Latest News
ਸਾਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸਾਂ \'ਚ ਬਣਨਗੇ ਵੱਖਰੇ ਐੱਨ ਆਰ ਆਈ ਸੈੱਲ : ਬਾਦਲ
ਪ੍ਰਵਾਸੀ ਪੰਜਾਬੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਉਨ੍ਹਾਂ ਦੇ ਦਫ਼ਤਰੀ ਕੰਮਕਾਜ ਨੂੰ ਸੁਚਾਰੂ ਤਰੀਕੇ ਨਾਲ ਹੱਲ ਕਰਵਾਉਣ ਲਈ ਸਾਰੇ ਜ਼ਿਲ੍ਹਿਆਂ ਵਿਚ ਵੱਖਰੇ ਐੱਨ.ਆਰ.ਆਈ ਸੈੱਲ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਕੇਵਲ ਪ੍ਰਵਾਸੀ ਪੰਜਾਬੀਆਂ ਲਈ ਆਯੋਜਿਤ ਸੰਗਤ ਦਰਸ਼ਨ ਮੌਕੇ ਪ੍ਰਵਾਸੀ ਪੰਜਾਬੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਜਾਵੇਗਾ ਕਿ ਇਸ ਸੈੱਲ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸਾਂ ਵਿਚ ਵੱਖਰਾ ਕਮਰਾ ਦਿੱਤਾ ਜਾਵੇ ਤਾਂ ਜੋ ਇਸ ਸੈੱਲ ਰਾਹੀਂ ਪ੍ਰਵਾਸੀ ਪੰਜਾਬੀ ਆਪਣਾ ਦਫ਼ਤਰੀ ਕੰਮਕਾਜ ਬਿਨਾਂ ਦੇਰੀ ਅਤੇ ਬਿਨਾਂ ਕਿਸੇ ਪਰੇਸ਼ਾਨੀ ਦੇ ਕਰਵਾ ਸਕਣ। ਇਨ੍ਹਾਂ ਐੱਨ ਆਰ ਆਈ ਸੈੱਲਾਂ ਵਿਚ ਲੋੜੀਂਦਾ ਬੁਨਿਆਦੀ ਢਾਂਚਾ ਉਪਲੱਬਧ ਕਰਵਾਇਆ ਜਾਵੇਗਾ ਤਾਂ ਜੋ ਇੱਥੇ ਆਉਣ ਵਾਲੇ ਪ੍ਰਵਾਸੀ ਪੰਜਾਬੀਆਂ ਦੀਆਂ ਮੁਸ਼ਕਲਾਂ ਦੇ ਹੱਲ ਵਿਚ ਇਹ ਸੈੱਲ ਸਹਾਈ ਹੋ ਸਕਣ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਬਕਾਇਦਾ ਹੁਕਮ ਜਲਦ ਜਾਰੀ ਕਰ ਦਿੱਤੇ ਜਾਣਗੇ।\r\nਇਸੇ ਤਰ੍ਹਾਂ ਮੁੱਖ ਮੰਤਰੀ ਨੇ ਇਕ ਹੋਰ ਮਹੱਤਵਪੂਰਨ ਕਦਮ ਦਾ ਐਲਾਨ ਕਰਦਿਆਂ ਕਿਹਾ ਕਿ ਗ੍ਰਹਿ ਸਕੱਤਰ ਸੂਬੇ ਦੇ ਭਗੌੜੇ ਕਰਾਰ ਦਿੱਤੇ ਪ੍ਰਵਾਸੀ ਪੰਜਾਬੀਆਂ ਦੀ ਸੂਚੀ ਦੀ ਸਮੀਖਿਆ ਕਰੇਗਾ ਤਾਂ ਜੋ ਅਜਿਹੇ ਲੋਕਾਂ ਦੇ ਨਾਂਅ ਇਸ ਵਿਚੋਂ ਹਟਾਏ ਜਾ ਸਕਣ, ਜਿਨ੍ਹਾਂ ਵੱਲੋਂ ਕੋਈ ਅਪਰਾਧ ਨਹੀਂ ਕੀਤਾ ਗਿਆ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਅਜਿਹੇ ਕੇਸਾਂ ਦੀ ਮੁੜ ਪੜਤਾਲ ਕੀਤੀ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਨਾਲ ਵੀ ਕਿਸੇ ਵੀ ਤਰ੍ਹਾਂ ਨਾਲ ਕੋਈ ਬੇਇਨਸਾਫੀ ਨਾ ਹੋਵੇ। ਪ੍ਰਵਾਸੀ ਪੰਜਾਬੀਆਂ ਦੇ ਝਗੜਿਆਂ ਦੇ ਨਬੇੜੇ ਵਿਚ ਐੱਨ.ਆਰ.ਆਈ ਪੁਲਸ ਸਟੇਸ਼ਨਾਂ ਦੀ ਅਹਿਮ ਭੂਮਿਕਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਕੇਸ ਰਜਿਸਟਰ ਕਰਨ ਦੇ ਨਾਲ-ਨਾਲ ਮਸਲਿਆਂ ਦੇ ਆਪਸੀ ਭਾਈਚਾਰੇ ਨਾਲ ਹੱਲ ਦੇ ਯਤਨ ਵੀ ਐੱਨ.ਆਰ.ਆਈ. ਪੁਲਸ ਸਟੇਸ਼ਨਾਂ ਨੂੰ ਕਰਨੇ ਚਾਹੀਦੇ ਹਨ। ਇਨ੍ਹਾਂ ਥਾਣਿਆਂ ਵਿਚ ਪ੍ਰਵਾਸੀ ਪੰਜਾਬੀਆਂ \'ਤੇ ਅਧਾਰਤ ਇਕ ਪੰਜ ਮੈਂਬਰੀ ਕਮੇਟੀ ਵੀ ਬਣਾਈ ਜਾਵੇਗੀ ਤਾਂ ਜੋ ਅਜਿਹੇ ਝਗੜਿਆਂ ਨੂੰ ਆਪਸੀ ਰਜ਼ਾਮੰਦੀ ਨਾਲ ਹੱਲ ਕੀਤਾ ਜਾ ਸਕੇ। ਪ੍ਰਵਾਸੀ ਪੰਜਾਬੀਆਂ ਨਾਲ ਸੰਬੰਧਤ ਇਕ ਹੋਰ ਮਹੱਤਵਪੂਰਨ ਮੁੱਦੇ ਸੰਬੰਧੀ ਮੁੱਖ ਮੰਤਰੀ ਨੇ ਵਿੱਤ ਕਮਿਸ਼ਨਰ ਮਾਲ ਨੂੰ ਕਿਹਾ ਕਿ ਜਾਇਦਾਦ ਦੇ ਸਾਂਝੇ ਖਾਤਿਆਂ ਦੀ ਤਕਸੀਮ ਲਈ ਅਗਲੇ ਤਿੰਨ ਮਹੀਨਿਆਂ ਕ੍ਰਮਵਾਰ ਜਨਵਰੀ, ਫਰਵਰੀ ਅਤੇ ਮਾਰਚ ਦੌਰਾਨ ਰਾਜ ਵਿਚ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇ, ਕਿਉਂਕਿ ਸਾਂਝੇ ਜ਼ਮੀਨੀ ਖਾਤਿਆਂ ਕਾਰਨ ਪ੍ਰਵਾਸੀ ਪੰਜਾਬੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸ: ਬਾਦਲ ਨੇ ਕਿਹਾ ਕਿ ਲਾਲ ਡੋਰਾ ਦੇ ਅੰਦਰ ਪੈਣ ਵਾਲੀਆਂ ਜਾਇਦਾਦਾਂ ਦੇ ਮਸਲੇ ਦਾ ਵੀ ਹੱਲ ਜਲਦ ਕੀਤਾ ਜਾਵੇਗਾ।\r\nਪ੍ਰਵਾਸੀ ਪੰਜਾਬੀਆਂ ਦੇ ਹਿੱਤਾਂ ਸੰਬੰਧੀ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਦੀ ਕਿਰਾਏਦਾਰਾਂ ਤੋਂ ਸੁਰੱਖਿਆ ਲਈ ਸਰਕਾਰ ਨੇ ਪੰਜਾਬ ਅਰਬਨ ਰੈਂਟ ਕੰਟਰੋਲ ਐਕਟ ਲਾਗੂ ਕੀਤਾ ਹੈ। ਇਸੇ ਤਰਾਂ ਪੰਜਾਬੀ ਨੌਜਵਾਨਾਂ ਨਾਲ ਪ੍ਰਵਾਸ ਸੰਬਧੀ ਹੋਣ ਵਾਲੇ ਧੋਖਿਆਂ ਨਾਲ ਨਿਪਟਨ ਲਈ ਪ੍ਰੀਵੈਨਸ਼ਨਜ ਆਫ ਹਿਊਮਨ ਟ੍ਰੈਫਿਕਿੰਗ ਐਂਡ ਸਮਗਲਿੰਗ ਐਕਟ ਬਣਾਇਆ ਹੈ। ਇਸ ਤਰ੍ਹਾਂ ਪਾਵਰ ਆਫ ਅਟਾਰਨੀ ਸੰਬੰਧੀ ਵੀ ਸ਼ਕਤੀਆਂ ਦਾ ਵੀ ਵਿਕੇਂਦਰੀਕਰਨ ਕੀਤਾ ਗਿਆ ਹੈ, ਜਿਸ ਤਹਿਤ ਜ਼ਿਲ੍ਹੇ ਅੰਦਰ ਡਿਪਟੀ ਕਮਿਸ਼ਨਰ, ਡਵੀਜ਼ਨ ਅੰਦਰ ਪੈਂਦੀਆਂ ਜਾਇਦਾਦਾਂ ਲਈ ਕਮਿਸ਼ਨਰ ਅਤੇ ਇਕ ਤੋਂ ਵੱਧ ਡਵੀਜ਼ਨਾਂ ਵਿਚ ਪੈਂਦੀਂਆਂ ਜਾਇਦਾਦਾਂ ਲਈ ਵਿੱਤ ਕਮਿਸ਼ਨਰ ਮਾਲ ਪਾਵਰ ਆਫ ਅਟਾਰਨੀ ਨੂੰ ਰਜਿਸਟਰ ਕਰਦਾ ਹੈ। ਇਸੇ ਤਰਾਂ ਮਾਲ ਮਹਿਕਮੇ ਨਾਲ ਸੰਬਧਤ ਕੇਸਾਂ ਦੇ ਜਲਦ ਨਿਪਟਾਰੇ ਲਈ ਜ਼ਿਲ੍ਹਾ ਮਾਲ ਅਫ਼ਸਰਾਂ ਨੂੰ ਐਸਿਸਟੈਂਟ ਕੁਲੈਕਟਰ ਦੀਆਂ ਪਾਵਰਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜਲੰਧਰ ਵਿਖੇ ਵਿਸੇਸ਼ ਸਿਵਲ ਕੇਸਾਂ ਲਈ ਐਨ.ਆਰ.ਆਈ. ਕੋਰਟ ਸਥਾਪਿਤ ਕੀਤੀ ਗਈ ਹੈ ਅਤੇ ਦੋ ਹੋਰ ਅਜਿਹੀਆਂ ਅਦਾਲਤਾਂ ਦੀ ਸਥਾਪਨਾ ਲਈ ਯਤਨ ਜਾਰੀ ਹਨ। ਇਸੇ ਤਰ੍ਹਾਂ ਪ੍ਰਵਾਸੀ ਪੰਜਾਬੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ 38 ਐੱਨ.ਆਰ.ਆਈ. ਨੰਬਰਦਾਰ ਨਾਮਜ਼ਦ ਕੀਤੇ ਗਏ ਹਨ। ਇਸੇ ਤਰ੍ਹਾਂ ਪੰਜਾਬ ਵਿਆਹ ਰਜਿਸਟ੍ਰੇਸ਼ਨ ਕਾਨੂੰਨ 2012 ਬਣਾਇਆ ਗਿਆ ਹੈ ਅਤੇ ਹੁਣ ਨਾਇਬ ਤਹਸਲੀਦਾਰ ਕੋਲ ਵੀ ਵਿਆਹ ਰਜਿਸਟਰ ਕਰਵਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਪ੍ਰਵਾਸੀ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਐੱਨ.ਆਰ.ਆਈ ਕਮਿਸ਼ਨ ਦਾ ਵੀ ਗਠਨ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਨਅਤੀ ਅਤੇ ਰਿਹਾਇਸ਼ੀ ਪਲਾਟਾਂ ਦੀ ਆਲਟਮੈਂਟ ਵਿਚ ਪ੍ਰਵਾਸੀ ਪੰਜਾਬੀਆਂ ਲਈ 10 ਫੀਸਦੀ ਦਾ ਰਾਖਵਾਂ ਕੋਟਾ ਰੱਖਿਆ ਗਿਆ ਹੈ ਤਾਂ ਜੋ ਉਹ ਪੰਜਾਬ ਵਿਚ ਜਾਇਦਾਦ ਦੀ ਖਰੀਦ ਕਰ ਸਕਣ। ਇਸ ਤਰ੍ਹਾਂ ਐੱਨ.ਆਰ.ਆਈ ਅਤੇ ਸਰਕਾਰ ਦੀ ਸਮੂਹਿਕ ਭਾਗੀਦਾਰੀ ਨਾਲ ਪਿੰਡਾਂ ਦੇ ਵਿਕਾਸ ਦੀ ਯੋਜਨਾ ਲਾਗੂ ਕੀਤੀ ਗਈ ਹੈ। ਇਸੇ ਤਰ੍ਹਾਂ ਪਹਿਲੀ ਐੱਨ.ਆਰ.ਆਈ ਪੱਤਰਕਾਰਾਂ ਨੂੰ ਵੀ ਐਕਰੀਡੇਸ਼ਨ ਦੀ ਸਹੂਤਲ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਦੁਰਘਟਨਾ ਬੀਮੇ ਦੀ ਸੁਰੱਖਿਆ ਦਿੱਤੀ ਗਈ ਹੈ।\r\nਉਨ੍ਹਾਂ ਪ੍ਰਵਾਸੀ ਪੰਜਾਬੀਆਂ ਨੂੰ ਆਪਣੀ ਮਾਤਭੂਮੀ ਪੰਜਾਬ ਦੇ ਵਿਕਾਸ ਵਿਚ ਹੋਰ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਨ੍ਹਾਂ ਧਰਤੀ ਪੁੱਤਰਾਂ ਨੇ ਆਪਣੀ ਲਗਨ ਅਤੇ ਮਿਹਨਤ ਨਾਲ ਦੁਨੀਆ ਭਰ ਵਿਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਨੇ ਸ੍ਰੀਮਤੀ ਨਿੱਕੀ ਹਲੇਰੀ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਸਾਡੇ ਪੰਜਾਬੀਆਂ ਨੇ ਦੁਨੀਆ ਦੇ ਦੂਜੇ ਮੁਲਕਾਂ ਵਿਚ ਜਾ ਕੇ ਆਪਣੇ ਲਈ ਮੋਹਰੀ ਸਥਾਨ ਹਾਸਲ ਕੀਤੇ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਅਤੇ ਹੋਰ ਪਤਵੰਤਿਆਂ ਨੂੰ ਇਸ ਐਨ.ਆਰ.ਆਈ. ਸੰਗਤ ਦਰਸ਼ਨ ਵਿਚ ਜੀ ਆਇਆਂ ਨੂੰ ਆਖਦਿਆਂ ਐਨ.ਆਰ.ਆਈ. ਮਾਮਲਿਆਂ ਦੇ ਮੰਤਰੀ ਜੱਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਸਰਕਾਰ ਦੀ ਇਹ ਪਹਿਲ ਪ੍ਰਵਾਸੀ ਪੰਜਾਬੀਆਂ ਦੇ ਮਸਲੇ ਹੱਲ ਕਰਨ ਵਿਚ ਅਹਿਮ ਭੁਮਿਕਾ ਨਿਭਾਏਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਉਦੇਸ਼ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਰਹਿੰਦੇ ਪੰਜਾਬੀਆਂ ਦਾ ਮਸਲਿਆਂ ਦਾ ਹੱਲ ਕਰਨਾ ਹੈ। ਉਨ੍ਹਾਂ ਨੇ ਐਨ.ਆਰ.ਆਈਜ਼. ਦੇ ਮਸਲਿਆਂ ਦੇ ਹੱਲ ਸੰਬੰਧੀ ਪੰਜਾਬ ਸਰਕਾਰ ਦੀ ਵਚਨਬੱਧਤਾ ਮੁੜ ਦੁਹਰਾਈ।\r\nਇਸ ਮੌਕੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਦੇ ਕੌਮੀ ਮਾਮਲਿਆਂ ਅਤੇ ਮੀਡੀਆ ਸਲਾਹਕਾਰ ਸ੍ਰੀ ਹਰਚਰਨ ਬੈਂਸ, ਮੁੱਖ ਮੰਤਰੀ ਦੇ ਸਲਾਹਕਾਰ ਮਹੇਸ਼ਇੰਦਰ ਸਿੰਘ ਗਰੇਵਾਲ, ਵਿਧਾਇਕ ਸ੍ਰੀ ਜੋਗਿੰਦਰ ਪਾਲ ਜੈਨ, ਸ੍ਰੀਮਤੀ ਰਾਜਵਿੰਦਰ ਕੌਰ ਅਤੇ ਸ੍ਰੀ ਮਹੇਸ਼ਇੰਦਰ ਸਿੰਘ, ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਸ: ਬਰਜਿੰਦਰ ਸਿੰਘ ਬਰਾੜ, ਵਧੀਕ ਮੁੱਖ ਸਕੱਤਰ-ਕਮ-ਗ੍ਰਹਿ ਸਕੱਤਰ ਸ: ਜਗਪਾਲ ਸਿੰਘ, ਪ੍ਰਮੁੱਖ ਸਕੱਤਰ ਐਨ.ਆਰ.ਆਈ. ਮਾਮਲੇ ਸ੍ਰੀ ਸੰਜੇ ਕੁਮਾਰ, ਵਿੱਤ ਕਮਿਸ਼ਨਰ ਮਾਲ ਸ: ਕਰਨ ਅਵਤਾਰ ਸਿੰਘ, ਐਨ.ਆਰ.ਆਈ. ਕਮਿਸ਼ਨਰ ਸ੍ਰੀ ਬੀ. ਪੁਰੂਸਾਰਥਾ, ਆਈ.ਜੀ.ਪੀ. ਐਨ.ਆਰ.ਆਈ.ਸੈਸ਼ਨ ਸ੍ਰੀਮਤੀ ਗੁਰਪ੍ਰੀਤ ਕੌਰ ਦਿਓ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਡਾ: ਐਸ. ਕਰੁਣਾ ਰਾਜੂ ਵੀ ਹਾਜ਼ਰ ਸਨ।

1068 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper