ਸ਼ਾਜੀਆ ਇਲਮੀ ਕਰੇਗੀ ਭਾਜਪਾ ਲਈ ਪ੍ਰਚਾਰ

ਆਮ ਆਦਮੀ ਪਾਰਟੀ ਦੀ ਸਾਬਕਾ ਆਗੂ ਸ਼ਾਜੀਆ ਇਲਮੀ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ ਅਤੇ ਉਹ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੇ ਹੱਕ 'ਚ ਚੋਣ ਪ੍ਰਚਾਰ ਕਰੇਗੀ। ਆਪ ਤੋਂ ਵੱਖ ਹੋਣ ਮਗਰੋਂ ਸ਼ਾਜੀਆ ਇਲਮੀ ਖੁਦ ਆਪ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੀ ਆਲੋਚਨਾ ਕਰ ਰਹੀ ਸੀ। ਇਸ ਮਗਰੋਂ ਰਿਪੋਰਟਾਂ ਆਈਆਂ ਕਿ ਉਹ ਭਾਜਪਾ 'ਚ ਸ਼ਾਮਲ ਹੋ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਵੱਛ ਭਾਰਤ ਮੁਹਿੰਮ ਦੌਰਾਨ ਉਨ੍ਹਾਂ ਨੇ ਸੂਬਾ ਭਾਜਪਾ ਪ੍ਰਧਾਨ ਸਤੀਸ਼ ਉਪਾਧਿਆਏ ਨਾਲ ਮਿਲ ਕੇ ਝਾੜੂ ਚੁੱਕਣ ਤੋਂ ਵੀ ਗੁਰੇਜ਼ ਨਹੀਂ ਕੀਤਾ ਅਤੇ ਆਪਣੀ ਪੁਰਾਣੀ ਰਾਏ ਦੇ ਉਲਟ ਉਹਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਵੀ ਕੀਤੀ ਸੀ। ਸ਼ਾਜੀਆ ਅਤੇ ਸਤੀਸ਼ ਉਪਾਧਿਆਏ ਦਾ ਸਫਾਈ ਅਭਿਆਨ ਵਿਵਾਦਾਂ 'ਚ ਵੀ ਰਿਹਾ ਅਤੇ ਮੀਡੀਆ ਰਿਪੋਰਟਾਂ ਅਨੁਸਾਰ ਜਿਸ ਥਾਂ 'ਤੇ ਦੋਹਾਂ ਨੇ ਝਾੜੂ ਲਾਈ, ਉਹ ਪਹਿਲਾਂ ਤੋਂ ਹੀ ਸਾਫ ਸੀ, ਇਸ ਲਈ ਉੱਥੇ ਕੂੜੇਦਾਨ 'ਚ ਭਰਕੇ ਪੱਤੇ ਅਤੇ ਗੰਦ ਲਿਆਂਦਾ ਗਿਆ ਅਤੇ ਉੱਥੇ ਸੁੱਟਿਆ ਗਿਆ। ਮਗਰੋਂ ਸ਼ਾਜੀਆ ਤੇ ਭਾਜਪਾ ਦੇ ਦੂਜੇ ਆਗੂਆਂ ਨੇ ਵੀ ਝਾੜੂ ਲਾਈ। ਜ਼ਿਕਰਯੋਗ ਹੈ ਕਿ ਸ਼ਾਜੀਆ ਨੇ ਆਪ ਉਮੀਦਵਾਰ ਵਜੋਂ ਗਾਜ਼ੀਆਬਾਦ ਤੋਂ ਲੋਕ ਸਭਾ ਚੋਣ ਵੀ ਲੜੀ ਸੀ, ਪਰ ਬੁਰੀ ਤਰ੍ਹਾਂ ਹਾਰ ਗਈ ਸੀ।