ਪੀ ਡੀ ਪੀ ਨੇ ਭਾਜਪਾ ਕਸੂਤੀ ਫਸਾਈ

ਜੰਮੂ-ਕਸ਼ਮੀਰ 'ਚ ਸਰਕਾਰ ਦੇ ਗਠਨ ਨੂੰ ਲੈ ਕੇ 5ਵੇਂ ਦਿਨ ਵੀ ਅੜਿੱਕਾ ਬਣਿਆ ਰਿਹਾ। ਇਸ ਰੇੜਕੇ ਦੌਰਾਨ ਪੀ ਡੀ ਪੀ ਨੇ ਭਾਜਪਾ ਤੋਂ ਧਾਰਾ 370 ਨੂੰ ਸੁਰੱਖਿਅਤ ਰੱਖਣ ਅਤੇ ਆਫਸਪਾ ਨੂੰ ਹਟਾਏ ਜਾਣ ਵਰਗੇ ਆਪਣੇ ਪ੍ਰਮੁੱਖ ਮੁੱਦਿਆਂ 'ਤੇ ਭਰੋਸਾ ਮੰਗਿਆ ਹੈ। ਪੀ ਡੀ ਪੀ ਦੇ ਤਰਜਮਾਨ ਨਈਮ ਅਖ਼ਤਰ ਨੇ ਇਸ ਸੰਬੰਧ 'ਚ ਗੱਲ ਕਰਦਿਆਂ ਕਿਹਾ ਕਿ ਸਾਰੇ ਬਦਲ ਅਜੇ ਵੀ ਖੁੱਲ੍ਹੇ ਹਨ। ਸੂਬੇ 'ਚ ਕਿਸੇ ਹੋਰ ਪਾਰਟੀ ਨਾਲ ਮਿਲ ਕੇ ਸਰਕਾਰ ਬਣਾਉਣ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਹੋਇਆ। ਅਖਤਰ ਨੇ ਦੱਸਿਆ ਕਿ ਪੀ ਡੀ ਪੀ, ਜਿਹੜੀ ਵਿਧਾਨ ਸਭਾ ਚੋਣਾਂ 'ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ, ਸਰਕਾਰ ਦੇ ਗਠਨ ਲਈ ਭਾਜਪਾ ਨਾਲ ਗੱਠਜੋੜ ਸਮੇਤ ਸਾਰੇ ਬਦਲਾਂ ਬਾਰੇ ਵਿਚਾਰ ਕਰ ਰਹੀ ਹੈ। ਅਖ਼ਤਰ ਅਨੁਸਾਰ; ''ਕੁਝ ਖਾਸ ਮੁੱਦੇ ਹਨ, ਜਿਹੜੇ ਸਾਡੇ ਕੋਰ ਏਜੰਡੇ 'ਚ ਹਨ ਅਤੇ ਇਨ੍ਹਾਂ 'ਤੇ ਭਰੋਸੇ ਦੀ ਲੋੜ ਹੈ ਕਿ ਉਹ ਸਾਡੇ ਸੰਭਾਵੀ ਗੱਠਜੋੜ ਸਹਿਯੋਗੀ, ਜੋ ਕੋਈ ਵੀ ਹੋ ਸਕਦਾ ਹੈ, ਵੱਲੋਂ ਪ੍ਰਵਾਨ ਕੀਤੇ ਜਾਣਗੇ।'' ਉਨ੍ਹਾਂ ਕਿਹਾ ਕਿ ਧਾਰਾ 370 ਦੀ ਸੁਰੱਖਿਆ ਬਾਰੇ ਪਾਰਟੀ ਦੇ ਰੁਖ 'ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਅਖਤਰ ਨੇ ਕਿਹਾ ਕਿ ਪਾਰਟੀ ਸੂਬੇ ਤੋਂ ਹਥਿਆਰਬੰਦ ਬਲ ਵਿਸ਼ੇਸ਼ ਅਧਿਕਾਰ ਕਾਨੂੰਨ (ਆਫਸਪਾ) ਨੂੰ ਹਟਾਏ ਜਾਣ ਅਤੇ ਕਸ਼ਮੀਰ ਮੁੱਦੇ ਦੇ ਹੱਲ ਲਈ ਰਾਜਨੀਤਕ ਪ੍ਰਕਿਰਿਆ ਸ਼ੁਰੂ ਕੀਤੇ ਜਾਣ ਵਰਗੇ ਆਪਣੇ ਮੁੱਦਿਆਂ 'ਤੇ ਦ੍ਰਿੜ੍ਹ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਉਨ੍ਹਾ ਦੀ ਪਾਰਟੀ ਭਵਿੱਖ 'ਚ ਕਿਸੇ ਗੱਠਜੋੜ ਸਹਿਯੋਗੀ ਨਾਲ ਬਾਰੀ-ਬਾਰੀ ਨਾਲ ਮੁੱਖ ਮੰਤਰੀ ਦੀ ਮੰਗ 'ਤੇ ਵਿਚਾਰ ਕਰੇਗੀ, ਪੀ ਡੀ ਪੀ ਤਰਜਮਾਨ ਨੇ ਕਿਹਾ ਕਿ ਅੱਜ ਤੱਕ ਕਿਸੇ ਵੀ ਪਾਰਟੀ ਨਾਲ ਗੱਲਬਾਤ ਉਸ ਪੜਾਅ ਤੱਕ ਨਹੀਂ ਪਹੁੰਚੀ। ਉਨ੍ਹਾ ਕਿਹਾ ਕਿ ਕਾਂਗਰਸ ਨੇ ਵੀ ਪੀ ਡੀ ਪੀ ਨੂੰ ਸਰਕਾਰ ਦੇ ਲਈ ਸਮੱਰਥਨ ਦੀ ਪੇਸ਼ਕਸ਼ ਕੀਤੀ ਹੈ, ਜਿਸ 'ਤੇ ਉਨ੍ਹਾ ਦੀ ਪਾਰਟੀ ਵਿਚਾਰ ਕਰ ਰਹੀ ਹੈ। ਸਰਕਾਰ 'ਚ ਮਦਦ ਲਈ ਪੀ ਡੀ ਪੀ ਨੂੰ ਬਿਨਾਂ ਸ਼ਰਤ ਸਮੱਰਥਨ ਦੀ ਨੈਸ਼ਨਲ ਕਾਨਫ਼ਰੰਸ ਦੀ ਪੇਸ਼ਕਸ਼ ਬਾਰੇ ਅਖਤਰ ਨੇ ਕਿਹਾ ਕਿ ਉਨ੍ਹਾ ਦੀ ਪਾਰਟੀ ਨੂੰ ਆਪਣੀ ਧਰ ਵਿਰੋਧੀ ਦੀ ਤਰਫ਼ੋਂ ਅਜੇ ਤੱਕ ਕੋਈ ਸੰਦੇਸ਼ ਨਹੀਂ ਮਿਲਿਆ। ਉਨ੍ਹਾ ਕਿਹਾ, ''ਜਦ ਵੀ ਕੋਈ ਅਜਿਹੀ ਪੇਸ਼ਕਸ਼ ਆਵੇਗੀ, ਇਸ ਬਾਰੇ ਯਕੀਨੀ ਤੌਰ 'ਤੇ ਚਰਚਾ ਕੀਤੀ ਜਾਵੇਗੀ।'' ਨੈਸ਼ਨਲ ਕਾਨਫ਼ਰੰਸ ਦੇ ਕਾਰਜਕਾਰੀ ਮੁਖੀ ਉਮਰ ਅਬਦੁੱਲਾ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਨ੍ਹਾ ਦੀ ਪਾਰਟੀ ਨੇ ਇੱਕ ਵਿਚੋਲੇ ਰਾਹੀਂ ਕੇਵਲ 'ਜ਼ੁਬਾਨੀ ਪੇਸ਼ਕਸ਼' ਕੀਤੀ ਸੀ।rnਪੀ ਡੀ ਪੀ ਲੀਡਰਸ਼ਿਪ ਸਾਹਮਣੇ 'ਸੱਪ ਦੇ ਮੂੰਹ 'ਚ ਕਿਰਲੀ' ਵਾਲੀ ਸਥਿਤੀ ਹੈ। ਪਾਰਟੀ ਦਾ ਇੱਕ ਹਿੱਸਾ ਇਸ ਆਧਾਰ 'ਤੇ ਭਾਜਪਾ ਨਾਲ ਗੱਠਜੋੜ ਦਾ ਜ਼ਬਰਦਸਤ ਵਿਰੋਧ ਕਰ ਰਿਹਾ ਹੈ ਕਿ ਇਸ ਤਰ੍ਹਾਂ ਦੀ ਭਾਈਵਾਲੀ ਨਾਲ ਹਾਲੀਆ ਸਮੇਂ 'ਚ ਪਾਰਟੀ ਨੂੰ ਮਿਲਿਆ ਫਾਇਦਾ ਖੁੱਸ ਸਕਦਾ ਹੈ।rnਨੈਸ਼ਨਲ ਕਾਨਫ਼ਰੰਸ ਕੋਲ 15 ਸੀਟਾਂ ਹਨ ਅਤੇ ਸਰਕਾਰ ਦੇ ਗਠਨ 'ਚ ਉਹ ਅਹਿਮ ਰੋਲ ਅਦਾ ਕਰ ਸਕਦੀ ਹੈ। ਭਾਜਪਾ ਨਾਲ ਗੱਠਜੋੜ ਦੀ ਗੱਲਬਾਤ ਦੀ ਖ਼ਬਰ ਆਮ ਹੋਣ 'ਤੇ ਕੁਝ ਵਿਧਾਇਕਾਂ ਵੱਲੋਂ ਖੁੱਲ੍ਹੇਆਮ ਵਿਰੋਧ ਕਰਨ ਤੋਂ ਬਾਅਦ ਉਹ ਦੌੜ ਤੋਂ ਹਟ ਗਈ ਹੈ। ਚੋਣ ਨਤੀਜਿਆਂ 'ਚ ਕਿਸੇ ਵੀ ਪਾਰਟੀ ਨੂੰ ਸਪੱਸ਼ਟ ਬਹੁਮੱਤ ਨਹੀਂ ਮਿਲਿਆ। 87 ਮੈਂਬਰੀ ਵਿਧਾਨ ਸਭਾ 'ਚ 12 ਵਿਧਾਇਕਾਂ ਵਾਲੀ ਕਾਂਗਰਸ ਨਾ ਤਾਂ ਸਰਕਾਰ ਬਣਾਉਣ ਦੀ ਹਾਲਤ 'ਚ ਹੈ ਅਤੇ ਨਾ ਹੀ 44 ਦੇ ਅੰਕੜੇ ਨੂੰ ਪਾਰ ਕਰਨ ਲਈ ਉਹ ਪੀ ਡੀ ਪੀ ਜਾਂ ਨੈਸ਼ਨਲ ਕਾਨਫ਼ਰੰਸ ਦੀ ਮਦਦ ਹੀ ਕਰ ਸਕਦੀ ਹੈ।rnਕਾਂਗਰਸ ਦੇ ਤਰਜਮਾਨ ਸਲਮਾਨ ਨਿਜ਼ਾਮੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਪਾਰਟੀ ਭਾਜਪਾ ਨੂੰ ਰਾਜ 'ਚ ਸੱਤਾ ਦੇ ਆਉਣੋਂ ਰੋਕਣ ਲਈ ਪੀ ਡੀ ਪੀ ਅਤੇ 6 ਆਜ਼ਾਦ ਵਿਧਾਇਕਾਂ ਦੇ ਸੰਪਰਕ 'ਚ ਹੈ। ਸੂਬੇ ਦੇ ਰਾਜਪਾਲ ਐੱਨ ਐੱਨ ਵੋਹਰਾ ਨੇ ਸਰਕਾਰ ਦੇ ਗਠਨ 'ਤੇ ਵਿਚਾਰ ਲਈ ਪੀ ਡੀ ਪੀ ਅਤੇ ਭਾਜਪਾ ਨੂੰ ਅਲੱਗ-ਅਲੱਗ ਬੁਲਾਇਆ ਹੈ।rnਰਾਜ ਭਵਨ ਸੂਤਰਾਂ ਨੇ ਕਿਹਾ ਸੀ ਕਿ ਰਾਜਪਾਲ ਨੇ ਪਾਰਟੀਆਂ ਨੂੰ ਸੂਬੇ 'ਚ ਸਰਕਾਰ ਦੇ ਗਠਨ ਨਾਲ ਸੰਬੰਧਤ ਘਟਨਾਕ੍ਰਮ 'ਤੇ ਉਨ੍ਹਾ ਨੂੰ ਸੂਚਨਾ ਦੇਣ ਲਈ ਕਿਹਾ ਹੈ। ਸਾਰਿਆਂ ਦੀਆਂ ਨਜ਼ਰਾਂ ਪੀ ਡੀ ਪੀ 'ਤੇ ਟਿਕੀਆਂ ਹੋਈਆਂ ਹਨ ਕਿ ਉਹ ਕੀ ਫ਼ੈਸਲਾ ਕਰਦੀ ਹੈ।