ਦਿੱਲੀ ਚੋਣਾਂ ਲਈ ਅਕਾਲੀ-ਭਾਜਪਾ ਦਰਮਿਆਨ ਸੀਟਾਂ ਦੀ ਵੰਡ ਜਲਦ : ਬਾਦਲ

ਪੰਜਾਬ ਦੇ ਮੁੱੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਰਮਿਆਨ ਸੀਟਾਂ ਦੀ ਵੰਡ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਮੁੱਦੇ ਨੂੰ ਅਰਥਹੀਣ ਦੱਸਦਿਆਂ ਕਿਹਾ ਹੈ ਕਿ ਦੋਵਾਂ ਪਾਰਟੀਆਂ ਦਰਮਿਆਨ ਸੀਟਾਂ ਦੀ ਵੰਡ ਆਪਸੀ ਸਹਿਮਤੀ ਨਾਲ ਜਲਦ ਹੀ ਹੋ ਜਾਵੇਗੀ। ਪਿੰਡ ਬੌਂਦਲੀ ਸਥਿਤ ਮਾਲਵਾ ਕਾਲਜ ਦੇ ਗੋਲਡਨ ਜੁਬਲੀ ਵਰ੍ਹੇਗੰਢ ਮੌਕੇ ਰੱਖੇ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਬਾਦਲ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗਠਜੋੜ ਕੋਈ ਸੀਟਾਂ ਜਾਂ ਸੱਤਾ ਦੇ ਲੈਣ-ਦੇਣ 'ਤੇ ਟਿਕਿਆ ਹੋਇਆ ਨਹੀਂ ਹੈ, ਸਗੋਂ ਦੇਸ਼ ਦੇ ਸਰਬ-ਪੱਖੀ ਵਿਕਾਸ, ਭਾਈਚਾਰਕ ਸਾਂਝ ਅਤੇ ਫਿਰਕੂ ਸਦਭਾਵਨਾ ਦੇ ਵਿਕਾਸ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਇਹ ਗਠਜੋੜ ਦੇਸ਼ ਦੇ ਹਿੱਤ ਵਿੱਚ ਹੈ ਅਤੇ ਇਸ ਨੂੰ ਸੀਟਾਂ ਜਾਂ ਸੱਤਾ ਦੇ ਲੈਣ-ਦੇਣ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਸੀਨੀਅਰ ਆਗੂ ਜਲਦ ਹੀ ਇਕੱਠੇ ਬੈਠ ਕੇ ਸੀਟਾਂ ਦੀ ਵੰਡ ਨੂੰ ਆਪਸੀ ਸਹਿਮਤੀ ਨਾਲ ਨੇਪਰੇ ਚਾੜ੍ਹ ਲੈਣਗੇ।rnਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਸਰਹੱਦ ਰਸਤਿਉਂ ਨਸ਼ਿਆਂ ਦੀ ਆਮਦ ਨੂੰ ਰੋਕਿਆ ਜਾਵੇ, ਤਾਂ ਜੋ ਸੂਬੇ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਪੱਕੇ ਪੈਰੀਂ ਵੱਢਿਆ ਜਾ ਸਕੇ।rnਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਜਵਾਨਾਂ ਨੂੰ ਦੇਸ਼ ਦੇ ਪੁੱਤਰ ਕਹਿੰਦਿਆਂ ਉਨ੍ਹਾਂ ਕਿਹਾ ਕਿ ਜਵਾਨ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਆਮਦ ਰੋਕਣ ਲਈ ਸਰਹੱਦਾਂ 'ਤੇ ਚੌਕਸੀ ਹੋਰ ਵਧਾਉਣ ਦੀ ਲੋੜ ਹੈ।rnਉਨ੍ਹਾਂ ਮੁੜ ਦੁਹਰਾਇਆ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਹੱਦ 'ਤੇ ਕੀਤੇ ਗਏ ਪ੍ਰਦਰਸ਼ਨ ਕਦੇ ਵੀ ਕਿਸੇ ਕੇਂਦਰੀ ਏਜੰਸੀ ਖ਼ਿਲਾਫ਼ ਨਹੀਂ ਸਨ, ਸਗੋਂ ਇੱਕ ਮਨਸ਼ਾ ਸੀ ਕਿ ਸਰਹੱਦਾਂ 'ਤੇ ਚੌਕਸੀ ਹੋਰ ਵਧਾਈ ਜਾਵੇ।rnਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ. ਬਾਦਲ ਨੇ ਵਿਰੋਧੀ ਪਾਰਟੀਆਂ ਨੂੰ ਰਗੜੇ ਲਗਾਏ ਕਿ ਇਨ੍ਹਾਂ ਵੱਲੋਂ ਆਪਣੇ ਰਾਜਸੀ ਹਿੱਤਾਂ ਦੀ ਖਾਤਰ ਪੰਜਾਬ ਅਤੇ ਪੰਜਾਬੀਆਂ ਨੂੰ ਨਸ਼ਾ ਸੌਦਾਗਰ ਅਤੇ ਦੀਵਾਲੀਆ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ।rnਉਨ੍ਹਾਂ ਦਾਅਵੇ ਨਾਲ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਸਦਕਾ ਸੂਬਾ ਜਲਦ ਹੀ ਨਸ਼ਾ ਮੁਕਤ ਬਣ ਕੇ ਉੱਭਰੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨੂੰ ਮਾਣ ਹੈ ਕਿ ਇਥੋਂ ਦੇ ਨੌਜਵਾਨ ਹੁਨਰਮੰਦ ਅਤੇ ਮਿਹਨਤੀ ਹਨ, ਜਿਨ੍ਹਾਂ ਨੇ ਦੇਸ਼ ਲਈ ਵਡਮੁੱਲੀਆਂ ਸੇਵਾਵਾਂ ਦਿੱਤੀਆਂ ਹਨ। ਅੱਜ ਲੋੜ ਹੈ ਕਿ ਇਨ੍ਹਾਂ ਨੌਜਵਾਨਾਂ ਦੀ ਊਰਜਾ ਦੀ ਸਹੀ ਵਰਤੋਂ ਦੇਸ਼ ਦੇ ਵਿਕਾਸ ਲਈ ਕੀਤੀ ਜਾਵੇ, ਜਿਸ ਲਈ ਪੰਜਾਬ ਸਰਕਾਰ ਦ੍ਰਿੜ੍ਹ ਯਤਨਸ਼ੀਲ ਹੈ। ਇਸ ਤੋਂ ਪਹਿਲਾਂ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਮੁੱਖ ਮੰਤਰੀ ਅਤੇ ਹੋਰ ਪ੍ਰਮੁੱਖ ਸ਼ਖ਼ਸ਼ੀਅਤਾਂ ਦਾ ਸਵਾਗਤ ਕੀਤਾ।rnਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਡਾ. ਦਲਜੀਤ ਸਿੰਘ ਚੀਮਾ, ਅਧੀਨ ਸੇਵਾਵਾਂ ਬੋਰਡ ਪੰਜਾਬ ਦੇ ਚੇਅਰਮੈਨ ਸੰਤਾ ਸਿੰਘ ਉਮੈਦਪੁਰੀ, ਸਾਬਕਾ ਮੁੱਖ ਸੰਸਦੀ ਸਕੱਤਰ ਸ੍ਰੀ ਹਰੀਸ਼ ਰਾਏ ਢਾਂਡਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ੍ਰ. ਸਰਬੰਸ ਸਿੰਘ ਮਾਣਕੀ, ਸਮਰਾਲਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗਿਆਨੀ ਮਹਿੰਦਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਐੱਸ. ਕਰੁਣਾ ਰਾਜੂ, ਡਿਪਟੀ ਕਮਿਸ਼ਨਰ ਸ੍ਰੀ ਰਜਤ ਅੱਗਰਵਾਲ, ਡੀ. ਆਈ. ਜੀ. ਗੁਰਿੰਦਰ ਸਿੰਘ ਢਿੱਲੋਂ, ਜ਼ਿਲ੍ਹਾ ਪੁਲਸ ਮੁਖੀ ਖੰਨਾ ਗੁਰਪ੍ਰੀਤ ਸਿੰਘ ਗਿੱਲ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿੱਚ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ।