ਦਿੱਲੀ 'ਚ ਵੋਟਾਂ 7 ਫ਼ਰਵਰੀ ਨੂੰ

ਦਿੱਲੀ ਵਿਧਾਨ ਸਭਾ ਚੋਣਾਂ ਲਈ 7 ਫ਼ਰਵਰੀ ਨੂੰ ਵੋਟਾਂ ਪੁਆਈਆਂ ਜਾਣਗੀਆਂ। ਮੁੱਖ ਚੋਣ ਕਮਿਸ਼ਨਰ ਵੀ ਐਸ ਸੰਪਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਦਿੱਲੀ ਵਿਧਾਨ ਸਭਾ ਚੋਣਾਂ ਲਈ 14 ਜਨਵਰੀ ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਉਨ੍ਹਾ ਦਸਿਆ ਕਿ 14 ਤੋਂ 21 ਜਨਵਰੀ ਤੱਕ ਨਾਮਜ਼ਦਗੀ ਕਾਗ਼ਜ਼ ਭਰੇ ਜਾ ਸਕਣਗੇ ਅਤੇ ਇਸ ਤੋਂ ਅਗਲੇ ਦਿਨ 22 ਜਨਵਰੀ ਨੂੰ ਕਾਗ਼ਜ਼ਾਂ ਦੀ ਜਾਂਚ ਹੋਵੇਗੀ। ਸ੍ਰੀ ਸੰਪਤ ਨੇ ਦਸਿਆ ਕਿ 24 ਜਨਵਰੀ ਤੱਕ ਕਾਗ਼ਜ਼ ਵਾਪਸ ਲਏ ਜਾ ਸਕਣਗੇ। ਮੁੱਖ ਚੋਣ ਕਮਿਸ਼ਨਰ ਨੇ ਦੱਸਿਆ ਕਿ 7 ਫ਼ਰਵਰੀ ਨੂੰ ਵੋਟਾਂ ਪਾਈਆਂ ਜਾਣਗੀਆਂ ਅਤੇ 10 ਫ਼ਰਵਰੀ ਨੂੰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਸਾਰੀ ਚੋਣ ਪ੍ਰਕਿਰਿਆ ਨੂੰ 12 ਫ਼ਰਵਰੀ ਤੱਕ ਮੁਕੰਮਲ ਕਰ ਲਿਆ ਜਾਵੇਗਾ।rnਸ੍ਰੀ ਸੰਪਤ ਨੇ ਦੱਸਿਆ ਹੈ ਕਿ ਚੋਣਾਂ ਦੇ ਐਲਾਨ ਨਾਲ ਹੀ ਕੌਮੀ ਰਾਜਧਾਨੀ ਦਿੱਲੀ 'ਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਚੋਣ ਕਮਿਸ਼ਨ ਦੇ ਚੋਣ ਤਰੀਕਾਂ ਦੇ ਐਲਾਨ ਨਾਲ ਕਈਆਂ ਪਾਰਟੀਆਂ ਦੇ ਠਾਹ ਸੋਟਾ ਵੱਜਿਆ ਹੈ। ਕਾਂਗਰਸ ਅਤੇ ਭਾਜਪਾ ਅਜੇ ਤੱਕ ਆਪਣੇ ਸਾਰੇ ਉਮੀਦਵਾਰਾਂ ਦਾ ਐਲਾਨ ਨਹੀਂ ਕਰ ਸਕੀ ਹੈ, ਜਦਕਿ ਉਮੀਦਵਾਰਾਂ ਦੇ ਐਲਾਨ 'ਚ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨਾਲ ਭਾਜਪਾ ਦੇ ਚੋਣ ਪ੍ਰਚਾਰ ਨੂੰ ਤਾਕਤ ਮਿਲੀ ਹੈ, ਭਾਵੇਂ ਕਿ ਰੈਲੀ 'ਚ ਇਕੱਠ ਆਸ ਤੋਂ ਕਾਫ਼ੀ ਘੱਟ ਸੀ। ਉਨ੍ਹਾ ਦੱਸਿਆ ਕਿ 70 ਮੈਂਬਰੀ ਵਿਧਾਨ ਸਭਾ ਦੀ ਚੋਣ ਕਰਨ ਲਈ ਦਿੱਲੀ 'ਚ 1 ਕਰੋੜ 30 ਲੱਖ ਵੋਟਰ ਹਨ, ਜਿਨ੍ਹਾ 'ਚ 7 ਲੱਖ ਮਰਦ ਅਤੇ 58 ਲੱਖ ਮਹਿਲਾ ਵੋਟਰ ਹਨ। ਸ੍ਰੀ ਸੰਪਤ ਨੇ ਦਸਿਆ ਕਿ ਵੋਟਰਾਂ ਦੀ ਸਹੂਲਤ ਲਈ 11763 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਅਤੇ ਸਰੀਰਕ ਤੌਰ 'ਤੇ ਅਪੰਗ ਵਿਅਕਤੀਆਂ ਲਈ ਵੋਟਾਂ ਪਾਉਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾ ਦੱਸਿਆ ਕਿ ਦਿੱਲੀ 'ਚ 12 ਸੀਟਾਂ ਰਾਖਵੀਆਂ ਅਤੇ 58 ਸੀਟਾਂ ਜਨਰਲ ਹਨ। ਉਨ੍ਹਾ ਦਸਿਆ ਕਿ ਚੋਣਾਂ ਆਜ਼ਾਦ ਤੇ ਨਿਰਪੱਖ ਕਰਾਉਣ ਲਈ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਹਨ।rnਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਹੀ ਪੱਛਮੀ ਬੰਗਾਲ 'ਚ ਇੱਕ ਲੋਕ ਸਭਾ ਸੀਟ ਅਤੇ ਹੋਰ ਸੂਬਿਆਂ 'ਚ ਖਾਲੀ ਪਈਆਂ ਵਿਧਾਨ ਸਭਾ ਸੀਟਾਂ ਲਈ ਵੀ 7 ਫ਼ਰਵਰੀ ਨੂੰ ਵੋਟਾਂ ਪਵਾਈਆਂ ਜਾਣਗੀਆਂ। ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲ ਸਕਿਆ ਸੀ। ਕਾਂਗਰਸ ਦੀ ਹਮਾਇਤ ਨਾਲ ਆਮ ਆਦਮੀ ਪਾਰਟੀ ਨੇ ਸਿਰਫ਼ 49 ਦਿਨ ਰਾਜ ਕੀਤਾ ਸੀ। ਕਾਂਗਰਸ ਵੱਲੋਂ ਹਮਾਇਤ ਵਾਪਸ ਲਏ ਜਾਣ ਕਾਰਨ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਸਰਕਾਰ ਡਿਗ ਗਈ ਸੀ। ਪਿਛਲੀਆਂ ਚੋਣਾਂ 'ਚ ਭਾਜਪਾ ਨੂੰ 32, ਆਪ ਨੂੰ 28, ਕਾਂਗਰਸ 8, ਇੱਕ ਅਕਾਲੀ ਦਲ, ਇੱਕ ਜਨਤਾ ਦਲ ਯੂ ਅਤੇ ਇੱਕ ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ ਸੀ।rnਇਸ ਵਾਰੀ ਵੀ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਤਿਕੌਣੇ ਮੁਕਾਬਲੇ ਦੇ ਅਸਾਰ ਹਨ। ਭਾਵੇਂ ਕੇਂਦਰ 'ਚ ਸਰਕਾਰ ਬਨਣ ਤੋਂ ਬਾਅਦ ਭਾਜਪਾ ਬਹੁਤ ਹੀ ਉਤਸ਼ਾਹਿਤ ਹੈ, ਪਰ ਆਮ ਆਦਮੀ ਪਾਰਟੀ ਵੱਲੋਂ ਥੋੜ੍ਹੇ ਦਿਨਾਂ ਅੰਦਰ ਕੀਤੇ ਚੰਗੇ ਕੰਮਾਂ ਨੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਆਮ ਆਦਮੀ ਪਾਰਟੀ ਨੇ ਸਾਰੇ 70 ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਅਤੇ ਕੇਜਰੀਵਾਲ ਮੁੜ ਨਵੀਂ ਦਿੱਲੀ ਹਲਕੇ ਤੋਂ ਚੋਣ ਲੜਨਗੇ। ਕਾਂਗਰਸ ਵੱਲੋਂ ਦਿੱਲੀ ਚੋਣਾਂ 'ਚ ਸੀਨੀਅਰ ਆਗੂਆਂ ਨੂੰ ਚੋਣਾਂ ਲੜਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। 2013 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਦਾ ਸਫ਼ਾਇਆ ਹੋ ਗਿਆ ਸੀ ਅਤੇ ਦਿੱਲੀ ਦੀ 15 ਸਾਲ ਮੁੱਖ ਮੰਤਰੀ ਰਹੀ ਸ਼ੀਲਾ ਦੀਕਸ਼ਤ ਵੀ ਕੇਜਰੀਵਾਲ ਹੱਥੋਂ ਚੋਣ ਹਾਰ ਗਈ ਸੀ।