ਹਾਈ ਕੋਰਟ ਵੱਲੋਂ ਨਿਰੰਜਨ ਸਿੰਘ ਦੇ ਤਬਾਦਲੇ 'ਤੇ ਰੋਕ 'ਚ 26 ਤੱਕ ਵਾਧਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਸਹਾਇਕ ਡਾਇਰੈਕਟਰ ਨਿਰੰਜਨ ਸਿੰਘ ਦੇ ਤਬਾਦਲੇ 'ਤੇ ਰੋਕ ਦੀ ਮਿਆਦ 26 ਫ਼ਰਵਰੀ ਤੱਕ ਵਧਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨਿਰੰਜਨ ਸਿੰਘ ਨੇ 26 ਦਸੰਬਰ ਨੂੰ ਜਲੰਧਰ 'ਚ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ ਸੀ, ਜਿਸ ਮਗਰੋਂ ਉਨ੍ਹਾ ਦਾ ਤਬਾਦਲਾ ਕੋਲਕਾਤਾ ਕਰ ਦਿੱਤਾ ਗਿਆ ਸੀ।rnਅਦਾਲਤ ਦੇ ਹੁਕਮ 'ਤੇ ਈ ਡੀ ਨੇ ਅੱਜ ਜੁਡੀਸ਼ੀਅਲ ਬੈਂਚ ਸਾਹਮਣੇ ਨਿਰੰਜਨ ਸਿੰਘ ਦੇ ਤਬਾਦਲੇ ਨਾਲ ਸੰਬੰਧਤ ਕਾਗਜ਼ਾਤ ਪੇਸ਼ ਕੀਤੇ ਅਤੇ ਦਸਿਆ ਕਿ ਅਧਿਕਾਰੀ ਦਾ ਤਬਾਦਲਾ ਪੱਛਮੀ ਬੰਗਾਲ ਦੇ ਸ਼ਾਰਦਾ ਚਿੱਟ ਫੰਡ ਘੁਟਾਲੇ ਦੀ ਜਾਂਚ ਲਈ ਕੀਤਾ ਗਿਆ, ਪਰ ਇਸ ਦਾ ਵਿਰੋਧ ਕਰਦਿਆਂ ਪਟੀਸ਼ਨਰ ਦੇ ਵਕੀਲ ਨਵਕਿਰਨ ਸਿੰਘ ਨੇ ਕਿਹਾ ਕਿ ਜੇ ਸ਼ਾਰਦਾ ਘੁਟਾਲਾ ਮਾਮਲਾ ਅਹਿਮ ਹੈ ਤਾਂ ਪੰਜਾਬ ਦਾ ਡਰੱਗਜ਼ ਮਾਮਲਾ ਉਸ ਤੋਂ ਵੀ ਜ਼ਿਆਦਾ ਅਹਿਮ ਹੈ, ਕਿਉਂਕਿ ਇਸ ਨਾਲ ਨੌਜੁਆਨਾਂ ਦਾ ਭਵਿੱਖ ਜੁੜਿਆ ਹੋਇਆ ਹੈ। ਮਗਰੋਂ ਉਨ੍ਹਾ ਕਿਹਾ ਕਿ ਅਦਾਲਤ ਨੇ ਵੀ ਇਹ ਗੱਲ ਮੰਨੀ ਹੈ ਕਿ ਜਿਸ ਤਰ੍ਹਾਂ ਤਬਾਦਲੇ ਨੂੰ ਸਹੀ ਠਹਿਰਾਉਣ ਦੇ ਯਤਨ ਕੀਤੇ ਜਾ ਰਹੇ ਹਨ, ਉਸ ਤੋਂ ਇਸ ਦੋਸ਼ ਨੂੰ ਬਲ ਮਿਲਦਾ ਹੈ ਕਿ ਇਸ ਪਿੱਛੇ ਸਿਆਸਤ ਹੈ। ਜ਼ਿਕਰਯੋਗ ਹੈ ਕਿ ਨਿਰੰਜਨ ਸਿੰਘ 6 ਹਜ਼ਾਰ ਕਰੋੜ ਰੁਪਏ ਦੇ ਸਿੰਥੈਟਿਕ ਡਰੱਗ ਮਾਮਲੇ ਨਾਲ ਸੰਬੰਧਤ ਹਵਾਲਾ ਕੇਸ ਦੀ ਜਾਂਚ ਕਰ ਰਹੇ ਸਨ ਅਤੇ ਪਿਛਲੇ ਦੋ ਸਾਲਾਂ ਤੋਂ ਈ ਡੀ ਦੇ ਜਲੰਧਰ ਦਫ਼ਤਰ 'ਚ ਤਾਇਨਾਤ ਸਨ। ਉਨ੍ਹਾ ਦੇ ਤਬਾਦਲੇ ਮਗਰੋਂ ਕਾਂਗਰਸ ਨੇ ਦੋਸ਼ ਲਾਇਆ ਸੀ ਕਿ ਅਕਾਲੀਆਂ ਦੇ ਦਬਾਅ ਹੇਠ ਮੋਦੀ ਸਰਕਾਰ ਵੱਲੋਂ ਨਿਰੰਜਨ ਸਿੰਘ ਦਾ ਤਬਾਦਲਾ ਕੀਤਾ ਗਿਆ।