ਨਲਿਨੀ ਸਿੰਘ ਦੇ ਬਿਆਨ ਨਾਲ ਵਧ ਸਕਦੀਆਂ ਹਨ ਸ਼ਸ਼ੀ ਥਰੂਰ ਦੀਆਂ ਸਮੱਸਿਆਵਾਂ

ਸੀਨੀਅਰ ਪੱਤਰਕਾਰ ਨਲਿਨੀ ਸਿੰਘ ਵੱਲੋਂ ਪੁਲਸ ਨੂੰ ਦਿੱਤੇ ਗਏ ਬਿਆਨ ਨਾਲ ਸ਼ਸ਼ੀ ਥਰੂਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਪੁਲਸ ਸੂਤਰਾਂ ਅਨੁਸਾਰ ਨਲਿਨੀ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਸ਼ਸ਼ੀ ਥਰੂਰ ਨੇ ਪਾਕਿਸਤਾਨੀ ਪੱਤਰਕਾਰ ਮੇਹਰ ਤਰਾਰ ਨਾਲ ਡੁਬਈ 'ਚ ਤਿੰਨ ਦਿਨ ਬਤੀਤ ਕੀਤੇ ਸਨ। ਸੁਨੰਦਾ ਪੁਸ਼ਕਰ ਦੇ ਹਵਾਲੇ ਨਾਲ ਨਲਿਨੀ ਸਿੰਘ ਨੇ ਕਿਹਾ ਕਿ ਤਰਾਰ ਨੇ ਥਰੂਰ ਨੂੰ ਕਿਹਾ ਸੀ ਕਿ ਉਹ ਉਸ ਤੋਂ ਬਿਨਾਂ ਜੀਅ ਨਹੀਂ ਸਕੇਗੀ। ਪਤਾ ਚੱਲਿਆ ਹੈ ਕਿ ਸ਼ਸ਼ੀ ਥਰੂਰ ਤੋਂ ਪੁੱਛਗਿੱਛ ਤੋਂ ਪਹਿਲਾਂ ਦਿੱਲੀ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਸਾਲ ਪੁਰਾਣੇ ਸਬੂਤਾਂ ਦੀ ਜਾਂਚ ਕਰ ਰਹੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਨਲਿਨੀ ਸਿੰਘ ਵੱਲੋਂ ਆਪਣੇ ਬਿਆਨ 'ਚ ਆਖੀਆਂ ਗਈਆਂ ਕੁਝ ਗੱਲਾਂ ਦੀ ਗੰਭੀਰਤਾ ਨਾਲ ਜਾਂਚ ਦੀ ਲੋੜ ਹੈ। ਨਲਿਨੀ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਮੈਂ ਸੁਨੰਦਾ ਨੂੰ ਸਮਾਜਿਕ ਤੌਰ 'ਤੇ ਪਿਛਲੇ 3-4 ਸਾਲਾਂ ਤੋਂ ਜਾਣਦੀ ਹਾਂ ਅਤੇ ਪਿਛਲੇ ਤਕਰੀਬਨ ਇੱਕ ਸਾਲ ਤੋਂ ਸੁਨੰਦਾ ਮੇਰੇ ਨਾਲ ਨਿੱਜੀ ਜ਼ਿੰਦਗੀ ਬਾਰੇ ਵੀ ਗੱਲਾਂ ਕਰਨ ਲੱਗ ਪਈ ਸੀ ਅਤੇ ਤਕਰੀਬਨ 6-7 ਮਹੀਨੇ ਪਹਿਲਾਂ ਉਸ ਨੇ ਥਰੂਰ-ਤਰਾਰ ਸੰਬੰਧਾਂ ਨੂੰ ਲੈ ਕੇ ਆਪਣਾ ਦਰਦ ਬਿਆਨ ਕੀਤਾ ਸੀ। ਉਨ੍ਹਾ ਕਿਹਾ ਕਿ ਸੁਨੰਦਾ ਨੇ ਕਿਹਾ ਸੀ ਕਿ ਉਸ ਨੂੰ ਪੂਰਾ ਯਕੀਨ ਹੈ ਕਿ ਜੂਨ 2013 'ਚ ਥਰੂਰ ਅਤੇ ਤਰਾਰ ਤਿੰਨ ਦਿਨਾਂ ਤੱਕ ਡੁਬਈ 'ਚ ਇਕੱਠੇ ਰਹੇ ਅਤੇ ਉਸ ਨੂੰ ਇਹ ਜਾਣਕਾਰੀ ਉਸ ਦੇ ਦੋਸਤਾਂ ਨੇ ਦਿੱਤੀ ਸੀ। ਨਲਿਨੀ ਨੇ ਕਿਹਾ ਕਿ ਉਸ ਨੂੰ 16-17 ਜਨਵਰੀ 2014 ਦੀ ਰਾਤ 12 ਵਜ ਕੇ 10 ਮਿੰਟ 'ਤੇ ਸੁਨੰਦਾ ਦਾ ਫ਼ੌਨ ਆਇਆ ਅਤੇ ਉਹ ਰੋ ਰਹੀ ਸੀ। ਉਨ੍ਹਾ ਕਿਹਾ ਕਿ ਸੁਨੰਦਾ ਨੇ ਦੱਸਿਆ ਕਿ ਥਰੂਰ ਅਤੇ ਤਰਾਰ ਨੇ ਇੱਕ ਦੂਜੇ ਨੂੰ ਰੋਮਾਂਟਿਕ ਮੈਸੇਜ ਭੇਜੇ ਹਨ ਅਤੇ ਆਮ ਚੋਣਾਂ ਮਗਰੋਂ ਥਰੂਰ ਤਰਾਰ ਨਾਲ ਸ਼ਾਦੀ ਕਰ ਲੈਣਗੇ। ਇੱਕ ਮੈਸੇਜ 'ਚ ਤਰਾਰ ਨੇ ਥਰੂਰ ਨੂੰ ਕਿਹਾ ਸੀ ਕਿ ਥਰੂਰ ਤੋਂ ਬਿਨਾਂ ਨਹੀਂ ਜੀਅ ਸਕੇਗੀ। ਉਸ ਨੇ ਦਸਿਆ ਕਿ ਦੋਹਾਂ ਦੇ ਸਾਰੇ ਮੈਸੇਜ ਸਹੀ ਹਨ। ਸੁਨੰਦਾ ਅਨੁਸਾਰ ਉਸ ਦੇ ਕਿਸੇ ਸ਼ੁੱਭ ਚਿੰਤਕ ਨੇ ਇਹ ਮੈਸੇਜ ਜਨਤਕ ਕਰ ਦਿੱਤੇ। ਨਲਿਨੀ ਨੇ ਕਿਹਾ ਕਿ ਸੁਨੰਦਾ ਨੇ ਕਿਹਾ ਸੀ ਕਿ ਉਸ ਨੇ ਆਈ ਪੀ ਐਨ ਮਾਮਲੇ 'ਚ ਥਰੂਰ ਦੇ ਸਾਰੇ ਦੋਸ਼ਾਂ ਨੂੰ ਆਪਣੇ ਸਿਰ ਲੈ ਲਿਆ। ਉਨ੍ਹਾ ਦਸਿਆ ਕਿ ਸੁਨੰਦਾ ਨੇ ਕਿਹਾ ਸੀ ਕਿ ਥਰੂਰ ਉਸ ਨੂੰ ਕਦੇ ਵੀ ਜਾਂਚ ਲਈ ਕਿਸੇ ਡਾਕਟਰ ਕੋਲ ਜਾਂ ਹਸਪਤਾਲ ਨਹੀਂ ਲੈ ਕੇ ਗਏ।