ਦਿੱਲੀ ਦੇ ਪੁਲਸ ਕਮਿਸ਼ਨਰ ਬੀ ਐਸ ਬੱਸੀ ਨੇ ਕਿਹਾ ਹੈ ਕਿ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਤੋਂ ਆਉਂਦੇ ਦਿਨਾਂ \'ਚ ਉਨ੍ਹਾਂ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਸੰਬੰਧ \'ਚ ਪੁੱਛਗਿੱਛ ਕੀਤੀ ਜਾ ਸਕਦੀ ਹੈ।\r\nਜਦੋਂ ਉਨ੍ਹਾ ਤੋਂ ਮੀਡੀਆ ਦੀਆਂ ਇਹਨਾਂ ਰਿਪੋਰਟਾਂ ਬਾਰੇ ਪੁੱਛਿਆ ਗਿਆ ਕਿ ਹੋਟਲ ਦੇ ਉਸ ਕਮਰੇ \'ਚ ਸਬੂਤਾਂ ਨਾਲ ਛੇੜ-ਛਾੜ ਕੀਤੀ ਗਈ, ਜਿੱਥੋਂ 17 ਜਨਵਰੀ ਨੂੰ ਸੁਨੰਦਾ ਪੁਸ਼ਕਰ ਦੀ ਲਾਸ਼ ਮਿਲੀ ਸੀ ਤਾਂ ਜੁਆਬ \'ਚ ਉਨ੍ਹਾਂ ਕਿਹਾ ਕਿ ਇਹਨਾਂ ਦੋਸ਼ਾਂ ਦਾ ਕੋਈ ਅਧਾਰ ਨਹੀਂ।\r\nਬਾਸੀ ਨੇ ਕਿਹਾ ਕਿ ਸਾਨੂੰ ਪਤਾ ਹੈ ਕਿ ਥਰੂਰ ਦਿੱਲੀ ਆ ਗਏ ਹਨ। ਉਨ੍ਹਾ ਕਿਹਾ ਕਿ ਸਾਡੀ ਜਾਂਚ ਜਾਰੀ ਹੈ ਅਤੇ ਜਦੋਂ ਵਿਸ਼ੇਸ਼ ਜਾਂਚ ਟੀਮ ਸਹੀ ਸਮਝੇਗੀ, ਉਨ੍ਹਾ ਤੋਂ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾ ਨੇ ਪਾਕਿਸਤਾਨੀ ਪੱਤਰਕਾਰ ਮੇਹਰ ਤਰਾਰ ਤੋਂ ਪੁੱਛਗਿੱਛ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਅਤੇ ਕਿਹਾ ਕਿ ਜੇ ਜਾਂਚ ਟੀਮ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਸ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਸੁਨੰਦਾ ਦਾ ਵਿਸਰਾ ਮੈਡੀਕਲ ਜਾਂਚ ਲਈ ਵਿਦੇਸ਼ ਭੇਜਿਆ ਗਿਆ ਹੈ।\r\nਕੇਸ \'ਚ ਆਈ ਪੀ ਐਲ ਐਂਗਲ ਬਾਰੇ ਪੁੱਛੇ ਜਾਣ \'ਤੇ ਪੁਲਸ ਕਮਿਸ਼ਨਰ ਨੇ ਕਿਹਾ ਕਿ ਜਾਂਚ ਟੀਮ ਕੇਸ ਦੇ ਸਾਰੇ ਪੱਖਾਂ \'ਤੇ ਜਾਂਚ ਕਰ ਰਹੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਉਨ੍ਹਾ ਕਿਹਾ ਕਿ ਅਸੀਂ ਹੁਣੇ-ਹੁਣੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਅਤੇ ਜਾਂਚ ਪੂਰੀ ਤੇਜ਼ੀ ਨਾਲ ਜਾਰੀ ਹੈ ਅਤੇ ਤੁਰੰਤ ਕਿਸੇ ਸਿੱਟੇ \'ਤੇ ਪੁੱਜ ਸਕਣਾ ਸੰਭਵ ਨਹੀਂ।\r\nਉਨ੍ਹਾ ਕਿਹਾ ਕਿ ਪੁਲਸ ਜਾਂਚ ਪੂਰੀ ਤੇਜ਼ੀ ਨਾਲ ਜਾਰੀ ਹੈ ਅਤੇ ਅਸੀਂ ਅਗਲੇ ਦਿਨਾਂ \'ਚ ਕੁਝ ਕਹਿਣ ਦੀ ਸਥਿਤੀ \'ਚ ਪੁੱਜ ਜਾਵਾਂਗੇ। ਉਨ੍ਹਾ ਕਿਹਾ ਕਿ ਜਾਂਚ ਮੁਕੰਮਲ ਹੋਣ ਬਾਰੇ ਕਿਸੇ ਨੂੰ ਜਾਂਚ \'ਤੇ ਸ਼ੱਕ ਨਹੀਂ ਹੋਵੇਗੀ।