ਅੱਤਵਾਦੀਆਂ ਨਾਲ ਮੁਕਾਬਲੇ 'ਚ ਕਰਨਲ ਸ਼ਹੀਦ, ਦੋ ਅੱਤਵਾਦੀ ਵੀ ਢੇਰ

ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਸ ਖੇਤਰ ਵਿੱਚ ਅੱਤਵਾਦੀਆਂ ਨਾਲ ਹੋਏ ਇੱਕ ਜ਼ਬਰਦਸਤ ਮੁਕਾਬਲੇ ਵਿੱਚ ਫੌਜ ਦਾ ਇੱਕ ਅਫਸਰ ਤੇ ਜਵਾਨ ਸ਼ਹੀਦ ਹੋ ਗਿਆ, ਜਦਕਿ ਦੋ ਅੱਤਵਾਦੀ ਢੇਰ ਹੋ ਗਏ। ਪ੍ਰਾਪਤ ਰਿਪੋਰਟਾਂ ਮੁਤਾਬਕ ਕਰਨਲ ਐੱਮ ਐੱਨ ਰਾਏ ਤਰਾਸ ਖੇਤਰ 'ਚ ਅੱਤਵਾਦੀਆਂ ਵਿਰੁੱਧ ਸ਼ੁਰੂ ਕੀਤੇ ਗਏ ਅਪ੍ਰੇਸ਼ਨ ਦੀ ਅਗਵਾਈ ਕਰ ਰਹੇ ਸਨ ਤਾਂ ਅੱਤਵਾਦੀਆਂ ਨਾਲ ਮੁਕਾਬਲਾ ਹੋ ਗਿਆ। ਕਰਨਲ ਐੱਮ ਐੱਸ ਰਾਏ ਦੇ ਸਾਹਮਣਿਓਂ ਤਿੰਨ ਗੋਲੀਆਂ ਵੱਜੀਆਂ, ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਹ ਦਮ ਤੋੜ ਗਏ। ਕਰਨਲ ਐੱਮ ਐੱਸ ਰਾਏ ਨੂੰ ਕੱਲ੍ਹ ਹੀ ਗਣਤੰਤਰ ਦਿਵਸ 'ਤੇ ਬਹਾਦਰੀ ਪੁਰਸਕਾਰ ਮਿਲਿਆ ਸੀ। ਉਨ੍ਹਾ ਨੂੰ ਇਹ ਬਹਾਦਰੀ ਪੁਰਸਕਾਰ ਇੱਕ ਅੱਤਵਾਦੀ ਨੂੰ ਮਾਰਨ ਲਈ ਮਿਲਿਆ ਸੀ। ਇਸ ਮੁਕਾਬਲੇ ਵਿੱਚ ਇੱਕ ਹੈੱਡ ਕਾਂਸਟੇਬਲ ਸੰਜੀਵ ਕੁਮਾਰ ਵੀ ਸ਼ਹੀਦ ਹੋ ਗਿਆ। ਮੁਕਾਬਲੇ ਵਿੱਚ ਦੋ ਅੱਤਵਾਦੀ ਮਾਰੇ ਗਏ ਅਤੇ ਉਨ੍ਹਾਂ ਤੋਂ ਹਥਿਆਰ ਤੇ ਗੋਲੀ-ਸਿੱਕਾ ਬਰਾਮਦ ਕੀਤਾ ਗਿਆ।