Latest News
ਧਰਮ ਦੇ ਨਾਂਅ \'ਤੇ ਵੰਡੀਆਂ ਵਿਰੁੱਧ ਓਬਾਮਾ ਦੀ ਨਸੀਹਤ
ਧਾਰਮਿਕ ਸਹਿਣਸ਼ੀਲਤਾ ਦੀ ਜ਼ੋਰਦਾਰ ਵਕਾਲਤ ਕਰਦਿਆਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਹਰੇਕ ਵਿਅਕਤੀ ਨੂੰ ਬਿਨਾਂ ਕਿਸੇ ਡਰ ਜਾਂ ਵਿਤਕਰੇ ਆਪਣਾ ਧਰਮ ਜਾਂ ਅਕੀਦਾ ਮੰਨਣ ਦਾ ਅਧਿਕਾਰ ਹੈ।\r\nਸਿਰੀ ਫੋਰਟ ਆਡੀਟੋਰੀਅਮ \'ਚ ਭਾਰਤ-ਅਮਰੀਕਾ ਸੰਬੰਧਾਂ ਬਾਰੇ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆ ਬਰਾਕ ਓਬਾਮਾ ਨੇ ਕਿਹਾ ਕਿ ਭਾਰਤ ਧਰਮ ਦੇ ਅਧਾਰ \'ਤੇ ਵੰਡੀਆਂ ਪਾਉਣ ਦੇ ਲੰਮੇ ਸਮੇਂ ਤੋਂ ਹੋ ਰਹੇ ਯਤਨਾਂ ਨੂੰ ਨਾਕਾਮ ਕਰਦਾ ਆ ਰਿਹਾ ਹੈ।\r\nਅਮਰੀਕੀ ਰਾਸ਼ਟਰਪਤੀ ਨੇ ਇਹ ਟਿੱਪਣੀ ਭਾਰਤ ਦੀਆਂ ਕੁਝ ਹਿੰਦੂ ਜਥੇਬੰਦੀਆਂ ਵੱਲੋਂ ਧਰਮ ਪਰਿਵਰਤਨ ਜਾਂ ਘਰ ਵਾਪਸੀ ਕਰਾਉਣ ਦੀਆਂ ਰਿਪੋਰਟਾਂ ਤੋਂ ਖੜੇ ਹੋਏ ਵਾਦ-ਵਿਵਾਦ ਦੀ ਪਿੱਠ ਭੂਮੀ \'ਚ ਕੀਤੀ ਹੈ। ਓਬਾਮਾ ਨੇ ਹਵਾਲਾ ਦਿੱਤਾ ਕਿ ਭਾਰਤੀ ਸੰਵਿਧਾਨ ਦੀ ਧਾਰਾ 25 ਹਰੇਕ ਵਿਅਕਤੀ ਨੂੰ ਧਾਰਮਕ ਆਜ਼ਾਦੀ ਦਾ ਅਧਿਕਾਰ ਦਿੰਦੀ ਹੈ। ਉਨ੍ਹਾ ਕਿਹਾ ਕਿ ਸੰਵਿਧਾਨ ਦੀ ਧਾਰਾ ਹਰੇਕ ਨਾਗਰਿਕ ਨੂੰ ਆਪਣੀ ਮਰਜ਼ੀ ਨਾਲ ਧਰਮ ਨੂੰ ਮੰਨਣ, ਅਪਣਾਉਣ ਅਤੇ ਪ੍ਰਚਾਰ ਕਰਨ ਦੀ ਆਜ਼ਾਦੀ ਦਿੰਦਾ ਹੈ। ਉਨ੍ਹਾ ਕਿਹਾ ਕਿ ਭਾਰਤ ਅਤੇ ਅਮਰੀਕਾ ਦੋਵਾਂ ਹੀ ਮੁਲਕਾਂ \'ਚ ਲੋਕਾਂ ਨੂੰ ਧਾਰਮਕ ਆਜ਼ਾਦੀ ਹੈ ਅਤੇ ਇਸ ਨੂੰ ਕਾਇਮ ਰੱਖਣਾ ਸਰਕਾਰ ਤੇ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ।\r\nਓਬਾਮਾ ਨੇ ਕਿਹਾ ਕਿ ਕੁਝ ਲੋਕ ਧਰਮ ਦੇ ਨਾਂਅ ਹੇਠ ਅਸਹਿਣਸ਼ੀਲਤਾ, ਹਿੰਸਾ ਅਤੇ ਅੱਤਵਾਦ ਫੈਲਾ ਰਹੇ ਹਨ। ਉਨ੍ਹਾ ਕਿਹਾ ਕਿ ਧਰਮ ਦੇ ਅਧਾਰ \'ਤੇ ਵੰਡੀਆਂ ਪਾਉਣ ਦੇ ਯਤਨਾਂ ਬਾਰੇ ਖ਼ਬਰਦਾਰ ਹੋਣਾ ਚਾਹੀਦਾ ਹੈ ਅਤੇ ਇਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਓਬਾਮਾ ਨੇ 3 ਸਾਲ ਪਹਿਲਾਂ ਵਿਸਕਾਨਸਿਨ ਦੀ ਘਟਨਾ ਨੂੰ ਚੇਤੇ ਕਰਵਾਇਆ, ਜਦੋਂ ਇੱਕ ਵਿਅਕਤੀ ਨੇ ਗੁਰਦੁਆਰੇ \'ਚ ਦਾਖਲ ਹੋ ਕੇ 6 ਬੇਗੁਨਾਹ ਲੋਕਾਂ ਨੂੰ ਮਾਰ ਦਿੱਤਾ ਸੀ ਅਤੇ ਉਸ ਵੇਲੇ ਦੋਵਾਂ ਮੁਲਕਾਂ ਨੇ ਸਹਿਣਸ਼ੀਲਤਾ ਤੋਂ ਕੰਮ ਲੈਂਦਿਆ ਲੋਕਾਂ ਨੂੰ ਸਮਝਾਇਆ ਸੀ ਕਿ ਹਰੇਕ ਨਾਗਰਿਕ ਨੂੰ ਆਪਣੀ ਮਰਜ਼ੀ ਮੁਤਾਬਕ ਧਰਮ ਅਪਣਾਉਣ, ਪੂਜਾ-ਪਾਠ ਕਰਨ ਅਤੇ ਧਰਮ ਪ੍ਰਚਾਰ ਕਰਨ ਦੀ ਆਜ਼ਾਦੀ ਹੈ।\r\nਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਸੁਧਾਰਾਂ ਦੀ ਹਮਾਇਤ ਕੀਤੀ ਹੈ। ਦਿੱਲੀ ਦੇ ਸ੍ਰੀਫ਼ੋਰਟ ਵਿੱਚ ਭਾਰਤ-ਅਮਰੀਕਾ ਸੰਬੰਧਾਂ ਬਾਰੇ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਓਬਾਮਾ ਨੇ ਕਿਹਾ ਕਿ ਅਮਰੀਕਾ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿੱਚ ਸੁਧਾਰ ਕਰਕੇ ਭਾਰਤ ਨੂੰ ਪੱਕਾ ਮੈਂਬਰ ਬਣਾਉਣ ਦੀ ਹਮਾਇਤ ਕਰਦਾ ਹੈ।\r\nਉਨ੍ਹਾ ਕਿਹਾ ਕਿ ਭਾਰਤ ਅਤੇ ਅਮਰੀਕਾ ਦੋਵੇਂ ਹੀ ਮੁਲਕ ਅੱਤਵਾਦ ਦਾ ਸਾਹਮਣਾ ਕਰ ਰਹੇ ਹਨ ਅਤੇ ਦੋਵੇਂ ਮੁਲਕ ਆਪਣੇ ਲੋਕਾਂ ਦੀ ਸੁਰੱਖਿਆ ਲਈ ਇੱਕਜੁਟ ਹੋ ਕੇ ਖੜ੍ਹੇ ਹਨ। ਓਬਾਮਾ ਨੇ ਕਿਹਾ ਕਿ ਦੋਵੇਂ ਮੁਲਕ ਮਨੁੱਖੀ ਤਸਕਰੀ ਨੂੰ ਰੋਕਣ ਲਈ ਇਕੱਠਿਆਂ ਲੜ ਸਕਦੇ ਹਨ। ਉਨ੍ਹਾ ਕਿਹਾ ਕਿ ਦੋਵਾਂ ਮੁਲਕਾਂ ਦੇ ਸੰਬੰਧਾਂ ਨੂੰ ਇੱਕ ਸਦੀ ਦੇ ਸੰਬੰਧਾਂ ਵਜੋਂ ਪਰਿਭਾਸ਼ਤ ਕੀਤਾ ਜਾ ਸਕਦਾ ਹੈ। ਓਬਾਮਾ ਨੇ ਕਿਹਾ ਕਿ ਉਹ ਭਾਰਤ ਦੀ ਏਸ਼ੀਆ ਪ੍ਰਸ਼ਾਂਤ ਵਿੱਚ ਵੱਡੀ ਭੂਮਿਕ ਦਾ ਸਵਾਗਤ ਕਰਦੇ ਹਨ।\r\nਭਾਰਤ ਦੇ ਲੋਕਤੰਤਰ ਦੀ ਸ਼ਲਾਘਾ ਕਰਦਿਆਂ ਓਬਾਮਾ ਨੇ ਕਿਹਾ ਕਿ ਭਾਰਤ ਦਾ ਲੋਕਤੰਤਰ ਦੁਨੀਆ ਵਿੱਚ ਇੱਕ ਮਸਾਲ ਹੈ। ਉਨ੍ਹਾ ਕਿਹਾ ਕਿ ਭਾਰਤ ਵਿੱਚ ਵੱਖ-ਵੱਖ ਧਰਮਾਂ, ਜਾਤਾਂ ਅਤੇ ਰੰਗਾਂ ਦੇ ਲੋਕਾਂ ਰਹਿੰਦੇ ਹਨ। ਓਬਾਮਾ ਨੇ ਕਿਹਾ ਕਿ ਉਨ੍ਹਾ ਭਾਰਤ ਦਾ ਮਾਣ-ਸਨਮਾਨ ਅਤੇ ਅਖੰਡਤਾ ਆਪਣੇ ਅੱਖੀਂ ਦੇਖੀ ਹੈ।\r\nਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਨਮਾਨ ਕਰਦੇ ਹਨ ਅਤੇ ਸਾਰੇ ਹੀ ਧਰਮ ਦੁਨੀਆ ਦੇ ਇੱਕ ਬਗ਼ੀਚੇ ਦੇ ਫੁੱਲ ਹਨ। ਓਬਾਮਾ ਨੇ ਆਪਣਾ ਭਾਸ਼ਣ ਨਮਸਤੇ ਨਾਲ ਸ਼ੁਰੂ ਕੀਤਾ।\r\nਉਨ੍ਹਾ ਮਹਾਤਮਾ ਗਾਂਧੀ ਨੂੰ ਇੱਕ ਧਰਮ ਨਿਰਪੱਖਤਾਵਾਦੀ ਕਰਾਰ ਦਿੰਦਿਆਂ ਸਵਾਮੀ ਵਿਵੇਕਾਨੰਦ ਦੀ ਸ਼ਿਕਾਗੋ ਫੇਰੀ ਦਾ ਵਿਸ਼ੇਸ਼ ਤੌਰ \'ਤੇ ਜ਼ਿਕਰ ਕੀਤਾ। ਓਬਾਮਾ ਨੇ ਆਪਣੇ ਭਾਸ਼ਣ ਵਿੱਚ ਸ਼ਾਹਰੁਖ ਖਾਨ, ਮੈਰੀਕੋਮ ਅਤੇ ਮਿਲਖਾ ਸਿੰਘ ਦਾ ਨਾਂਅ ਵੀ ਲਿਆ।\r\nਮਹਿਲਾਵਾਂ ਦੇ ਸ਼ਕਤੀਕਰਨ ਦੀ ਹਮਾਇਤ ਕਰਦਿਆਂ ਓਬਾਮਾ ਨੇ ਕਿਹਾ ਕਿ ਮਹਿਲਾਵਾਂ ਦੀ ਸਫ਼ਲਤਾ ਨਾਲ ਸਾਰੇ ਮੁਲਕਾਂ ਸਫ਼ਲਤਾ ਦੀ ਦਿਸ਼ਾ ਵਿੱਚ ਅੱਗੇ ਵਧ ਸਕਦੇ ਹਨ। ਉਨ੍ਹਾ ਨੇ ਕਿਹਾ ਕਿ ਨੌਜਵਾਨ ਦੁਨੀਆ ਦਾ ਭਵਿੱਖ ਹਨ ਅਤੇ ਇਨ੍ਹਾਂ ਨੇ ਦੁਨੀਆ ਨੂੰ ਇੱਕ ਨਵੀਂ ਸ਼ਕਲ ਦੇਣੀ ਹੈ।\r\nਯੁਵਾ ਸ਼ਕਤੀ ਦੇ ਭਵਿੱਖ ਦੀ ਗੱਲ ਕਰਦਿਆਂ ਓਬਾਮਾ ਨੇ ਕਿਹਾ ਕਿ ਜੇ ਇੱਕ ਚਾਹ ਵੇਚਣ ਵਾਲੇ ਦਾ ਪੁੱਤਰ ਪ੍ਰਧਾਨ ਮੰਤਰੀ ਅਤੇ ਇੱਕ ਕੁੱਕ ਦਾ ਪੋਤਰਾ ਰਾਸ਼ਟਰਪਤੀ ਬਣ ਸਕਦਾ ਹੈ ਤਾਂ ਹੋਰ ਨੌਜਵਾਨ ਅੱਗੇ ਕਿਉਂ ਨਹੀਂ ਵਧ ਸਕਦੇ।\r\nਭਾਰਤ-ਅਮਰੀਕਾ ਪ੍ਰਮਾਣੂ ਸਮਝੌਤੇ ਦੀ ਗੱਲ ਕਰਦਿਆਂ ਓਬਾਮਾ ਨੇ ਕਿਹਾ ਕਿ ਇਸ ਸਮਝੌਤੇ ਦਾ ਮਤਲਬ ਭਾਰਤ ਦੀਆਂ ਸਵੱਛ ਊਰਜਾ ਲੋੜਾਂ ਨੂੰ ਪੂਰਾ ਕਰਨਾ ਹੈ। ਓਬਾਮਾ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਦੁਨੀਆ ਨੂੰ ਪ੍ਰਮਾਣੂ ਹਥਿਆਰਾਂ ਤੋਂ ਮੁਕਤ ਕਰਨਾ ਹੈ। ਉਨ੍ਹਾ ਕਿਹਾ ਕਿ ਭਾਰਤ ਅਮਰੀਕਾ ਦਾ ਇੱਕ ਬਿਹਤਰ ਭਾਈਵਾਲ ਹੈ ਅਤੇ ਉਹ ਦੋਵਾਂ ਮੁਲਕਾਂ ਦੇ ਸੰਬੰਧਾਂ ਵਿੱਚ ਇੱਕ ਨਵੇਂ ਅਧਿਆਏ ਸ਼ੁਰੂ ਕਰਨ ਲਈ ਵਚਨਬੱਧ ਹਨ।\r\nਉਨ੍ਹਾਂ ਨੋਬਲ ਪੁਰਸਕਾਰ ਪ੍ਰਾਪਤ ਕੈਲਾਸ਼ ਸਤਿਆਰਥੀ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾ ਵੱਲੋਂ ਬੰਧੂਆ ਬਾਲ ਮਜ਼ਦੂਰੀ ਵਿਰੁੱਧ ਚਲਾਏ ਜਾ ਰਹੇ ਅੰਦੋਲਨ ਦੀ ਸ਼ਲਾਘਾ ਕੀਤੀ। ਆਪਣੇ ਭਾਸ਼ਣ ਤੋਂ ਬਾਅਦ ਓਬਾਮਾ ਆਪਣੀ ਪਤਨੀ ਮਿਸ਼ੇਲ ਨੂੰ ਲੈ ਕੇ ਲੋਕਾਂ \'ਚ ਚਲੇ ਗਏ ਅਤੇ ਉਨ੍ਹਾਂ ਨਾਲ ਘੁਲ-ਮਿਲ ਗਏ।

928 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper