ਨਸ਼ੇ ਦੇ ਮੁੱਦੇ 'ਤੇ ਬਾਦਲ ਬੋਲੇ; ਹੁਣ ਸਾਰੇ ਸੂਬੇ 'ਚ ਤਾਰ ਕਿੱਥੋਂ ਲਾ ਦਈਏ?

ਇੱਕ ਪਾਸੇ ਪੰਜਾਬ ਸਰਕਾਰ ਸਰਹੱਦਾਂ ਦੇ ਰਾਖਿਆਂ ਤੋਂ ਜਵਾਬਦੇਹੀ ਮੰਗ ਰਹੀ ਹੈ ਕਿ ਨਸ਼ਿਆਂ ਦੀ ਆਮਦ ਕਿਉਂ ਨਹੀਂ ਰੁਕ ਰਹੀ ਤੇ ਦੂਜੇ ਪਾਸੇ ਗੁਆਂਢੀ ਸੂਬਿਆਂ 'ਚੋਂ ਆਉਣ ਵਾਲੇ ਨਸ਼ੇ ਨੂੰ ਰੋਕਣ 'ਚ ਸੂਬਾ ਪੁਲਸ ਦੀਆਂ ਨਾਕਾਮੀਆਂ ਦਾ ਖੁਦ ਮੁੱਖ ਮੰਤਰੀ ਕੋਲ ਜੁਆਬ ਨਹੀਂ ਹੈ ਤੇ ਉਹ ਬੇਪ੍ਰਵਾਹ ਲਹਿਜ਼ੇ 'ਚ ਕਹਿ ਗਏ ''ਹੁਣ ਸਾਰੇ ਸੂਬੇ ਦੇ ਦੁਆਲੇ ਤਾਰ ਕਿੱਥੋਂ ਲਾ ਦਈਏ?'' ਮੁੱਖ ਮੰਤਰੀ ਅੱਜ ਦੋ ਦਿਨਾ ਲੰਬੀ ਹਲਕੇ ਦੇ ਦੌਰੇ ਦੇ ਸ਼ੁਰੂਆਤੀ ਦਿਨ ਪਿੰਡਾਂ 'ਚ ਸੰਗਤ ਦਰਸ਼ਨ ਕਰਨ ਆਏ ਹੋਏ ਸਨ। ਇਸ ਦੌਰਾਨ ਪਿੰਡ ਚੰਨੂੰ 'ਚ ਪੱਤਰਕਾਰ ਵਾਰਤਾ 'ਚ ਚੋਖੇ ਚਰਚਿਤ ਹੋਏ ਨਸ਼ੇ ਦੇ ਮੁੱਦੇ 'ਤੇ ਪੱਤਰਕਾਰਾਂ ਦੇ ਸੁਆਲਾਂ ਦਾ ਉਹ ਜੁਆਬ ਦੇ ਰਹੇ ਸਨ। ਉਨ੍ਹਾਂ ਇਕ ਵਾਰ ਫੇਰ ਦੁਹਰਾਇਆ ਕਿ ਨਸ਼ਾ ਪੰਜਾਬ 'ਚ ਨਹੀਂ ਬਣਦਾ ਇਹ ਬਾਹਰੋਂ ਆਉਂਦਾ ਹੈ, ਪੰਜਾਬ 'ਚ ਤਾਂ ਏਨੀ ਸਖਤੀ ਹੈ ਕਿ ਪਾਈਆ ਨਸ਼ਾ ਵੀ ਫੜੇ ਜਾਣ 'ਤੇ ਦਸ ਸਾਲ ਦੀ ਕੈਦ ਹੋ ਜਾਂਦੀ ਹੈ, ਪਰ ਨਸ਼ਾ ਬਾਹਰੋਂ ਆ ਕੇ ਪੰਜਾਬ ਨੂੰ ਠੀਕ ਇੰਝ ਬਰਬਾਦ ਕਰ ਰਿਹਾ ਹੈ, ਜਿਵੇਂ ਕੋਈ ਪਿੱਛੋਂ ਆਉਂਦਾ ਨਾਲਾ ਕਿਸੇ ਪਿੰਡ ਨੂੰ ਗੰਧਲਾ ਕਰ ਰਿਹਾ ਹੋਵੇ, ਪਰ ਇਸ ਪ੍ਰਤੀਕਰਮ 'ਤੇ ਜਦੋਂ ਇਸ ਪ੍ਰਤੀਨਿਧੀ ਨੇ ਪੁੱਛਿਆ ਕਿ ਮੰਨਿਆ ਕਿ ਹੈਰੋਇਨ ਅੰਤਰ-ਰਾਸ਼ਟਰੀ ਸਰਹੱਦ ਤੋਂ ਆਉਂਦੀ ਹੈ, ਪਰ ਭੁੱਕੀ-ਅਫੀਮ ਦੀ ਆਮਦ ਤਾਂ ਗੁਆਂਢੀ ਸੂਬਿਆਂ 'ਚੋਂ ਰਹੀ ਹੈ, ਕੀ ਇਹ ਤੁਹਾਡੀ ਪੁਲਸ ਦੀ ਘੋਰ ਅਸਫ਼ਲਤਾ ਨਹੀਂ ਹੈ? ਤਾਂ ਮੁੱਖ ਮੰਤਰੀ ਨੇ ਦਮਹੀਣ ਜਿਹਾ ਜੁਆਬ ਦਿੱਤਾ ਕਿ ''ਹੁਣ ਸਾਰੇ ਸੂਬੇ 'ਚ ਤਾਰ ਕਿੱਥੋਂ ਲਾ ਦਈਏ'', ਪਰ ਨਸ਼ੇ ਦੇ ਮੁੱਦੇ 'ਤੇ ਸ: ਬਾਦਲ ਕਾਂਗਰਸੀਆਂ ਨੂੰ ਰਗੜਾ ਲਾਉਣਾ ਨਹੀਂ ਭੁੱਲੇ ਤੇ ਉਨ੍ਹਾਂ ਧਰਨਾ ਦੇਣ ਜਾ ਰਹੇ ਅਕਾਲੀ ਦਲ ਖਿਲਾਫ ਕਾਂਗਰਸੀਆਂ ਵੱਲੋਂ ਧਰਨੇ ਦੇਣ ਦੇ ਐਲਾਨ ਦੇ ਸੁਆਲ ਦੇ ਜੁਆਬ 'ਚ ਕਿਹਾ ਕਿ ਕਾਂਗਰਸ ਸਿਰਫ ਸਿਆਸਤ ਕਰ ਸਕਦੀ ਹੈ, ਹੋਰ ਕੁਝ ਨਹੀਂ, ਨਸ਼ੇ ਰੋਕਣ ਲਈ ਕਾਂਗਰਸ ਨੇ ਕੱਖ ਵੀ ਨਹੀਂ ਕੀਤਾ। ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਦੇ ਸਬੰਧ 'ਚ ਜਦੋਂ ਇੱਕ ਪੱਤਰਕਾਰ ਨੇ ਸੁਆਲ ਕੀਤਾ ਤਾਂ ਸ: ਬਾਦਲ ਨੇ ਸਿਰਫ ਏਨਾ ਕਿਹਾ ਕਿ ''ਸਜ਼ਾ ਕੱਟ ਚੁੱਕੇ ਸਿੱਖਾਂ ਦੀ ਰਿਹਾਈ ਲਈ ਕੇਂਦਰ ਨੂੰ ਤਿੰਨ ਚਿੱਠੀਆਂ ਲਿਖ ਦਿੱਤੀਆਂ, ਹੁਣ ਵਾਰ-ਵਾਰ ਕੀ ਜੁਆਬ ਦੇਵਾਂ?'' ਯੂਰੀਆ ਸੰਕਟ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ 'ਚ ਯੂਰੀਆ ਦੀ ਕੋਈ ਕਮੀ ਨਹੀਂ ਹੈ ਤੇ ਇਹ ਐਵੇਂ ਭਰਮ ਫੈਲਾਇਆ ਜਾ ਰਿਹੈ। ਆਮ ਤੌਰ 'ਤੇ ਪੱਤਰਕਾਰ ਦੇ ਸੁਆਲਾਂ ਦਾ ਜੁਆਬ ਤਹਿਜੀਬ ਤੇ ਵਿਸਥਾਰ ਨਾਲ ਦੇਣ ਵਾਲੇ ਸ: ਬਾਦਲ ਅੱਜ ਸ਼ਬਦਾਂ ਦਾ ਸਰਫਾ ਕਰਦੇ ਨਜ਼ਰ ਆਏ। ਜਦੋਂ ਚਾਲੁ ਵਿੱਤੀ ਸਾਲ ਦੌਰਾਨ ਅੱਠ ਮਹੀਨਿਆਂ 'ਚ ਘਟੇ 3 ਹਜ਼ਾਰ ਕਰੋੜ ਮਾਲੀਏ ਤੇ ਸਰਕਾਰ ਦੇ ਵਧੇ 10 ਫੀਸਦੀ ਖਰਚੇ ਦਾ ਕਾਰਨ ਪੁੱਛਿਆ ਤਾਂ ਮੁੱਖ ਮੰਤਰੀ ਨੇ ਸੁਆਲ ਦਾ ਜੁਆਬ ਦੇਣ 'ਚ ਕੋਈ ਰੁਚੀ ਨਹੀਂ ਦਿਖਾਈ ਤੇ ਗੱਲ ਗੋਲਮੋਲ ਕਰ ਗਏ। ਇਸ ਤੋਂ ਪਹਿਲਾਂ ਲੰਬੀ ਹਲਕੇ ਦੇ ਪਿੰਡ ਧੌਲਾ, ਥਰਾਜਵਾਲਾ, ਲਾਲਬਾਈ, ਚਨੂੰ, ਬੀਦੋਵਾਲੀ ਅਤੇ ਮਾਨ ਪਿੰਡ ਵਿਚ ਸੰਗਤ ਦਰਸ਼ਨ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿੰਡਾਂ ਵਿਚ ਪੀਣ ਵਾਲੇ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਅਤੇ ਗੰਦੇ ਪਾਣੀ ਦੀ ਨਿਕਾਸੀ ਨੂੰ ਮੁੱਖ ਤਰਜੀਹ ਦਿੱਤੀ ਹੈ। ਹਰ ਖੇਤਰ ਵਿਚ ਸੂਬੇ ਦੇ ਸਰਵ ਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਗਏ ਹਨ, ਜਿਨ੍ਹਾਂ ਕਾਰਨ ਪੰਜਾਬ ਅੱਜ ਦੇਸ਼ ਦੇ ਅਗਾਂਹਵਧੂ ਸੂਬਿਆਂ ਵਿਚ ਗਿਣਿਆ ਜਾਂਦਾ ਹੈ। ਕਿਸਾਨਾਂ ਨੂੰ ਖੇਤੀ ਵਿਭਿੰਨਤਾ ਅਪਨਾਉਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਕਿਸਾਨ ਆਪਣੀ ਆਮਦਨ ਵਿਚ ਵਾਧਾ ਕਰਕੇ ਮੌਜੂਦਾ ਸੰਕਟ ਵਿਚੋਂ ਨਿਕਲ ਸਕਣਗੇ। ਖੇਤੀ ਲਾਗਤਾਂ ਵਿਚ ਬੇਤਹਾਸ਼ਾ ਵਾਧੇ ਅਤੇ ਘੱਟ ਰਹੇ ਮੁਨਾਫੇ ਕਾਰਨ ਖੇਤੀਬਾੜੀ ਅੱਜ ਇਕ ਲਾਹੇਵੰਦ ਧੰਦਾ ਨਹੀਂ ਰਿਹਾ ਹੈ।rnਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿਚ ਕਿਸਾਨਾਂ ਨੂੰ ਸਹਾਇਕ ਖੇਤੀ ਧੰਦੇ ਜਿਵੇਂ ਡੇਅਰੀ, ਮੱਛੀ-ਪਾਲਣ, ਸੂਰ-ਪਾਲਣ, ਮੱਖੀ-ਪਾਲਣ, ਵਣ ਖੇਤੀ ਅਤੇ ਹੋਰ ਕਿੱਤੇ ਕਰਨੇ ਚਾਹੀਦੇ ਹਨ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋ ਸਕੇ। ਇਸ ਮੌਕੇ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਖੇਤੀ ਲਾਗਤਾਂ 'ਤੇ ਹੁੰਦੇ ਭਾਰੀ ਖਰਚੇ ਨੂੰ ਘਟਾਉਣ ਲਈ ਖੇਤੀ ਸੰਦ ਕਿਰਾਏ 'ਤੇ ਲੈਣ ਦੀ ਨੀਤੀ ਅਪਨਾਉਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ-ਮੁੱਖ ਮੰਤਰੀ ਦੇ ਪੀ.ਏ. ਅਵਤਾਰ ਸਿੰਘ ਵਨਵਾਲਾ, ਚੇਅਰਮੈਨ ਤਜਿੰਦਰ ਸਿੰਘ ਮਿੱਡੂ ਖੇੜਾ, ਮੁੱਖ ਮੰਤਰੀ ਦੇ ਵਿਸੇਸ਼ ਪ੍ਰਮੁੱਖ ਸਕੱਤਰ ਕੇ.ਜੇ.ਐਸ. ਚੀਮਾ, ਡਿਪਟੀ ਕਮਿਸ਼ਨਰ ਜਸਕਿਰਨ ਸਿੰਘ, ਡੀ.ਆਈ.ਜੀ. ਅਮਰ ਸਿੰਘ ਚਾਹਲ, ਐਸ.ਐਸ.ਪੀ. ਕੁਲਦੀਪ ਸਿੰਘ ਚਾਹਲ, ਨਾਬਾਰਡ ਦੇ ਸੀ.ਜੀ.ਐਮ. ਨਰੇਸ਼ ਗੁਪਤਾ, ਜਸਵਿੰਦਰ ਸਿੰਘ ਧੌਲਾ, ਰਣਜੋਧ ਸਿੰਘ ਲੰਬੀ, ਮਨਜੀਤ ਸਿੰਘ ਲਾਲਬਾਈ, ਬੀਬੀ ਵੀਰਪਾਲ ਕੌਰ ਤਰਮਾਲਾ ਆਦਿ ਵੀ ਹਾਜ਼ਰ ਸਨ।rnC