ਪਾਕਿ ਜੰਮੂ-ਕਸ਼ਮੀਰ 'ਚ ਲੁਕਵੀਂ ਜੰਗ ਨੂੰ ਬੜ੍ਹਾਵਾ ਦੇ ਰਿਹੈ : ਜਨਰਲ ਸੁਹਾਗ

ਭਾਰਤੀ ਫ਼ੌਜ ਦੇ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਨੇ ਕਿਹਾ ਹੈ ਕਿ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ ਅਤੇ ਉਹ ਜੰਮੂ-ਕਸ਼ਮੀਰ 'ਚ ਲੁਕਵੀਂ ਲੜਾਈ ਨੂੰ ਬੜ੍ਹਾਵਾ ਦੇ ਰਿਹਾ ਹੈ।rnਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਨਰਲ ਸੁਹਾਗ ਨੇ ਕਿਹਾ ਕਿ ਇੱਕ ਪਾਸੇ ਤਾਂ ਪਾਕਿਸਤਾਨ ਖੁਦ ਅੱਤਵਾਦ ਦਾ ਸ਼ਿਕਾਰ ਹੈ, ਪਰ ਦੂਜੇ ਪਾਸੇ ਉਹ ਭਾਰਤ ਵਿਰੁੱਧ ਅੱਤਵਾਦ ਨੂੰ ਲਗਾਤਾਰ ਬੜ੍ਹਾਵਾ ਦੇ ਰਿਹਾ ਹੈ ਅਤੇ ਸਰਹੱਦ ਪਾਰ ਅੱਤਵਾਦੀਆਂ ਦੇ ਸਿਖਲਾਈ ਕੈਂਪ ਪਹਿਲਾਂ ਵਾਂਗ ਹੀ ਚੱਲ ਰਹੇ ਹਨ। ਭਾਰਤ ਦੀਆਂ ਸੁਰੱਖਿਆ ਤਿਆਰੀਆਂ ਦੇ ਸੰਬੰਧ 'ਚ ਜਨਰਲ ਸੁਹਾਗ ਨੇ ਕਿਹਾ ਕਿ 26/11 ਦੇ ਹਮਲੇ ਮਗਰੋਂ ਸਰਕਾਰ ਨੇ ਕਈ ਅਹਿਮ ਕਦਮ ਚੁੱਕੇ ਹਨ ਅਤੇ ਅਸੀਂ ਲਾਈਨ ਆਫ਼ ਕੰਟਰੋਲ 'ਤੇ ਆਪਣੀ ਤਾਇਨਾਤੀ ਨੂੰ ਹੋਰ ਮਜ਼ਬੂਤ ਕੀਤਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਸੋਮਵਾਰ ਨੂੰ ਵੀ ਸਰਹੱਦ 'ਤੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ, ਜਿਸ ਮਗਰੋਂ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ਼ ਨੇ ਭਾਰਤ 'ਤੇ ਹੀ ਦੋਸ਼ ਲਾ ਦਿੱਤਾ ਕਿ ਭਾਰਤ ਪਾਕਿਸਤਾਨ 'ਚ ਅੱਤਵਾਦੀਆਂ ਦੀ ਮਦਦ ਕਰ ਰਿਹਾ ਹੈ ਅਤੇ ਚੀਨ ਨਾਲ ਵੀ ਸਰਹੱਦ ਨੂੰ ਲੈ ਕੇ ਭਾਰਤ ਦਾ ਵਿਵਾਦ ਹੈ।rnਚੀਨ ਸਮੱਸਿਆ ਦੇ ਸੰਬੰਧ 'ਚ ਜਨਰਲ ਸੁਹਾਗ ਨੇ ਕਿਹਾ ਕਿ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ ਦੀ ਨਿਸ਼ਾਨਾਦੇਹੀ ਹੋਣ ਨਾਲ ਘੁਸਪੈਠ ਦੀ ਸਮੱਸਿਆ ਹੱਲ ਹੋ ਸਕਦੀ ਹੈ। ਅਫ਼ਗਾਨਿਸਤਾਨ 'ਚੋਂ ਅਮਰੀਕਾ ਅਤੇ ਨਾਟੋ ਫ਼ੌਜਾਂ ਦੀ ਵਾਪਸੀ ਮਗਰੋਂ ਪੈਦਾ ਹੋਏ ਹਾਲਾਤ ਬਾਰੇ ਇੱਕ ਸੁਆਲ ਦੇ ਜੁਆਬ 'ਚ ਸੁਹਾਗ ਨੇ ਕਿਹਾ ਫ਼ੌਜ ਦੀ ਵਾਪਸੀ ਮਗਰੋਂ ਅੱਤਵਾਦੀਆਂ ਦਾ ਢਾਂਚਾ ਜੰਮੂ-ਕਸ਼ਮੀਰ ਤੱਕ ਫ਼ੈਲ ਸਕਦਾ ਹੈ ਅਤੇ ਫ਼ੌਜ ਦੀ ਸਾਰੀ ਸਥਿਤੀ 'ਤੇ ਨਜ਼ਰ ਹੈ। ਨਾਲ ਹੀ ਉਨ੍ਹਾ ਕਿਹਾ ਕਿ ਅਮਰੀਕਾ ਦੇ ਫ਼ੈਸਲੇ ਤੋਂ ਸਾਫ਼ ਹੈ ਕਿ ਉਥੇ ਹਾਲਾਤ ਸੁਧਰੇ ਹਨ।rnਉਨ੍ਹਾ ਕਿਹਾ ਕਿ ਹਾਲਾਂਕਿ ਮੁੰਬਈ 'ਤੇ ਹਮਲੇ ਵਰਗੇ ਹਾਲਾਤ ਦਾ ਮਾਮਲਾ ਗ੍ਰਹਿ ਮੰਤਰਾਲੇ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ, ਪਰ ਅਜਿਹੇ ਹਾਲਾਤ ਪੈਦਾ ਹੋਣ 'ਤੇ ਜੁਆਬ ਦੇਣ 'ਚ ਬਹੁਤ ਘੱਟ ਸਮਾਂ ਲਗੇਗਾ, ਕਿਉਂਕਿ ਉਨ੍ਹਾ ਅਤੇ ਗ੍ਰਹਿ ਮੰਤਰਾਲੇ ਵਿਚਕਾਰ ਤਾਲਮੇਲ ਬਹੁਤ ਵਧੀਆ ਹੈ। ਉਨ੍ਹਾ ਕਿਹਾ ਕਿ ਫ਼ੌਜ ਦੀ ਮੌਜੂਦਗੀ ਪੂਰੇ ਦੇਸ਼ 'ਚ ਹੈ ਅਤੇ ਅਜਿਹੇ ਹਾਲਾਤ ਪੈਦਾ ਹੋਣ 'ਤੇ ਉਹ ਗ੍ਰਹਿ ਮੰਤਰਾਲੇ ਦੀ ਤੁਰੰਤ ਸਹਾਇਤਾ ਲਈ ਪ੍ਰਤੀਬੱਧ ਹੈ।rnਸੁਹਾਗ ਨੇ ਕਿਹਾ ਕਿ ਫ਼ੌਜ ਦਾ ਅਧੁਨਿਕੀਕਰਨ ਉਨ੍ਹਾ ਦੀ ਤਰਜੀਹ ਹੈ। ਉਨ੍ਹਾ ਕਿਹਾ ਕਿ ਫ਼ੌਜ ਨੇ 28 ਸਾਲਾਂ ਤੋਂ ਤੋਪਾਂ ਦੀ ਖ਼ਰੀਦ ਨਹੀਂ ਕੀਤੀ ਅਤੇ ਹੁਣ ਰੱਖਿਆ ਖ਼ਰੀਦ ਕੌਂਸਲ ਦੀ ਪ੍ਰਵਾਨਗੀ ਮਿਲਣ ਮਗਰੋਂ 15750 ਕਰੋੜ ਦੀ ਲਾਗਤ ਨਾਲ 814 ਤੋਪਾਂ ਦੀ ਖ਼ਰੀਦ ਦਾ ਫ਼ੈਸਲਾ ਕੀਤਾ ਗਿਆ ਸੀ ਅਤੇ ਇਜ਼ਰਾਈਲ ਨਾਲ 3200 ਕਰੋੜ ਰੁਪਏ 'ਚ 8356 ਸਪਾਈਕ ਐਂਟੀ ਟੈਂਕ ਗਾਈਡਿਡ ਮਿਜ਼ਾਈਲ ਖ਼ਰੀਦ ਸੌਦੇ ਨੂੰ ਵੀ ਤੇਜ਼ੀ ਨਾਲ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾ ਕਿਹਾ ਕਿ ਟੈਂਕਾਂ ਦੇ ਆਧੁਨਿਕੀਕਰਨ ਨੂੰ ਵੀ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਇਸ ਸਾਲ ਪਹਿਲੀ ਵਾਰ ਗਣਤੰਤਰ ਦਿਵਸ ਪਰੇਡ 'ਚ ਮਹਿਲਾ ਫ਼ੌਜੀ ਸ਼ਾਮਲ ਹੋਣਗੀਆਂ। ਉਨ੍ਹਾ ਕਿਹਾ ਕਿ ਮਹਿਲਾਵਾਂ ਦਾ ਪ੍ਰਦਰਸ਼ਨ ਵੀ ਫ਼ੌਜ 'ਚ ਮਰਦਾਂ ਵਾਂਗ ਹੈ, ਇਸ ਲਈ ਅਸੀਂ ਉਨ੍ਹਾ ਨੂੰ ਇਸ ਸਾਲ ਪਰੇਡ 'ਚ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ।