ਅੱਤਵਾਦੀਆਂ ਦੀ ਰਿਹਾਈ ਲਈ ਸੁਖਬੀਰ ਮਿਲੇ ਰਾਜਨਾਥ ਨੂੰ

ਉੱਠ ਰਹੇ ਵਿਵਾਦ ਦੀ ਪ੍ਰਵਾਹ ਨਾ ਕਰਦਿਆਂ ਪੰਜਾਬ ਸਰਕਾਰ ਨੇ ਸੂਬੇ ਦੇ ਉਨ੍ਹਾਂ ਅੱਤਵਾਦੀਆਂ ਦੀ ਰਿਹਾਈ ਲਈ ਕੇਂਦਰ ਤੱਕ ਰਸਮੀ ਪਹੁੰਚ ਕੀਤੀ ਹੈ, ਜਿਹੜੇ ਕੈਦ ਦੀ ਸਜ਼ਾ ਪੂਰੀ ਕਰ ਚੁੱਕੇ ਹਨ ਅਤੇ ਹੋ ਰਹੀ ਆਲੋਚਨਾ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਕਿ ਇੱਕ ਗਲਤ ਪ੍ਰਭਾਵ ਪੈਦਾ ਕੀਤਾ ਗਿਆ ਹੈ। ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲੇ ਅਤੇ ਸਜ਼ਾ ਕੱਟ ਚੁੱਕੇ ਕੈਦੀਆਂ ਨੂੰ ਮਾਨਵੀ ਅਧਾਰ 'ਤੇ ਰਿਹਾਅ ਕਰਨ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਸੰਸਦ 'ਚ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਵੀ ਸਨ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਸ ਮੌਕੇ 'ਤੇ ਕੇਵਲ ਇੰਨਾ ਹੀ ਕਿਹਾ ਕਿ ਮਾਮਲਾ ਕਾਨੂੰਨੀ ਪੱਖੋਂ ਵਿਚਾਰਿਆ ਜਾਵੇਗਾ।rnਇਹ ਮੰਗ ਕਰਨ ਲਈ ਹੋ ਰਹੀ ਆਲੋਚਨਾ ਤੇ 'ਰਾਸ਼ਟਰ ਵਿਰੋਧੀ' ਕਰਾਰ ਦਿੱਤੇ ਜਾਣ ਬਾਰੇ ਸੁਖਬੀਰ ਨੇ ਕਿਹਾ ਕਿ ਰਾਜ ਸਰਕਾਰ ਬਾਰੇ ਇੱਕ 'ਗਲਤ ਪ੍ਰਭਾਵ' ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਉਨ੍ਹਾਂ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਰਹੀ ਹੈ, ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਨਹੀਂ ਕੀਤੀਆਂ। ਪੱਤਰਕਾਰਾਂ ਨਾਲ ਗੱਲ ਕਰਦਿਆਂ ਸੁਖਬੀਰ ਨੇ ਕਿਹਾ ਕਿ ਅਸੀ ਇਹ ਬੇਨਤੀ ਲੈ ਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲੇ ਹਾਂ ਕਿ ਜਿਨ੍ਹਾਂ ਕੈਦੀਆਂ ਨੇ ਆਪਣੀ ਕੈਦ ਦੀ ਸਜ਼ਾ ਪੂਰੀ ਕਰ ਲਈ ਹੈ ਅਤੇ ਕਾਨੂੰਨ ਅਨੁਸਾਰ ਉਹ ਰਿਹਾਈ ਦੇ ਹੱਕਦਾਰ ਹਨ, ਉਨ੍ਹਾਂ ਦੇ ਮਾਮਲਿਆਂ 'ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇ। ਅਸੀਂ ਉਨ੍ਹਾਂ ਕੈਦੀਆਂ ਦੀ ਰਿਹਾਈ ਨਹੀਂ ਮੰਗ ਰਹੇ, ਜਿਨ੍ਹਾਂ ਨੇ ਆਪਣੀ ਕੈਦ ਦੀ ਸਜ਼ਾ ਪੂਰੀ ਨਹੀਂ ਕੀਤੀ।rnਉਨ੍ਹਾ ਕਿਹਾ ਕਿ ਬਹੁਤ ਸਾਰੇ ਅਜਿਹੇ ਲੋਕ ਹਨ, ਜਿਹੜੇ 25 ਤੋਂ 30 ਸਾਲ ਕੈਦ ਦੀ ਸਜ਼ਾ ਭੁਗਤ ਚੁੱਕੇ ਹਨ ਅਤੇ ਉਨ੍ਹਾਂ 'ਚੋਂ ਕੁਝ 90 ਸਾਲ ਦੀ ਉਮਰ ਵੀ ਪਾਰ ਕਰ ਗਏ ਹਨ ਤੇ ਅੰਨ੍ਹੇ ਵੀ ਹੋ ਗਏ ਹਨ। ਅਸੀਂ ਉਨ੍ਹਾਂ ਦੀ ਮਾਨਵੀ ਅਧਾਰ 'ਤੇ ਰਿਹਾਈ ਮੰਗ ਰਹੇ ਹਾਂ। ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਕੋਈ ਸੂਬਾ ਕੈਦ ਭੁਗਤ ਚੁੱਕੇ ਆਪਣੇ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਰਿਹਾ ਹੈ। ਵਰਨਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਸਮਾਂ ਪਹਿਲਾਂ ਪੰਜ ਰਾਜਾਂ ਦੇ ਆਪਣੇ ਹਮਅਹੁਦਾ ਨੂੰ ਖ਼ਤ ਲਿਖ ਕੇ 13 ਦਹਿਸ਼ਤਗਰਦਾਂ ਦੀ ਰਿਹਾਈ ਦੀ ਮੰਗ ਕੀਤੀ ਸੀ, ਜਿਨ੍ਹਾਂ 'ਚ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਾਤਲ ਵੀ ਸ਼ਾਮਲ ਹੈ।rnਸੁਖਬੀਰ ਨੇ ਕਿਹਾ ਕਿ ਮੀਡੀਆ ਨੇ ਇਹ ਗਲਤ ਪ੍ਰਭਾਵ ਪੈਦਾ ਕੀਤਾ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਲੋਕਾਂ ਦੀ ਰਿਹਾਈ ਦੀ ਮੰਗ ਕਰ ਰਹੀ ਹੈ ਜਾਂ ਫੌਰੀ ਰਿਹਾਈ ਚਾਹੁੰਦੀ ਹੈ, ਜਿਨ੍ਹਾਂ ਆਪਣੀ ਸਜ਼ਾ ਪੂਰੀ ਨਹੀਂਂ ਕੀਤੀ। ਇਹ ਆਖਦਿਆਂ ਕਿ ਅਕਾਲੀ ਦਲ ਪੰਜਾਬ ਤੇ ਦੇਸ਼ ਵਾਸਤੇ ਜੰਗ 'ਚ ਹਮੇਸ਼ਾ ਮੋਹਰਲੀ ਕਤਾਰ 'ਚ ਰਿਹਾ ਹੈ, ਸੁਖਬੀਰ ਨੇ ਹੈਰਾਨੀ ਪ੍ਰਗਟਾਈ ਕਿ ਸਾਨੂੰ ਰਾਸ਼ਟਰ ਵਿਰੋਧੀ ਕਿਸ ਤਰ੍ਹਾਂ ਗਰਦਾਨਿਆ ਜਾ ਰਿਹਾ ਹੈ।rnਇਹ ਪੁੱਛੇ ਜਾਣ 'ਤੇ ਕਿ ਉਨ੍ਹਾ ਨੂੰ ਗ੍ਰਹਿ ਮੰਤਰੀ ਕੋਲੋਂ ਕੀ ਭਰੋਸਾ ਮਿਲਿਆ ਹੈ। ਉਨ੍ਹਾ ਕਿਹਾ ਕਿ ਅਸੀਂ ਉਨ੍ਹਾਂ ਨੂੰ ਨਾਂਅ ਅਤੇ ਖਤ ਸੌਂਪ ਦਿੱਤੇ ਹਨ ਅਤੇ ਗ੍ਰਹਿ ਮੰਤਰੀ ਨੇ ਕਿਹਾ ਹੈ ਕਿ ਉਹ ਇਸ ਨੂੰ ਘੋਖਣਗੇ ਅਤੇ ਕਾਨੂੰਨੀ ਪੱਖੋਂ ਪੜਤਾਲ ਕਰਨਗੇ। ਸੁਖਬੀਰ ਨੇ ਕਿਹਾ ਕਿ ਕਾਨੂੰਨ ਅਨੁਸਾਰ ਸਰਕਾਰ ਨੂੰ ਮਾਨਵੀ ਅਧਾਰ 'ਤੇ ਉਨ੍ਹਾਂ ਦੀ ਰਿਹਾਈ 'ਤੇ ਵਿਚਾਰ ਕਰਨਾ ਚਾਹੀਦਾ ਹੈ।rnਸੂਤਰਾਂ ਅਨੁਸਾਰ ਸੁਖਬੀਰ ਬਾਦਲ ਨੇ ਮਾਮਲਾ ਪੇਸ਼ ਕਰਦਿਆਂ ਉੱਤਰ ਪੂਰਬ ਅਤੇ ਜੰਮੂ-ਕਸ਼ਮੀਰ 'ਚ ਗੈਰ-ਕਾਨੂੰਨੀ ਜਥੇਬੰਦੀਆਂ ਨਾਲ ਸੰਬੰਧਤ ਕੈਦੀਆਂ ਦੀ ਮਾਨਵੀ ਅਧਾਰ 'ਤੇ ਰਿਹਾਈ ਦਾ ਹਵਾਲਾ ਦਿੱਤਾ, ਜਿਨ੍ਹਾਂ 'ਚੋਂ ਚੋਣਾਂ ਲੜੀਆਂ ਤੇ ਜਿੱਤੀਆਂ ਵੀ। ਉਨ੍ਹਾ ਅਜਿਹੇ ਕੈਦੀਆਂ ਦੀ ਕੋਈ ਗਿਣਤੀ ਨਹੀਂ ਦਿੱਤੀ।rnਦੋ ਹਫਤੇ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਿਨ੍ਹਾਂ 13 ਉਮਰ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਸੀ, ਉਨ੍ਹਾਂ 'ਚੋਂ ਪੰਜ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਮਾਮਲੇ ਦੀ ਕੈਦ ਕੱਟ ਰਹੇ ਹਨ ਅਤੇ ਇੱਕ ਯੂਥ ਕਾਂਗਰਸ ਦੇ ਵੇਲੇ ਦੇ ਪ੍ਰਧਾਨ ਐੱਮ ਐੱਸ ਬਿੱਟਾ 'ਤੇ ਸਤੰਬਰ 1993 'ਚ ਕੀਤੇ ਗਏ ਬੰਬ ਹਮਲੇ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਹੈ। ਇਸ ਹਮਲੇ 'ਚ 9 ਵਿਅਕਤੀ ਮਾਰੇ ਗਏ ਸਨ ਅਤੇ ਬਿੱਟਾ ਸਮੇਤ 25 ਹੋਰ ਜ਼ਖਮੀ ਹੋ ਗਏ ਸਨ। ਮੁੱਖ ਮੰਤਰੀ ਨੇ ਇਸ ਸੰਬੰਧ 'ਚ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਕਰਨਾਟਕ, ਰਾਜਸਥਾਨ ਤੇ ਗੁਜਰਾਤ ਦੇ ਮੁੱਖ ਮੰਤਰੀਆਂ ਨੂੰ ਖਤ ਲਿਖੇ ਸਨ। ਅਜਿਹੇ ਖਤ ਦਿੱਲੀ ਦੇ ਉਪ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਵੀ ਭੇਜੇ ਗਏ ਸਨ।