Latest News

ਡਰੱਗ ਸਮਗਲਿੰਗ; ਮਜੀਠੀਆ ਇਨਫੋਰਸਮੈਂਟ ਡਾਇਰੈਕਰੋਰੇਟ ਸਾਹਮਣੇ ਪੇਸ਼

ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨਸ਼ਿਆਂ ਦੇ ਗ਼ੈਰ-ਕਾਨੂੰਨੀ ਮਾਮਲੇ ਵਿੱਚ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਜਲੰਧਰ ਵਿਚਲੇ ਦਫ਼ਤਰ ਵਿੱਚ ਪੇਸ਼ ਹੋਏ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਮਜੀਠੀਆ ਨੂੰ ਤਲਬ ਕੀਤਾ ਸੀ। ਪੁਲਸ ਨੇ ਮਜੀਠੀਆ ਦੀ ਪੇਸ਼ੀ ਸਮੇਂ ਅਮਨ ਕਾਨੂੰਨ ਨੂੰ ਕਾਇਮ ਰੱਖਣ ਲਈ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਹੋਏ ਸਨ। ਈ ਡੀ ਅਧਿਕਾਰੀਆਂ ਅੱਗੇ ਪੇਸ਼ ਹੋਣ ਲਈ ਮਜੀਠੀਆ ਦੇ ਪੁੱਜਣ \'ਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਵਰਕਰਾਂ ਨੇ ਮਜੀਠੀਆ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾ ਦਾ ਪੁਤਲਾ ਸਾੜਿਆ। ਪੁਲਸ ਏ ਬੀ ਵੀ ਪੀ ਦੇ ਕੁਝ ਵਰਕਰਾਂ ਨੂੰ ਆਪਣੀ ਮੋਟਰ ਗੱਡੀ ਵਿੱਚ ਪਾ ਕੇ ਕਿਸੇ ਹੋਰ ਥਾਂ \'ਤੇ ਲੈ ਗਈ। ਇਨਫੋਰਸਮੈਂਟ ਮਹਿਕਮੇ ਦੇ ਦਿੱਲੀ ਤੋਂ ਆਏ ਡਾਇਰੈਕਟਰ ਕਰਨੈਲ ਸਿੰਘ ਦੀ ਅਗਵਾਈ ਹੇਠ ਮਹਿਕਮੇ ਦੀ ਇੱਕ ਤਿੰਨ ਮੈਂਬਰੀ ਟੀਮ ਨੇ ਮਜੀਠੀਆ ਤੋਂ ਡਰੱਗ ਤਸਕਰੀ ਦੇ ਮਾਮਲੇ ਵਿੱਚ ਪੁੱਛਗਿੱਛ ਕੀਤੀ। ਸਹਾਇਕ ਡਾਇਰੈਕਟਰ ਨਿਰੰਜਨ ਸਿੰਘ ਇਸ ਮਾਮਲੇ ਦੇ ਮੁੱਖ ਜਾਂਚ ਅਫ਼ਸਰ ਸਨ। ਇਸ ਮੌਕੇ ਜਾਇੰਟ ਡਾਇਰੈਕਟਰ ਗਿਰੀਸ਼ ਬਾਲੀ ਵੀ ਹਾਜ਼ਰ ਸਨ। ਬਿਕਰਮ ਸਿੰਘ ਮਜੀਠੀਆ ਪੁੱਛਗਿੱਛ ਲਈ ਕੋਈ ਸਾਢੇ ਦਸ ਵਜੇ ਈ ਡੀ ਦਫ਼ਤਰ ਪਹੁੰਚੇ।\r\nਮਜੀਠੀਆ ਤੋਂ ਕੋਈ ਪੰਜ ਘੰਟੇ ਲੰਮੀ-ਚੌੜੀ ਪੁੱਛਗਿੱਛ ਕੀਤੀ ਗਈ। ਮਜੀਠੀਆ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ \'ਚ ਪੇਸ਼ ਹੋਣ ਅਤੇ ਬਾਹਰ ਆਉਣ ਸਮੇਂ ਪੱਤਰਕਾਰਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ ਅਤੇ ਮੀਡੀਆ ਤੋਂ ਲਗਾਤਾਰ ਬਚਦੇ ਰਹੇ।\r\nਇੰਝ ਲੱਗਦਾ ਹੈ ਕਿ ਇਸ ਸੰਬੰਧੀ ਦੋਵਾਂ ਬਾਦਲਾਂ ਨੇ ਅਕਾਲੀ ਆਗੂਆਂ ਨੂੰ ਮੌਕੇ \'ਤੇ ਹਾਜ਼ਰ ਨਾ ਹੋਣ ਦੀਆਂ ਹਦਾਇਤਾਂ ਦਿੱਤੀਆਂ ਹੋਈਆਂ ਸਨ। 80 ਵਰਦੀਧਾਰੀ ਅਤੇ 80 ਤੋਂ ਵੱਧ ਸਿਵਲ ਕੱਪੜਿਆ ਵਿੱਚ ਮੁਲਾਜ਼ਮ ਹਾਜ਼ਰ ਸਨ। ਇਸ ਮੌਕੇ ਐੱਸ ਪੀ ਟ੍ਰੈਫ਼ਿਕ ਬਲਜੀਤ ਸਿੰਘ ਢਿੱਲੋਂ, ਐੱਸ ਪੀ ਰਾਜ ਬਰਿੰਦਰ ਸਿੰਘ ਕਾਹਲੋਂ, ਡੀ ਐੱਸ ਪੀ ਜਸਬੀਰ ਸਿੰਘ ਰਾਏ, ਡੀ ਐੱਸ ਪੀ ਸੋਮ ਨਾਥ, ਏ ਡੀ ਸੀ ਪੀ ਸਿਟੀ-2 ਐੱਸ ਪੀ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ। ਇਸ ਮੌਕੇ ਪੰਜਾਬ ਪੁਲਸ ਤੋਂ ਇਲਾਵਾ ਬੀ ਐੱਸ ਐਫ਼, ਸੈਂਟਰਲ ਇੰਡਸਟੀਅਲ ਸਕਿਉਰਿਟੀ ਫੋਰਟ ਦੇ ਜਵਾਨ ਵੀ ਸੁਰੱਖਿਆ ਲਈ ਤਾਇਨਾਤ ਸਨ।\r\nਡਰੱਗ ਰੈਕਟ ਦੇ ਮਾਮਲੇ \'ਚ ਗ੍ਰਿਫ਼ਤਾਰ ਜਗਦੀਸ਼ ਭੋਲਾ ਨੇ ਮਜੀਠੀਆ ਦਾ ਨਾਂਅ ਲਿਆ ਸੀ। ਇਸ ਮਾਮਲੇ \'ਚ ਪੰਜਾਬ ਦੇ ਇੱਕ ਮੰਤਰੀ ਸਰਵਣ ਸਿੰਘ ਫਿਲੌਰ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਵੱਖ-ਵੱਖ ਪਾਸਿਆਂ ਤੋਂ ਅਸਤੀਫ਼ੇ ਲਈ ਪੈ ਰਹੇ ਦਬਾਅ ਦੇ ਬਾਵਜੂਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲਗਾਤਾਰ ਮਜੀਠੀਆ ਦਾ ਬਚਾਅ ਕਰਦੇ ਆ ਰਹੇ ਹਨ। ਇਸ ਮਾਮਲੇ \'ਚ ਸੰਸਦੀ ਸਕੱਤਰ ਅਵਿਨਾਸ਼ ਚੰਦਰ ਅਤੇ ਕਾਂਗਰਸ ਦੇ ਸਾਂਸਦ ਚੌਧਰੀ ਸੰਤੋਖ ਸਿੰਘ ਦਾ ਨਾਂਅ ਵੀ ਸਾਹਮਣੇ ਆਇਆ ਸੀ, ਜਿਸ ਕਰਕੇ ਕੁਝ ਧਿਰਾਂ ਵੱਲੋਂ ਇਸ ਮਾਮਲੇ \'ਤੇ ਮਿੱਟੀ ਪਾਉਣ ਦੇ ਯਤਨ ਵੀ ਕੀਤੇ ਗਏ।\r\nਨਸ਼ਿਆਂ ਦੇ ਕਾਰੋਬਾਰ ਦੇ ਮਾਮਲੇ ਕਾਰਨ ਪੰਜਾਬ ਦੀ ਸਿਆਸਤ ਲੰਮੇ ਸਮੇਂ ਤੋਂ ਗਰਮਾਈ ਪਈ ਹੈ। ਪਹਿਲਾਂ ਕਾਂਗਰਸ ਮਜੀਠੀਆ ਦੇ ਅਸਤੀਫ਼ੇ ਦੀ ਮੰਗ ਕਰਦੀ ਰਹੀ ਹੈ, ਪਰ ਹੁਣ ਭਾਜਪਾ ਨੇ ਆਪਣੀ ਹੀ ਭਾਈਵਾਲ ਪਾਰਟੀ ਅਕਾਲੀ ਦਲ ਤੇ ਮਜੀਠੀਆ ਵਿਰੁੱਧ ਮੋਰਚਾ ਖੋਲ੍ਹ ਲਿਆ ਹੈ। ਇਸ ਮਾਮਲੇ ਨੂੰ ਲੈ ਕੇ ਵਿਧਾਨ ਸਭਾ ਦੇ ਸੰਖੇਪ ਸਰਦ ਰੁੱਤ ਇਜਲਾਸ ਦੌਰਾਨ ਤਿੰਨ ਦਿਨ ਲਗਾਤਾਰ ਰੌਲਾ ਪੈਦਾ ਰਿਹਾ। ਮਜੀਠੀਆ ਦੀ ਪੇਸ਼ੀ ਦੌਰਾਨ ਭਾਜਪਾ ਤਾਂ ਪਾਸੇ ਰਹੀ, ਪਰ ਰੋਸ ਪ੍ਰਦਰਸ਼ਨ ਕਰਨ ਲਈ ਆਪਣੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਕਾਰਕੁਨ ਨਾਅਰੇਬਾਜ਼ੀ ਕਰਨ ਲੱਗ ਪਏ ਅਤੇ ਉਨ੍ਹਾਂ ਨੇ ਮਜੀਠੀਆ ਦਾ ਪੁਤਲਾ ਵੀ ਸਾੜਿਆ। ਪੁਲਸ 50 ਦੇ ਕਰੀਬ ਕਾਰਕੁੰਨਾਂ ਨੂੰ ਆਪਣੀਆਂ ਗੱਡੀਆਂ \'ਚ ਬਿਠਾ ਕੇ ਹੋਰ ਕਿਸੇ ਪਾਸੇ ਲੈ ਗਈ। ਇਨਫੋਰਸਮੈਂਟ ਡਾਇਰੈਕਟੋਰੇਟ 6 ਹਜ਼ਾਰ ਕਰੋੜ ਦੇ ਨਸ਼ਾ ਰੈਕਟ ਦੀ ਜਾਂਚ ਕਰ ਰਿਹਾ ਹੈ। ਇਹ ਡਰੱਗ ਰੈਕਟ ਫਤਿਹਗੜ ਸਾਹਿਬ ਪੁਲਸ ਵੱਲੋਂ ਮਾਰਚ 2013 \'ਚ ਇੱਕ ਐਨ ਆਰ ਆਈ ਅਨੂਪ ਸਿੰਘ ਕਾਹਲੋਂ ਦੀ ਗ੍ਰਿਫ਼ਤਾਰੀ ਨਾਲ ਬੇਨਕਾਬ ਕੀਤਾ ਗਿਆ ਸੀ। ਇਸ ਕੇਸ ਵਿੱਚ ਗ੍ਰਿਫ਼ਤਾਰ ਦੋਸ਼ੀਆਂ ਦੇ ਬਿਆਨ ਰਿਕਾਰਡ ਕਰਨ ਤੋਂ ਬਾਅਦ ਮਜੀਠੀਆ ਵੀ ਜਾਂਚ ਦੇ ਘੇਰੇ \'ਚ ਆ ਗਏ ਸਨ। ਸੰਮਨ ਕੀਤੇ ਜਾਣ ਤੋਂ ਬਾਅਦ ਮਜੀਠੀਆ ਨੇ ਕਿਹਾ ਸੀ ਕਿ ਉਹ ਕੇਂਦਰੀ ਜਾਂਚ ਏਜੰਸੀ ਨੂੰ ਜਾਂਚ ਦੇ ਕੰਮ \'ਚ ਪੂਰਾ ਸਹਿਯੋਗ ਦੇਣਗੇ। ਦੱਸਿਆ ਜਾਂਦਾ ਹੈ ਕਿ ਜਾਂਚ ਅਧਿਕਾਰੀਆਂ ਨੇ ਮਜੀਠੀਆ ਤੋਂ ਪਿਛਲੇ ਕੁਝ ਸਾਲਾਂ ਦੌਰਾਨ ਪੈਸੇ ਦੇ ਕੀਤੇ ਗਏ ਲੈਣ-ਦੇਣ ਬਾਰੇ ਵੀ ਪੁੱਛਗਿੱਛ ਕੀਤੀ ਹੈ। ਇਸ ਦੀ ਅਗਲੇਰੀ ਜਾਂਚ ਤੋਂ ਬਾਅਦ ਪੰਜਾਬ ਪੁਲਸ ਦੇ ਮੁਅੱਤਲ ਡੀ ਐੱਸ ਪੀ ਜਗਦੀਸ਼ ਭੋਲਾ ਨੂੰ ਪਿਛਲੇ ਸਾਲ ਨਵੰਬਰ \'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਭੋਲਾ ਦੀ ਪੁੱਛਗਿੱਛ ਤੋਂ ਬਾਅਦ ਅੰਮ੍ਰਿਤਸਰ ਦੇ ਦੋ ਕਾਰੋਬਾਰੀਆਂ ਬਿੱਟੂ ਔਲਖ ਅਤੇ ਜਗਜੀਤ ਸਿੰਘ ਚਾਹਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਕਿ ਅਕਸਰ ਹੀ ਪ੍ਰੋਗਰਾਮਾਂ \'ਚ ਮਜੀਠੀਆ ਦੇ ਨਾਲ ਦੇਖੇ ਜਾਂਦੇ ਰਹੇ ਸਨ। ਭੋਲਾ ਅਤੇ ਬਿੱਟੂ ਇਸ ਵੇਲੇ ਜੇਲ \'ਚ ਹਨ, ਜਦਕਿ ਚਾਹਲ ਨੂੰ ਇਸ ਸਾਲ ਮਾਰਚ \'ਚ ਜ਼ਮਾਨਤ ਮਿਲ ਗਈ ਸੀ। ਬਿੱਟੂ ਅਤੇ ਚਾਹਲ ਦੇ ਪਿਤਾ ਨੇ ਪੁੱਛਗਿੱਛ ਦੌਰਾਨ ਬਿਆਨ ਦਿੱਤਾ ਸੀ ਕਿ ਕੈਨੇਡਾ \'ਚ ਨਸ਼ਿਆਂ ਦੇ ਕਾਰੋਬਾਰੀ ਸਨਪ੍ਰੀਤ ਸੱਤਾ ਅਤੇ ਪਰਬਿੰਦਰ ਸਿੰਘ ਉਰਫ਼ ਪਿੰਦੀ ਮੰਤਰੀ ਦੇ ਕਰੀਬੀ ਹਨ। ਚਾਹਲ ਨੇ ਪੁਲਸ ਨੂੰ ਬਿਆਨ ਦਿੱਤਾ ਸੀ ਕਿ ਸੱਤਾ ਦੀ ਭਾਰਤ ਫੇਰੀ ਸਮੇਂ ਮਜੀਠੀਆ ਨੇ ਉਸ ਨੂੰ ਦੋ ਗੰਨਮੈਨ ਅਤੇ ਲਗਜ਼ਰੀ ਕਾਰ ਮੁਹੱਈਆ ਕਰਵਾਈ ਸੀ। ਭੋਲਾ ਨੇ ਇਹ ਵੀ ਬਿਆਨ ਦਿੱਤਾ ਸੀ ਕਿ ਮਜੀਠੀਆ ਦੇ ਵਿਆਹ \'ਚ ਸੱਤਾ ਅਤੇ ਪਿੰਦੀ ਦੋਵੇਂ ਹਾਜ਼ਰ ਸਨ। ਦੱਸਿਆ ਜਾਂਦਾ ਹੈ ਕਿ ਚਾਹਲ ਦੀਆਂ ਦਵਾਈ ਕੰਪਨੀਆਂ ਰਾਹੀਂ ਆਈਸ ਡਰੱਗ ਵਿਦੇਸ਼ਾਂ ਨੂੰ ਭੇਜੀ ਜਾਂਦੀ ਸੀ।

1026 Views

e-Paper