ਕਾਂਗਰਸ ਪ੍ਰਧਾਨ ਮੰਤਰੀ ਸੋਨੀਆ ਗਾਂਧੀ, ਕਾਂਗਰਸ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ, ਆਰ ਜੇ ਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਦਿੱਲੀ ਵਿਧਾਨ ਸਭਾ ਚੋਣਾਂ \'ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਲਈ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੱਤੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੇਜਰੀਵਾਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਉਨ੍ਹਾ \'ਤੇ ਭਰੋਸਾ ਕੀਤਾ। ਉਨ੍ਹਾ ਆਸ ਪ੍ਰਗਟਾਈ ਕਿ ਕੇਜਰੀਵਾਲ ਲੋਕਾਂ ਦੀਆਂ ਆਸਾਂ ਨੂੰ ਪੂਰਾ ਕਰਨਗੇ। ਆਪਣੇ ਵਧਾਈ ਸੁਨੇਹੇ \'ਚ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਜਿੱਤ ਲਈ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਵਧਾਈ। ਉਨ੍ਹਾ ਕਿਹਾ ਕਿ ਦਿੱਲੀ ਦੀ ਜਨਤਾ ਨੇ ਆਪ ਨੂੰ ਚੁਣਿਆ, ਅਸੀਂ ਜਨਤਾ ਦੇ ਫੈਸਲੇ ਦਾ ਸਨਮਾਨ ਕਰਦੇ ਹਾਂ। ਆਰ ਜੇ ਡੀ ਸੁਪਰੀਮੋ ਲਾਲੂ ਪ੍ਰਸ਼ਾਦ ਯਾਦਵ ਨੇ ਟਵਿਟਰ ਰਾਹੀਂ ਕੇਜਰੀਵਾਲ ਨੂੰ ਵਧਾਈ ਦਿੱਤੀ ਅਤੇ ਫੋਨ ਵੀ ਕੀਤਾ।\r\nਉਨ੍ਹਾ ਕਿਹਾ ਕਿ ਬਿਹਾਰ ਦੇ ਲੋਕ ਦਿੱਲੀ ਦੀ ਜਨਤਾ ਵਾਂਗ ਹੀ ਭਾਰਤੀ ਜਨਤਾ ਪਾਰਟੀ ਨੂੰ ਸਬਕ ਸਿਖਾਉਣਗੇ। ਜਨਤਾ ਦਲ (ਯੂ) ਦੇ ਆਗੂ ਨਿਤੀਸ਼ ਕੁਮਾਰ ਵੀ ਦਿੱਲੀ \'ਚ ਆਮ ਪਾਰਟੀ ਦੀ ਜਿੱਤ ਤੋਂ ਬੇਹੱਦ ਖੁਸ਼ ਹਨ। ਉਨ੍ਹਾ ਨੇ ਆਪ ਦੀ ਲਾਮਿਸਾਲ ਜਿੱਤ ਲਈ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੱਤੀ।\r\nਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵੀ ਆਮ ਆਦਮੀ ਪਾਰਟੀ ਦੀ ਜਿੱਤ \'ਤੇ ਟਵਿਟਰ ਰਾਹੀਂ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੱਤੀ ਅਤੇ ਦਿੱਲੀ \'ਚ ਨਵੀਂ ਸਰਕਾਰ ਦਾ ਸੁਆਗਤ ਕੀਤਾ। ਸ਼ਿਵ ਸੈਨਾ ਦੇ ਯੂਥ ਵਿੰਗ ਦੇ ਪ੍ਰਧਾਨ ਆਦਿਤਿਆ ਠਾਕਰੇ ਨੇ ਵੀ ਕੇਜਰੀਵਾਲ ਨੂੰ ਫੋਨ ਕਰਕੇ ਜਿੱਤ ਦੀ ਵਧਾਈ ਦਿੱਤੀ।\r\nਅਮਰੀਕਾ ਤੋਂ ਵੀ ਵਧਾਈਆਂ\r\nਅਮਰੀਕਾ ਤੋਂ ਸਾਡੇ ਪੱਤਰਕਾਰ ਜਗਤਾਰ ਸਿੰਘ ਭੁੰਗਰਨੀ, ਜੋਗਾ ਸਿੰਘ ਲੌਂਗੀਆ, ਚਰਨਜੀਤ ਸਿੰਘ ਚਾਰਲੀ, ਹਰਭਜਨ ਸਿੰਘ ਪੱਪੂ ਤੇ ਪਰਮਿੰਦਰ ਸਿੰਘ ਲੌਂਗੀਆ ਨੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਉੱਤੇ ਦੇਸ਼ਵਾਸੀਆਂ ਨੂੰ ਵਧਾਈ ਭੇਜੀ ਹੈ।