ਅਦਾਲਤ ਵੱਲੋਂ ਤਾਰਾ ਦਾ 13 ਤੱਕ ਦਾ ਪੁਲਸ ਰਿਮਾਂਡ

ਸਥਾਨਕ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਜਗਤਾਰ ਸਿੰਘ ਤਾਰਾ ਨੂੰ 13 ਫਰਵਰੀ ਤੱਕ ਬਠਿੰਡਾ ਪੁਲਸ ਦੇ ਹਵਾਲੇ ਕਰ ਦਿੱਤੈ, ਜੋ ਉਸ ਤੋਂ ਪਾਕਿਸਤਾਨੀ ਦੀ ਖੁਫੀਆ ਏਜੰਸੀ ਆਈ ਐੱਸ ਆਈ ਨਾਲ ਸੰਬੰਧਾਂ ਦੀ ਪੁੱਛ-ਪੜਤਾਲ ਕਰੇਗੀ।rnਡੀ ਐੱਸ ਪੀ ਗੁਰਦਰਸ਼ਨ ਸਿੰਘ ਦੀ ਅਗਵਾਈ ਹੇਠਲੀ ਭਾਰੀ ਪੁਲਸ ਫੋਰਸ ਨੇ ਅੱਜ ਸ਼ਾਮ ਜਗਤਾਰ ਸਿੰਘ ਤਾਰਾ, ਜੋ ਮਰਹੂਮ ਮੁੱਖ ਮੰਤਰੀ ਸ੍ਰ: ਬੇਅੰਤ ਸਿੰਘ ਦੇ ਕਤਲ ਦੇ ਦੋਸ਼ ਹੇਠ ਕੈਦ ਕੱਟਦਿਆਂ ਸੁਰੰਗ ਲਾ ਕੇ ਬੁੜੈਲ ਜੇਲ੍ਹ 'ਚੋਂ ਫਰਾਰ ਹੋ ਗਿਆ ਸੀ, ਨੂੰ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸ੍ਰੀ ਰਮਨ ਕੁਮਾਰ ਦੀ ਅਦਾਲਤ ਵਿਖੇ ਪੇਸ਼ ਕੀਤਾ। ਸਰਕਾਰੀ ਵਕੀਲ ਨੇ ਇਸ ਦਲੀਲ ਨਾਲ ਸੱਤ ਦਿਨਾਂ ਦਾ ਪੁਲਸ ਰਿਮਾਂਡ ਮੰਗਿਆ ਕਿ ਨਵੰਬਰ 2014 ਵਿੱਚ ਬਠਿੰਡਾ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਅੱਤਵਾਦੀ ਰਮਨਦੀਪ ਸਿੰਘ ਉਰਫ ਸੰਨੀ ਤੋਂ ਇਲਾਵਾ ਉਸ ਤੋਂ ਪਾਕਿਸਤਾਨੀ ਖੁਫੀਆ ਏਜੰਸੀ ਨਾਲ ਨੇੜਲੇ ਸੰਬੰਧਾਂ ਦੀ ਜਾਣਕਾਰੀ ਲਈ ਪੁੱਛ-ਪੜਤਾਲ ਕਰਨੀ ਜ਼ਰੂਰੀ ਹੈ। ਤਾਰਾ ਦੇ ਵਕੀਲ ਸ੍ਰੀ ਹਰਪਾਲ ਸਿੰਘ ਖਾਰਾ ਨੇ ਇਹ ਕਹਿੰਦਿਆਂ ਪੁਲਸ ਰਿਮਾਂਡ ਦੇਣ ਦਾ ਸਖ਼ਤ ਵਿਰੋਧ ਕੀਤਾ ਕਿ ਜਿਸ ਅਧਾਰ 'ਤੇ ਸੰਨੀ ਦਾ ਰਿਮਾਂਡ ਹਾਸਲ ਕੀਤਾ ਸੀ, ਉਸ ਤੋਂ ਮਿਲੀ ਕਿਸੇ ਵੀ ਜਾਣਕਾਰੀ ਦਾ ਅਦਾਲਤੀ ਮਿਸਲ ਤੇ ਪੁਲਸ ਪ੍ਰਾਪਤੀ ਦਾ ਜ਼ਿਕਰ ਤੱਕ ਨਹੀਂ। ਸ੍ਰੀ ਖਾਰਾ ਨੇ ਜ਼ੋਰਦਾਰ ਤਰੀਕੇ ਨਾਲ ਇਹ ਦਲੀਲ ਵੀ ਦਿੱਤੀ ਕਿ ਆਖਰ ਉਹ ਕਿਹੜੀ ਵਾਰਦਾਤ ਹੈ, ਜੇਲ੍ਹ 'ਚੋਂ ਭਗੌੜਾ ਹੋਣ ਉਪਰੰਤ ਵਿਦੇਸ਼ ਰਹਿੰਦਿਆਂ ਜਿਸਨੂੰ ਤਾਰਾ ਨੇ ਭਾਰਤ ਵਿੱਚ ਅੰਜਾਮ ਦਿੱਤਾ ਹੋਵੇ।rnਸ੍ਰੀ ਖਾਰਾ ਨੇ ਅਦਾਲਤ ਨੂੰ ਦੱਸਿਆ ਕਿ ਅਜਿਹੇ ਹੀ ਦੋਸ਼ਾਂ ਤਹਿਤ ਪੰਜ ਜ਼ਿਲ੍ਹਿਆਂ ਦੀ ਪੁਲਸ ਵੱਖ-ਵੱਖ ਅਦਾਲਤਾਂ ਤੋਂ ਤਾਰਾ ਦਾ ਜਿਸਮਾਨੀ ਰਿਮਾਂਡ ਹਾਸਲ ਕਰਕੇ ਸਖ਼ਤੀ ਨਾਲ ਪੁੱਛਗਿੱਛ ਕਰ ਚੁੱਕੀ ਹੈ, ਉਸ ਦੀ ਅਜਿਹੀ ਕਾਰਵਾਈ ਸਿਰਫ ਤੇ ਸਿਰਫ ਉਸ ਦੇ ਮੁਵੱਕਲ ਨੂੰ ਵੱਧ ਤੋਂ ਵੱਧ ਮੁਕੱਦਮਿਆਂ ਵਿੱਚ ਉਲਝਾਉਣ ਦਾ ਇੱਕ ਯਤਨ ਹੈ। ਅਜਿਹਾ ਘੱਟ ਗਿਣਤੀਆਂ ਨੂੰ ਦਬਾਉਣ ਦੇ ਮਨਸ਼ੇ ਵਜੋਂ ਕੀਤਾ ਜਾ ਰਿਹਾ ਹੈ।rnਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਉਪਰੰਤ ਅਦਾਲਤ ਨੇ ਪੰਜ ਦਿਨਾਂ ਲਈ ਤਾਰਾ ਨੂੰ ਜਿਸਮਾਨੀ ਰਿਮਾਂਡ ਤਹਿਤ ਪੁਲਸ ਦੇ ਹਵਾਲੇ ਕਰ ਦਿੱਤਾ। ਤਾਰਾ ਨੂੰ ਪੇਸ ਕਰਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਪੁਲਸ ਨੇ ਉਸ ਦਾ ਡਾਕਟਰੀ ਮੁਆਇਨਾ ਕਰਵਾਇਆ।