ਕਤਲ ਕੀਤਾ ਗਿਆ ਸੀ ਸੁਨੰਦਾ ਪੁਸ਼ਕਰ ਨੂੰ

ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਪੁਲਸ ਵੱਲੋਂ ਦਰਜ ਐੱਫ਼ ਆਈ ਆਰ 'ਚ ਕਈ ਖੁਲਾਸੇ ਕੀਤੇ ਗਏ ਹਨ। ਪੁਲਸ ਅਨੁਸਾਰ ਸੁਨੰਦਾ ਦੇ ਸਰੀਰ 'ਤੇ ਇੱਕ ਦਰਜਨ ਤੋਂ ਜ਼ਿਆਦਾ ਜ਼ਖ਼ਮਾਂ ਦੇ ਨਿਸ਼ਾਨ ਸਨ, ਜਿਹੜੇ ਮੌਤ ਤੋਂ 12 ਘੰਟੇ ਪਹਿਲਾਂ ਤੋਂ ਲੈ ਕੇ 4 ਦਿਨ ਵਿਚਕਾਰਲੇ ਸਨ।rnਪੁਲਸ ਵੱਲੋਂ ਪਹਿਲੀ ਜਨਵਰੀ ਨੂੰ ਸਰੋਜਨੀ ਨਗਰ ਥਾਣੇ 'ਚ ਦਰਜ ਐੱਫ਼ ਆਈ ਆਰ 'ਚ ਸੁਨੰਦਾ ਦੀ ਮੌਤ ਬਾਰੇ ਕਈ ਖੁਲਾਸੇ ਕੀਤੇ ਹਨ। ਇਸ ਰਿਪੋਰਟ 'ਚ ਸੁਨੰਦਾ ਕੇਸ 'ਚ ਸਮੇਂ ਸਮੇਂ ਆਈਆਂ ਮੈਡੀਕਲ ਰਿਪੋਰਟਾਂ ਦਾ ਵੀ ਜ਼ਿਕਰ ਹੈ। ਮੈਡੀਕਲ ਰਿਪੋਰਟ ਅਨੁਸਾਰ ਸੁਨੰਦਾ ਦੇ ਸਰੀਰ 'ਤੇ ਜ਼ਖ਼ਮਾਂ ਦੇ 15 ਨਿਸ਼ਾਨ ਮਿਲੇ ਹਨ। ਹੁਣ ਪੁਲਸ ਸਾਹਮਣੇ ਸੁਆਲ ਹੈ ਕਿ ਸੁਨੰਦਾ ਦੇ ਇਹ ਜ਼ਖ਼ਮ ਕਿਵੇਂ ਲੱਗੇ। ਰਿਪੋਰਟ ਅਨੁਸਾਰ ਜ਼ਖ਼ਮ ਨੰ: 10 ਇੰਜੈਕਸ਼ਨ ਦਾ ਨਿਸ਼ਾਨ ਹੈ, ਜਦਕਿ ਜ਼ਖ਼ਮ ਨੰਬਰ 12 ਦੰਦ ਨਾਲ ਕੱਟਣ ਦਾ ਹੈ, ਪਰ ਮਈ 2014 ਦੀ ਸੀ ਐੱਫ਼ ਐੱਸ ਐੱਲ ਦੀ ਰਿਪੋਰਟ 'ਚ ਇੰਜੈਕਸ਼ਨ ਅਤੇ ਦੰਦ ਨਾਲ ਕੱਟਣ 'ਤੇ ਸਲਾਈਵਾ ਦਾ ਜ਼ਿਕਰ ਨਹੀਂ ਕੀਤਾ ਗਿਆ। ਡਾਕਟਰਾਂ ਵੱਲੋਂ ਵਿਸਰਾ ਦੀ ਜਾਂਚ ਮਗਰੋਂ 27 ਸਤੰਬਰ 2014 ਨੂੰ ਦਿੱਤੀ ਗਈ ਰਿਪੋਰਟ 'ਚ ਮੌਤ ਦਾ ਕਾਰਨ ਜ਼ਹਿਰ ਦੱਸਿਆ ਗਿਆ। ਰਿਪੋਰਟ ਅਨੁਸਾਰ ਵਿਸਰਾ 'ਚ ਇਥਾਈਲ ਅਲਕੋਹਲ, ਕੈਫੀਨ, ਐਸੀਟੋਮਿਨੋਫਿਕ, ਕੋਟਿਨੀਨ ਦੇ ਅੰਸ਼ ਮਿਲੇ, ਪਰ ਜ਼ਹਿਰ ਦੀ ਪਛਾਣ ਨਾ ਹੋ ਸਕੀ, ਜਿਸ ਕਾਰਣ 5 ਨਵੰਬਰ 2014 ਨੂੰ ਮੈਡੀਕਲ ਬੋਰਡ ਨੇ ਹੋਟਲ ਦੇ ਕਮਰੇ 'ਚ ਜਾ ਕੇ ਜਾਂਚ ਕੀਤੀ। ਦੁਬਾਰਾ ਜਾਂਚ ਮਗਰੋਂ 29 ਦਸੰਬਰ ਦੀ ਰਿਪੋਰਟ 'ਚ ਬੋਰਡ ਨੇ ਕਿਹਾ ਕਿ ਸੁਨੰਦਾ ਪੁਸ਼ਕਰ ਦੀ ਮੌਤ ਗ਼ੈਰ-ਕੁਦਰਤੀ ਹੈ ਅਤੇ ਉਸ ਦੀ ਮੌਤ ਦਾ ਕਾਰਨ ਜ਼ਹਿਰ ਹੈ, ਪਰ ਇਹ ਨਹੀਂ ਦੱਸਿਆ ਕਿ ਉਸ ਦੇ ਸਰੀਰ 'ਚ ਜ਼ਹਿਰ ਮੂੰਹ ਰਾਹੀਂ ਗਿਆ ਜਾਂ ਇੰਜੈਕਸ਼ਨ ਰਾਹੀਂ। ਪੁਲਸ ਕਮਿਸ਼ਨਰ ਨੇ ਕਿਹਾ ਕਿ ਆਉਂਦੇ ਤਿੰਨ-ਚਾਰ ਦਿਨਾਂ 'ਚ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਅਹਿਮ ਖੁਲਾਸਾ ਕੀਤਾ ਜਾਵੇਗਾ।rnਸੁਨੰਦਾ ਦੇ ਸਰੀਰ 'ਤੇ ਮਿਲੇ ਜ਼ਖ਼ਮ ਅਤੇ ਇੰਜੈਕਸ਼ਨ ਪੁਲਸ ਲਈ ਇੱਕ ਪਹੇਲੀ ਬਣੇ ਹੋਏ ਹਨ, ਕਿਉਂਕਿ ਕੇਰਲ ਦੇ ਜਿਸ ਹਸਪਤਾਲ ਤੋਂ ਸੁਨੰਦਾ ਇਲਾਜ ਕਰਵਾ ਰਹੀ ਸੀ, ਉਸ ਦਾ ਕਹਿਣਾ ਹੈ ਕਿ ਸੁਨੰਦਾ ਨੂੰ ਨਾ ਇੰਜੈਕਸ਼ਨ ਦਿੱਤਾ ਗਿਆ ਅਤੇ ਨਾ ਹੀ ਅਲਪ੍ਰੈਕਸ ਦੀਆਂ ਗੋਲੀਆਂ। ਹੁਣ ਪੁਲਸ ਇਸ ਥਿਊਰੀ 'ਤੇ ਕੰਮ ਕਰ ਰਹੀ ਹੈ ਕਿ ਕੀ ਜਾਂਚ ਨੂੰ ਭਟਕਾਉਣ ਲਈ ਗੋਲੀਆਂ ਉਸ ਦੇ ਕਮਰੇ 'ਚ ਰੱਖੀਆਂ ਗਈਆਂ।rnਅੱਜ ਇਸ ਮਾਮਲੇ 'ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਸ਼ਸ਼ੀ ਥਰੂਰ ਨੇ ਕਤਲ ਦਾ ਕੇਸ ਦਰਜ ਕੀਤੇ ਜਾਣ 'ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਜਾਂਚ 'ਚ ਪੂਰਾ ਸਹਿਯੋਗ ਦੇ ਰਹੇ ਹਨ। ਉਧਰ ਮਾਮਲੇ ਦੀ ਜਾਂਚ ਕਰ ਰਹੀ ਦਿੱਲੀ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਨੇ ਕਿਹਾ ਕਿ ਲੋੜ ਪੈਣ 'ਤੇ ਇਸ ਮਾਮਲੇ 'ਚ ਸ਼ਸ਼ੀ ਥਰੂਰ ਤੋਂ ਵੀ ਪੁੱਛਗਿੱਛ ਕੀਤੀ ਜਾ ਸਕਦੀ ਹੈ।rnਇਸੇ ਦੌਰਾਨ ਸੁਨੰਦਾ ਪੁਸ਼ਕਰ ਦੀ ਮੌਤ ਤੋਂ ਦੋ ਦਿਨ ਪਹਿਲਾਂ ਉਸ ਨਾਲ ਮੁਲਾਕਾਤ ਕਰਨ ਵਾਲੇ 'ਸਾਹਿਬ' ਦੀ ਪਛਾਣ ਦਿੱਲੀ ਪੁਲਸ ਨੇ ਸੁਨੀਲ ਬਦਰੂ ਵਜੋਂ ਕੀਤੀ ਹੈ। ਸੁਨੀਲ ਦਾ ਨਾਂਅ ਥਰੂਰ ਦੇ ਘਰੇਲੂ ਨੌਕਰ ਨਰਾਇਣ ਨੇ ਪੁੱਛਗਿੱਛ ਦੌਰਾਨ ਲਿਆ ਸੀ। ਨਰਾਇਣ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮੌਤ ਤੋਂ ਦੋ ਦਿਨ ਪਹਿਲਾਂ ਕੋਈ ਸਾਹਿਬ ਸੁਨੰਦਾ ਨਾਲ ਮੁਲਾਕਾਤ ਕਰਨ ਆਏ ਸਨ।rnਸੁਨੀਲ ਇੱਕ ਵਪਾਰੀ ਅਤੇ ਸ਼ਸ਼ੀ ਥਰੂਰ ਦਾ ਦੋਸਤ ਹੈ ਅਤੇ ਪੁਲਸ ਉਸ ਤੋਂ ਇਸ ਮਾਮਲੇ ਵਿੱਚ ਉਸ ਤੋਂ ਦੋ ਵਾਰ ਪੁੱਛਗਿੱਛ ਕਰ ਚੁੱਕੀ ਹੈ। ਪੁਲਸ ਦਾ ਕਹਿਣਾ ਹੈ ਕਿ ਨਵੰਬਰ ਵਿੱਚ ਨਰਾਇਣ ਤੋਂ ਪੁੱਛਗਿੱਛ ਦੌਰਾਨ ਉਸ ਦਾ ਨਾਂਅ ਸਾਹਮਣੇ ਆਇਆ ਸੀ। ਪੁਲਸ ਵੱਲੋਂ ਸੁਨੀਲ ਤੋਂ ਪੁੱਛਗਿੱਛ ਦੌਰਾਨ ਇਸ ਮਾਮਲੇ ਵਿੱਚ ਆਈ ਪੀ ਐੱਲ ਐਂਗਲ ਸਾਹਮਣੇ ਆਇਆ ਹੈ।rnਸੁਨੀਲ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਸੁਨੰਦਾ ਨੇ ਉਸ ਨਾਲ ਆਈ ਪੀ ਐੱਲ ਬਾਰੇ ਗੱਲ ਕੀਤੀ ਸੀ, ਪਰ ਸੁਨੰਦਾ ਦੀ ਮੌਤ ਬਾਰੇ ਉਸ ਕੋਲ ਕੋਈ ਜਾਣਕਾਰੀ ਨਹੀਂ। ਇਸ ਤੋਂ ਪਹਿਲਾਂ ਨਲਿਨੀ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ ਵਿੱਚ ਇਹੋ ਗੱਲ ਆਖੀ ਸੀ, ਜਿਨ੍ਹਾ ਮੌਤ ਤੋਂ ਪਹਿਲਾਂ ਸੁਨੰਦਾ ਨਾਲ ਫੋਨ 'ਤੇ ਗੱਲ ਕੀਤੀ ਸੀ।rn ਸੂਤਰਾਂ ਅਨੁਸਾਰ ਸੁਨੰਦਾ ਨੇ ਆਪਣੀ ਮੌਤ ਤੋਂ ਪਹਿਲਾਂ ਆਈ ਪੀ ਐੱਲ 'ਚ ਗੜਬੜੀਆਂ ਬਾਰੇ ਪ੍ਰੈੱਸ ਕਾਨਫਰੰਸ ਦੀ ਯੋਜਨਾ ਬਣਾਈ ਸੀ। ਸੁਨੀਲ ਅਨੁਸਾਰ ਮੌਤ ਤੋਂ ਪਹਿਲਾਂ ਥਰੂਰ ਅਤੇ ਸੁਨੰਦਾ ਵਿੱਚ ਝਗੜਾ ਹੋਇਆ ਸੀ। ਪਤਾ ਲੱਗਿਆ ਹੈ ਕਿ ਅਗਲੇ ਹਫਤੇ ਇਸ ਮਾਮਲੇ ਵਿੱਚ ਥਰੂਰ ਤੋਂ ਪੁੱਛਗਿੱਛ ਹੋ ਸਕਦੀ ਹੈ।rnਪਤਾ ਚੱਲਿਆ ਹੈ ਕਿ 14 ਜਨਵਰੀ ਨੂੰ ਦਿੱਲੀ ਹਵਾਈ ਅੱਡੇ 'ਤੇ ਸੁਨੰਦਾ ਅਤੇ ਥਰੂਰ ਵਿੱਚ ਝਗੜਾ ਹੋਇਆ ਸੀ, ਜਿਸ ਮਗਰੋਂ ਸੁਨੰਦਾ ਨੇ ਥਰੂਰ ਨਾਲ ਉਸ ਦੀ 97 ਲੋਧੀ ਗਾਰਡਨ ਰਿਹਾਇਸ਼ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਥਰੂਰ ਨੇ ਉਸ ਨੂੰ ਮਨਾਉਣ ਦਾ ਯਤਨ ਕੀਤਾ ਤਾਂ ਸੁਨੰਦਾ ਨੇ ਥਰੂਰ ਨੂੰ ਥੱਪੜ ਵੀ ਮਾਰ ਦਿੱਤਾ ਸੀ।