ਲੁੱਟਾਂ-ਖੋਹਾਂ ਕਰਨ ਵਾਲਾ ਪੁਲਸ ਦਾ ਸਬ ਇੰਸਪੈਕਟਰ ਸਾਥੀ ਸਮੇਤ ਕਾਬੂ

ਸਥਾਨਕ ਪੁਲਸ ਨੇ ਖੇਤਰ ਵਿੱਚ ਕਥਿਤ ਰੂਪ ਵਿੱਚ ਲੁੱਟਾਂ-ਖੋਹਾਂ ਕਰਨ, ਦੇਰ-ਸਵੇਰ ਖੇਤਰ ਵਿੱਚ ਘੁੰਮਦੇ ਮੁੰਡੇ-ਕੁੜੀਆਂ ਨੂੰ ਧਮਕਾ ਕੇ ਉਨ੍ਹਾਂ ਤੋਂ ਪੈਸੇ ਏਂਠਣ ਅਤੇ ਨਜਾਇਜ਼ ਤੌਰ 'ਤੇ ਗੱਡੀਆਂ ਦੀ ਚੈਕਿੰਗ ਕਰਨ ਬਹਾਨੇ ਉਨ੍ਹਾਂ ਦਾ ਸਾਮਾਨ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਫਿਰੋਜ਼ਪੁਰ ਵਿਖੇ ਤੈਨਾਤ ਪੰਜਾਬ ਪੁਲਸ ਦੇ ਇੱਕ ਸੱਬ ਇੰਸਪੈਕਟਰ ਨੂੰ ਕਾਬੂ ਕੀਤਾ ਹੈ। ਪੁਲਸ ਨੇ ਕਥਿਤ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਜ਼ੀਰਕਪੁਰ ਥਾਣਾ ਮੁਖੀ ਦੀਪਇੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਹਿਤ ਸਪਰਾ ਪੁੱਤਰ ਭਾਰਤ ਭੂਸ਼ਣ ਵਾਸੀ ਜਾਖਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦਸਿਆ ਸੀ ਕਿ 1 ਫਰਵਰੀ ਨੂੰ ਉਹ ਅਪਣੇ ਇੱਕ ਸਾਥੀ ਗੌਰਵ ਗਾਂਧੀ ਨਾਲ ਅਪਣੀ ਹੋਂਡਾਸਿਟੀ ਕਾਰ ਵਿੱਚ ਸਵਾਰ ਹੋ ਕੇ ਅਪਣੇ ਦੌਸਤ ਵਿਕਾਸ ਵਾਸੀ ਪੰਚਕੁਲਾ ਕੋਲ ਕਿਸੇ ਕੰਮ ਲਈ ਮਿਲਣ ਲਈ ਜਾ ਰਹੇ ਸਨ। ਇਸ ਦੌਰਾਨ ਜਦ ਉਹ ਜ਼ੀਰਕਪੁਰ ਵਿਖੇ ਸਥਿਤ ਮੈਕਡਾਨਲਡ ਦੇ ਨੇੜੇ ਪੁੱਜੇ ਤਾਂ ਉਨ੍ਹਾ ਦੀ ਕਾਰ ਨੂੰ ਇੱਕ ਹੋਰ ਕਾਰ ਵਿੱਚ ਸਵਾਰ ਇੱਕ ਸੱਬ ਇੰਸਪੈਕਟਰ ਨੇ ਅਪਣੇ ਸਾਥੀਆਂ ਨਾਲ ਘੇਰ ਲਿਆ। ਉਨ੍ਹਾਂ ਦੋਸ਼ ਲਾਇਆ ਕਿ ਸੱਬ ਇੰਸਪੈਕਟਰ ਨੇ ਉਨ੍ਹਾਂ ਦੀ ਤਲਾਸ਼ੀ ਲੈਣ ਬਹਾਨੇ ਉਸ ਦੀ ਜੇਬ ਵਿੱਚ ਪਏ 14 ਹਜ਼ਾਰ 500 ਰੁਪਏ ਅਤੇ ਉਸ ਦੇ ਦੋਸਤ ਗੌਰਵ ਗਾਂਧੀ ਦੀ ਜੇਬ ਵਿੱਚ ਪਏ 8500 ਰੁਪਏ ਲੈਣ ਤੋਂ ਇਲਾਵਾ ਉਨ੍ਹਾ ਦੇ ਤਿੰਨ ਐਪਲ ਕੰਪਨੀ ਦੇ ਮਹਿੰਗੇ ਫੋਨ ਲੈ ਲਏ ਅਤੇ ਇਸ ਦੌਰਾਨ ਸੱਬ ਇੰਸਪੈਕਟਰ ਨਾਲ ਮੌਜੂਦ ਇੱਕ ਵਿਅਕਤੀ ਅਤੇ ਇੱਕ ਔਰਤ ਨੇ ਇਸ ਸੰਬੰਧੀ ਕਿਸੇ ਨੂੰ ਦੱਸਣ ਜਾਂ ਰੌਲਾ ਪਾਉਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਜਬਰ-ਜ਼ਨਾਹ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ। ਉਨ੍ਹਾਂ ਦਸਿਆ ਕਿ ਪੁਲਸ ਨੇ ਉਨ੍ਹਾਂ ਦੀ ਪੈੜ ਨੱਪਣੀ ਆਰੰਭ ਕੀਤੀ ਤਾਂ ਪਤਾ ਲੱਗਿਆ ਕਿ ਫਿਰੋਜ਼ਪੁਰ ਸਦਰ ਥਾਣੇ ਵਿੱਚ ਵਾਇਰਲੈਸ ਆਪ੍ਰੇਟਰ ਵਜੋਂ ਤੈਨਾਤ ਸੱਬ ਇੰਸਪੈਕਟਰ ਫਕੀਰ ਚੰਦ ਪੁੱਤਰ ਮੰਗਤ ਰਾਏ ਵਾਸੀ ਸੇਵਕ ਕਾਲੋਨੀ ਪਟਿਆਲਾ ਅਪਣੇ ਸਾਥੀ ਨਿਰਮਲ ਸਿੰਘ ਪੁੱਤਰ ਮਨਮੋਹਣ ਸਿੰਘ ਵਾਸੀ ਮੇਹਰ ਸਿੰਘ ਕਾਲੋਨੀ, ਜੋ ਕਿ ਓਰੀਐਂਟਲ ਬੈਂਕ ਆਫ ਕਾਮਰਸ ਦੀ ਘਨੌਰ ਸ਼ਾਖਾ ਵਿਖੇ ਕਲਰਕ ਵਜੋਂ ਤੈਨਾਤ ਹੈ, ਨੂੰ ਹੌਲਦਾਰ ਦੱਸ ਕੇ ਅਤੇ ਇੱਕ ਔਰਤ ਤਜਿੰਦਰ ਕੌਰ ਨਾਲ ਮਿਲ ਕੇ ਜ਼ੀਰਕਪੁਰ ਖੇਤਰ ਸਮੇਤ ਹੋਰ ਕਈ ਥਾਵਾਂ 'ਤੇ ਅਜਿਹੀਆਂ ਲੁੱਟਾਂ-ਖੋਹਾਂ ਨੂੰ ਅੰਜਾਮ ਦੇ ਚੁੱਕਿਆ ਹੈ। ਇਸ ਤੋਂ ਇਲਾਵਾ ਕਥਿਤ ਦੋਸ਼ੀ ਖੇਤਰ ਵਿੱਚ ਘੁਮੰਦੇ ਮੁੰਡੇ-ਕੁੜੀਆਂ ਤੋਂ ਵੀ ਧਮਕੀਆਂ ਦੇ ਕੇ ਪੈਸੇ ਫੁੰਡ ਚੁੱਕਿਆ ਹੈ।rnਉਨ੍ਹਾਂ ਦਸਿਆ ਕਿ ਅੱਜ ਵੀ ਕਥਿਤ ਦੋਸ਼ੀ ਫਕੀਰ ਚੰਦ ਅਪਣੇ ਸਾਥੀ ਨਿਰਮਲ ਸਿੰਘ ਨਾਲ ਆਪਣੀ ਮਾਰੂਤੀ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਖੇਤਰ ਵਿੱਚ ਕਿਸੇ ਘਟਨਾ ਨੂੰ ਅੰਜਾਮ ਦੇਣ ਲਈ ਘੁੰਮ ਰਿਹਾ ਸੀ, ਜਿਸ ਨੂੰ ਸ਼ਿਕਾਇਤ ਕਰਤਾ ਨੇ ਪਛਾਣ ਕੇ ਪੁਲਸ ਨੂੰ ਸੂਚਿਤ ਕਰ ਦਿੱਤਾ। ਏ.ਐਸ.ਆਈ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਗਠਿਤ ਟੀਮ ਨੇ ਕਥਿਤ ਦੋਸ਼ੀਆਂ ਨੂੰ ਮੌਕੇ 'ਤੇ ਜਾ ਕੇ ਕਾਬੂ ਕਰ ਲਿਆ, ਜਦਕਿ ਉਨ੍ਹਾਂ ਦੀ ਸਾਥੀ ਔਰਤ ਹਾਲੇ ਪੁਲਸ ਦੀ ਪਹੁੰਚ ਤੋਂ ਬਾਹਰ ਹੈ।