਈ ਹੁਣ ਸਦਨ ਦਾ ਹੋਰ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਸੇ ਮਤੇ 'ਤੇ ਬਹਿਸ ਕਰਾਈ ਜਾਵੇ, ਜਿਸ 'ਤੇ ਸਪੀਕਰ ਨੇ ਤੁਰੰਤ ਇਸੇ ਮਤੇ 'ਤੇ ਬਹਿਸ ਕਰਾਉਣ ਦੀ ਕਾਰਵਾਈ ਸ਼ੁਰੂ ਕਰਦਿਆਂ ਦੱਸਿਆ ਕਿ ਇਸ ਮਤੇ 'ਤੇ ਦੋ ਘੰਟੇ ਬਹਿਸ ਕਰਾਈ ਜਾਵੇਗੀ, ਜਿਸ ਵਿਚੋਂ 59 ਮਿੰਟ ਅਕਾਲੀ ਦਲ, 45 ਮਿੰਟ ਕਾਂਗਰਸ, 13 ਮਿੰਟ ਭਾਜਪਾ ਅਤੇ ਤਿੰਨ ਮਿੰਟ ਆਜ਼ਾਦ ਬੋਲਣਗੇ। ਸਭ ਤੋਂ ਪਹਿਲਾਂ ਸੁਨੀਲ ਜਾਖੜ ਨੂੰ ਟਾਈਮ ਦਿੱਤਾ ਗਿਆ। ਉਨ੍ਹਾ ਆਪਣੇ ਅੱਧੇ ਘੰਟੇ ਦੇ ਭਾਸ਼ਣ ਵਿਚ ਕਿਹਾ ਕਿ ਪੰਜਾਬ ਵਿਚੋਂ ਨਸ਼ਿਆਂ ਦਾ ਮੁੱਦਾ ਤਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਬਣ ਗਿਆ ਹੈ, ਇਥੋਂ ਤੱਕ ਕਿ ਹੁਣ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਆਲ ਇੰਡੀਆ ਰੇਡੀਓ 'ਤੇ 'ਮਨ ਕੀ ਬਾਤ' ਵਿਚ ਪੰਜਾਬ ਦੇ ਨਸ਼ਿਆਂ ਦੀ ਗੱਲ ਕੀਤੀ ਹੈ। ਉਨ੍ਹਾ ਕਿਹਾ ਕਿ ਪੰਜਾਬ ਦੇ ਹੀ ਮੋਗਾ ਜ਼ਿਲ੍ਹੇ ਦੇ ਪਿੰਡ ਦੌਲੇਵਾਲਾ ਵਿਖੇ ਪੁਲਸ ਨੇ ਪਿੰਡ ਦੇ ਬਾਹਰ ਬੋਰਡ ਲਾ ਦਿੱਤਾ, ਜਿਸ 'ਤੇ ਲਿਖਿਆ ਹੈ ਕਿ ਇਸ ਪਿੰਡ ਦਾ ਹਰ ਬੱਚਾ, ਹਰ ਜੁਆਨ ਹਰ ਮੈਂਬਰ ਨਸ਼ਿਆਂ ਦੇ ਕਾਰੋਬਾਰ ਵਿਚ ਸ਼ਾਮਿਲ ਹੈ। ਅੱਜ ਹਰ ਪਿੰਡ ਦੀ ਦੌਲੇਵਾਲਾ ਵਰਗੀ ਕਹਾਣੀ ਹੈ, ਕਿਉਂਕਿ ਪੰਜਾਬ ਵਿਚ ਰੁਜ਼ਗਾਰ ਤਾਂ ਹੈ ਨਹੀਂ, ਹੁਣ ਲੋਕਾਂ ਨੇ ਨਸ਼ਿਆਂ ਦੇ ਕਾਰੋਬਾਰ ਨੂੰ ਹੀ ਧੰਦਾ ਬਣਾ ਲਿਆ ਹੈ। ਜਦੋਂ ਕਿ ਡੇਢ ਸਾਲ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਪੰਜਾਬ ਦਾ 70 ਫੀਸਦੀ ਨੌਜੁਆਨ ਨਸ਼ਿਆਂ ਦਾ ਆਦੀ ਹੋ ਚੁੱਕਿਆ ਹੈ ਤਾਂ ਅਕਾਲੀ ਦਲ ਦੇ ਲੀਡਰਾਂ ਬੜਾ ਵਾਹਵੇਲਾ ਖੜ੍ਹਾ ਕੀਤਾ ਸੀ, ਪਰ ਅੱਜ ਪ੍ਰਧਾਨ ਮੰਤਰੀ ਦੇ ਕਹਿਣ 'ਤੇ ਕੋਈ ਨਹੀਂ ਬੋਲਿਆ। ਉਨ੍ਹਾ ਕਿਹਾ ਕਿ ਪੁਲਸ ਨੇ 25 ਹਜ਼ਾਰ ਦੇ ਕਰੀਬ ਲੋਕਾਂ ਨੂੰ ਤਾਂ ਡਰੱਗ ਐਕਟ ਵਿਚ ਗ੍ਰਿਫਤਾਰ ਕਰਕੇ ਜੇਲ੍ਹਾਂ ਵਿਚ ਡੱਕ ਦਿੱਤਾ, ਪਰ ਡਰੱਗ ਵਿਚ ਸ਼ਾਮਲ ਵੱਡਿਆਂ ਨੂੰ ਹੱਥ ਨਹੀਂ ਪਾਇਆ। ਉਨ੍ਹਾ ਕਿਹਾ ਕਿ ਇਸੇ ਸਰਕਾਰ ਦੇ ਇਕ ਮੰਤਰੀ, ਜਿਸ ਦੇ ਬੇਟੇ ਦਾ ਨਾਂਅ ਹੀ ਆਇਆ ਸੀ, ਉਸ ਤੋਂ ਤਾਂ ਅਸਤੀਫਾ ਲੈ ਲਿਆ, ਪਰ ਜਿਨ੍ਹਾਂ ਦਾ ਸਿੱਧਾ ਨਾਂਅ ਆਇਆ ਹੈ ਉਨ੍ਹਾਂ ਵਿਰੋਧ ਕੋਈ ਕਾਰਵਾਈ ਨਹੀਂ ਕੀਤੀ।rnਉਨ੍ਹਾ ਕਿਹਾ ਕਿ 6 ਹਜ਼ਾਰ ਕਰੋੜ ਦੀ ਡਰੱਗ ਦੀ ਸਮਗਲਿੰਗ ਵਿਚ ਨਾਂਅ ਆਉਂਦਾ ਹੈ, ਪਰ ਕੋਈ ਕਦਮ ਨਹੀਂ ਚੁੱਕਿਆ ਗਿਆ। ਉਨ੍ਹਾ ਕਿਹਾ ਕਿ ਪਹਿਲਾਂ-ਪਹਿਲਾਂ ਰਣੀਕੇ ਤੋਂ ਵੀ ਅਸਤੀਫਾ ਲਿਆ ਗਿਆ ਤੇ ਕਿਹਾ ਗਿਆ ਕਿ ਨੈਤਿਕ ਆਧਾਰ 'ਤੇ ਹੀ ਅਸਤੀਫਾ ਲਿਆ ਗਿਆ, ਕੀ ਗੱਲ ਹੈ ਕਿ ਇਹ ਨੈਤਿਕ ਆਧਾਰ ਸਿਰਫ਼ ਦਲਿਤ ਭਰਾਵਾਂ ਦੇ ਮੋਢਿਆਂ 'ਤੇ ਹੀ ਹੈ।rnਉਨ੍ਹਾ ਕਿਹਾ ਕਿ ਹਾਲਾਂ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਮਜੀਠੀਆ ਤੋਂ ਅਸਤੀਫਾ ਲੈਣਾ ਚਾਹੀਦਾ ਹੈ ਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।rnਉਨ੍ਹਾ ਭਾਜਪਾ ਬਾਰੇ ਕਿਹਾ ਕਿ ਇਹ ਵੀ ਨੌਜਵਾਨਾਂ ਨਾਲ ਧੋਖਾ ਕਰ ਰਹੀ ਹੈ, ਜਿਸ ਦਾ ਜੁਆਬ ਪਾਰਟੀ ਨੂੰ ਦੇਣਾ ਪਵੇਗਾ।