ਮੱਕੜ ਦੀ ਬਲੀ ਵੀ ਲੈ ਸਕਦੀ ਹੈ ਨੰਦਗੜ੍ਹ ਦੀ ਬਰਖਾਸਤਗੀ

ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੂੰ ਭਲਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਣ ਵਾਲੀ ਕਾਰਜਕਰਨੀ ਮੀਟਿੰਗ ਵਿੱਚ ਅਹੁਦੇ ਤੋਂ ਬਰਖਾਸਤ ਕੀਤੇ ਜਾਣ ਦੀਆਂ ਕਿਆਸ-ਅਰਾਈਆਂ ਨੇ ਜਿਥੇ ਨਵੀਂ ਚਰਚਾ ਛੇੜ ਦਿੱਤੀ ਹੈ, ਉਥੇ ਨੰਦਗੜ੍ਹ ਦੀ ਛੁੱਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦੀ ਵੀ ਗਲੇ ਦੀ ਹੱਡੀ ਬਣ ਸਕਦੀ ਹੈ।rnਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ 2003 ਵਿੱਚ ਬਣਾਏ ਗਏ ਨਾਨਕਸ਼ਾਹੀ ਕੈਲੰਡਰ ਦੇ ਹਮਾਇਤੀ ਹਨ, ਜਦ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੰਤ ਸਮਾਜ ਵੱਲੋਂ ਕੀਤੀ ਗਈ ਮੰਗ ਅਨੁਸਾਰ 2009 ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਚੇਅਰਮੈਨ ਬਾਬਾ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਹੇਠ ਦੋ ਮੈਂਬਰੀ ਕਮੇਟੀ ਬਣਾ ਕੇ ਕੈਲੰਡਰ 'ਤੇ ਮੁੜ ਵਿਚਾਰ ਕਰਨ ਦੇ ਆਦੇਸ਼ ਦਿੱਤੇ ਸਨ। ਜਨਵਰੀ 2010 ਵਿੱਚ ਇਸ ਦੋ ਮੈਂਬਰੀ ਕਮੇਟੀ ਦੀ ਰਿਪੋਰਟ ਆਉਣ ਉਪਰੰਤ ਕੈਲੰਡਰ ਵਿੱਚ ਤਰਮੀਮ ਕਰ ਦਿੱਤੀ ਸੀ, ਜਿਸ ਨੂੰ ਦੇਸ਼ਾਂ-ਵਿਦੇਸ਼ਾਂ ਦੀਆ ਸੰਗਤਾਂ ਸਮੇਤ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਸੋਧੇ ਹੋਏ ਕੈਲੰਡਰ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।rnਜਥੇਦਾਰ ਨੰਦਗੜ੍ਹ ਨੇ ਪਹਿਲੇ ਦਿਨ ਤਂੋ ਸੋਧੇ ਹੋਏ ਕੈਲੰਡਰ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਵੇਲੇ ਹੀ ਸੰਤ ਸਮਾਜ ਨੇ ਨੰਦਗੜ੍ਹ ਦੀ ਬਰਖਾਸਤਗੀ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਪਰ ਕਦੇ ਵਿਧਾਨ ਸਭਾ ਚੋਣਾਂ ਤੇ ਕਦੇ ਪੰਚਾਇਤੀ ਚੋਣਾਂ ਦੇ ਆ ਜਾਣ ਕਾਰਨ ਨੰਦਗੜ੍ਹ ਬਚਦੇ ਰਹੇ। ਹੁਣ ਫਿਰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 28 ਦਸੰਬਰ 2014 ਨੂੰ ਸੋਧੇ ਕੈਲੰਡਰ ਅਨੁਸਾਰ ਆ ਗਿਆ ਤਾਂ ਇਸੇ ਦਿਨ ਹੀ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਮਾਗਮ ਨੂੰ ਸਮਰਪਿੱਤ ਨਗਰ ਕੀਰਤਨ ਕੱਢਿਆ ਜਾਣਾ ਸੀ, ਜਿਸ ਕਾਰਨ ਖੁਸ਼ੀ ਤੇ ਗਮੀ ਦਾ ਦਿਵਸ ਅਲੱਗ-ਅਲੱਗ ਕਰਨ ਲਈ ਪਹਿਲਾਂ ਤਾਂ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸੱਤ ਜਨਵਰੀ ਨੂੰ ਮਨਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ, ਪਰ ਸੰਤ ਸਮਾਜ ਦੇ ਦਬਾਅ ਕਾਰਨ ਜਥੇਦਾਰ ਅਕਾਲ ਤਖਤ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਲਿਆ ਗਿਆ ਫੈਸਲਾ ਇੱਕ ਵਾਰੀ ਫਿਰ ਬਦਲਣਾ ਪਿਆ ਤੇ ਦੁਬਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਸ਼ਹੀਦੀ ਦਿਹਾੜੇ ਨਾਲ ਇਕੱਠਾ ਕਰ ਦਿੱਤਾ ਗਿਆ, ਜਿਸ ਦਾ ਜਥੇਦਾਰ ਨੰਦਗੜ੍ਹ ਨੇ ਡਟ ਕੇ ਵਿਰੋਧ ਕੀਤਾ ਤਾਂ ਸੰਤ ਸਮਾਜ ਨੇ ਸਰਕਾਰੇ ਦਰਬਾਰੇ ਪਹੁੰਚ ਕੀਤੀ ਤਾਂ ਨੰਦਗੜ੍ਹ ਦੁਆਰਾ ਲਏ ਗਏ ਸਟੈਂਡ ਨੂੰ ਲੈ ਕੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਹੱਕ ਤੇ ਬਿਕਰਮੀ ਕੈਲੰਡਰ ਦੇ ਹੱਕ ਵਿੱਚ ਵੱਖ-ਵੱਖ ਸੰਪਰਦਾਵਾਂ ਨੇ ਆਪਣੇ-ਆਪਣੇ ਮੰਗ ਪੱਤਰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਦਿੱਤੇ। ਨੰਦਗੜ੍ਹ ਨੇ ਸੰਤ ਸਮਾਜ ਦਾ ਵਿਰੋਧ ਕਰਦਿਆਂ ਨਾਨਕਸ਼ਾਹੀ ਕੈਲੰਡਰ ਨੂੰ ਹੀ ਅਸਲੀ ਕੈਲੰਡਰ ਦੱਸਿਆ।rnਸੰਤ ਸਮਾਜ ਤੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਵਿਚਾਕਰ ਚਲਦਾ ਸੀਤ ਯੁੱਧ ਉਸ ਵੇਲੇ ਹੋਰ ਤੇਜ਼ ਹੋ ਗਿਆ, ਜਦੋਂ ਨੰਦਗੜ੍ਹ ਨੇ ਆਰ ਐੱਸ ਐੱਸ ਦੁਆਰਾ ਕੱਢੇ ਗਏ ਨਗਰ ਕੀਤਰਨ ਦਾ ਸੁਆਗਤ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਸੰਤ ਸਮਾਜ ਤੋ ਟਿਕਟ ਲੈ ਕੇ ਸ਼੍ਰੋਮਣੀ ਕਮੇਟੀ ਦੀ ਚੋਣ ਲੜੇ ਅਮਰਜੀਤ ਸਿੰਘ ਚਾਵਲਾ ਨੇ ਸੰਤ ਸਮਾਜ ਦੀ ਪਿੱਠ ਭੂਮੀ ਨੂੰ ਮਜ਼ਬੂਤ ਕਰਦਿਆ 150 ਮੈਂਬਰਾਂ ਦੇ ਦਸਤਖਤ ਕਰਵਾ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਇੱਕ ਪੱਤਰ ਦੇ ਕੇ ਮੰਗ ਕੀਤੀ ਕਿ ਨੰਦਗੜ੍ਹ ਨੂੰ ਪੰਜ ਪਿਆਰਿਆਂ ਤੇ ਨਗਰ ਕੀਤਰਨ ਦੀ ਤੌਹੀਨ ਕਰਨ ਦੇ ਦੋਸ਼ ਵਿੱਚ ਤੁਰੰਤ ਬਰਖਾਸਤ ਕੀਤਾ ਜਾਵੇ। ਜਥੇਦਾਰ ਨੰਦਗੜ੍ਹ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਸ ਨੂੰ ਚਾਵਲਾ ਤੇ ਉਸ ਦੇ ਸਾਥੀਆਂ ਨਾਲੋਂ ਵਧੇਰੇ ਮਰਿਆਦਾ ਬਾਰੇ ਜਾਣਕਾਰੀ ਹੈ ਤੇ ਉਹਨਾਂ ਕੋਈ ਪੰਜ ਪਿਆਰਿਆਂ ਤੇ ਨਗਰ ਕੀਰਤਨ ਦੀ ਤੌਹੀਨ ਨਹੀਂ ਕੀਤੀ, ਸਗੋਂ ਜਿਹੜੇ ਨਗਰ ਕੀਤਰਨ ਦੇ ਸੰਯੋਜਕ ਸਨ, ਉਹ ਸਾਰੇ ਹੀ ਆਰ ਐੱਸ ਐੱਸ ਦੇ ਕਾਰਕੁੰਨ ਸਨ। ਉਹਨਾ ਨੂੰ ਬਰਖਾਸਤ ਕਰਨ ਜਾਂ ਨਾ ਕਰਨ ਨਾਲ ਕੋਈ ਫਰਕ ਨਹੀਂ ਪੈਣ ਵਾਲਾ, ਪਰ ਉਹ ਕਿਸੇ ਵੀ ਕੀਮਤ 'ਤੇ ਮਰਿਆਦਾ ਦਾ ਉਲੰਘਣ ਨਹੀਂ ਹੋਣ ਦੇਣਗੇ।rnਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਜਥੇਦਾਰ ਨੰਦਗੜ੍ਹ ਨੂੰ ਬਰਖਾਸਤ ਕਰਨ ਨਾਲ ਅਵਤਾਰ ਸਿੰਘ ਮੱਕੜ ਦੀ ਆਪਣੀ ਕੁਰਸੀ ਵੀ ਖਤਰੇ ਵਿੱਚ ਪੈ ਸਕਦੀ ਹੈ, ਕਿਉਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸੁਪਰੀਮ ਕੋਰਟ ਵਿੱਚ ਨੰਦਗੜ੍ਹ ਦੀ ਕੀਤੀ ਜਾਣ ਵਾਲੀ ਛੁੱਟੀ ਤੇ ਹੋਰ ਕੀਤੀਆਂ ਗਈਆਂ ਸ਼੍ਰੋਮਣੀ ਕਮੇਟੀ ਵਿੱਚ ਧਾਂਦਲੀਆਂ ਨੂੰ ਲੈ ਕੇ ਪੀ ਐੱਲ ਆਈ ਪਾਉਣ ਦੀ ਤਿਆਰੀ ਕੱਸ ਲਈ ਹੈ ਤੇ ਇਸ ਲਈ ਦੋ ਸੁਪਰੀਮ ਕੋਰਟ ਦੇ ਚੋਟੀ ਦੇ ਵਕੀਲਾਂ ਨਾਲ ਸਲਾਹ-ਮਸ਼ਵਰਾ ਵੀ ਕਰ ਲਿਆ ਗਿਆ ਹੈ। ਸੁਪਰੀਮ ਕੋਰਟ ਜੇਕਰ ਅਰਜ਼ੀ ਮਨਜ਼ੂਰ ਕਰ ਲੈਦੀ ਹੈ ਤਾਂ ਮੱਕੜ ਦੀ ਕੁਰਸੀ ਦੇ ਪਾਵੇ ਵੀ ਹਿੱਲ ਸਕਦੇ ਹਨ ਤੇ ਉਸ ਦੁਆਰਾ ਕੀਤੀਆਂ ਨਿਯੁਕਤੀਆਂ ਤੇ ਤਰੱਕੀਆਂ ਜਿਥੇ ਵੱਟੇ ਖਾਤੇ ਵਿੱਚ ਪੈ ਜਾਣਗੀਆਂ, ਉਥੇ ਸੁਪਰੀਮ ਕੋਰਟ ਕਮੇਟੀ ਭੰਗ ਕਰਕੇ ਕੋਈ ਪ੍ਰਬੰਧਕ ਵੀ ਨਿਯੁਕਤ ਕਰ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼੍ਰੋਮਣੀ ਕਮੇਟੀ ਦੇ 15 ਮੈਂਬਰੀ ਕਾਰਜਕਰਨੀ ਕਮੇਟੀ ਵਿੱਚ ਸਿਰਫ ਦੋ ਮੰਗਲ ਸਿੰਘ ਤੇ ਭਜਨ ਸਿੰਘ ਸ਼ੇਰਗਿੱਲ ਮੈਂਬਰ ਹੀ ਜਥੇਦਾਰ ਨੰਦਗੜ੍ਹ ਨਾਲ ਭੁਗਤ ਸਕਦੇ ਹਨ। ਭਾਵੇਂ ਬਾਦਲ ਧੜੇ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਨੇ ਵੀ ਜਥੇਦਾਰ ਨੰਦਗੜ੍ਹ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ, ਪਰ ਨੰਦਗੜ੍ਹ ਨੂੰ ਲਾਹੁਣ ਦਾ ਫੈਸਲਾ ਬਹੁਸੰਮਤੀ ਨਾਲ ਲਿਆ ਜਾ ਸਕਦਾ ਹੈ। ਨਿਰਮਲ ਸਿੰਘ ਜੌਲਾਂ ਕਲਾਂ, ਮੋਹਨ ਸਿੰਘ ਬੰਗੀ ਤੇ ਸੁਖਦੇਵ ਸਿੰਘ ਭੌਰ, ਗੁਰਬਚਨ ਸਿੰਘ ਕਰਮੂਵਾਲ ਆਦਿ ਵੀ ਨੰਦਗੜ੍ਹ ਦੇ ਹੱਕ ਵਿੱਚ ਹਨ, ਪਰ ਉਹਨਾਂ ਵੱਲੋਂ ਮੀਟਿੰਗ ਵਿੱਚ ਚੁੱਪ ਵੀ ਨੰਦਗੜ੍ਹ ਦੀ ਬਲੀ ਲੈ ਸਕਦੀ ਹੈ। ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾਂ 'ਤੇ ਪਹਿਲਾਂ ਹੀ ਨੰਦਗੜ੍ਹ ਦੀ ਛੁੱਟੀ ਕਰਨ ਲਈ ਕਈ ਮੈਂਬਰਾਂ ਕੋਲਂੋ ਦਸਤਖਤ ਕਰਵਾ ਲੈ ਗਏ ਹਨ, ਜਿਸ ਕਰਕੇ ਬਰਖਾਸਤਗੀ ਤਹਿ ਹੈ।rnਸ੍ਰੀ ਨੰਦਗੜ੍ਹ ਦੀ ਜਗ੍ਹਾ ਕਈ ਵਿਅਕਤੀ ਅਹੁਦਾ ਸੰਭਾਲਣ ਲਈ ਲਾਈਨ ਵਿੱਚ ਲੱਗੇ ਹੋਏ ਹਨ, ਜਿਹਨਾਂ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਸੁਖਚੈਨ ਸਿੰਘ ਧਰਮਪੁਰਾ, ਜੋ ਕਿ ਦਮਦਮੀ ਟਕਸਾਲ ਦਾ ਖਾਸ ਆਦਮੀ ਹੈ, ਬਾਬਾ ਬੂਟਾ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਬੀਬੀ ਹਰਸਿਮਰਤ ਕੌਰ ਬਾਦਲ ਦਾ ਅਸ਼ੀਰਵਾਦ ਹਾਸਲ ਹੈ, ਇਸੇ ਤਰ੍ਹਾਂ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੂੰ ਮੱਕੜ ਦੀ ਪੁਸ਼ਤਪਨਾਹੀ ਹਾਸਲ ਹੈ। ਜੇਕਰ ਐੱਨ ਆਰ ਆਈਜ਼ ਨੂੰ ਸੁਖਬੀਰ ਸਿੰਘ ਬਾਦਲ ਨੇ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁਰਬਖਸ਼ ਸਿੰਘ ਗੁਲਸ਼ਨ ਨੂੰ ਵੀ ਇਹ ਜਿੰਮੇਵਾਰੀ ਸੌਂਪੀ ਜਾ ਸਕਦੀ ਹੈ, ਕਿਉਂਕਿ ਉਹ ਲੰਮੇ ਸਮੇਂ ਤੋਂ ਇਸ ਲਾਈਨ ਵਿੱਚ ਲੱਗੇ ਹੋਏ ਹਨ। ਕੁਝ ਵੀ ਹੋਵੇ ਭਲਕੇ ਹੋਣ ਵਾਲੀ ਮੀਟਿੰਗ ਵਿੱਚ ਨੰਦਗੜ੍ਹ ਦੀ ਛੁੱਟੀ ਕਰਨ ਦੇ ਨਾਲ-ਨਾਲ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾਉਣ ਦਾ ਖਰੜਾ ਵੀ ਤਿਆਰ ਕਰ ਦਿੱਤਾ ਜਾਵੇਗਾ। ਕੁਲ ਮਿਲਾ ਕੇ ਲੇਖਾ-ਜੋਖਾ ਕੀਤਾ ਜਾਵੇ ਤਾਂ ਜਥੇਦਾਰ ਨੰਦਗੜ੍ਹ ਦੀ ਬਰਖਾਸਤਗੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਸਿਰਫ ਐਲਾਨ ਹੋਣਾ ਬਾਕੀ ਹੈ।