ਆਪ ਦੇ ਵਿਦੇਸ਼ੀ ਫੰਡਾਂ 'ਚ ਕੁਝ ਗਲਤ ਨਹੀਂ

ਕੇਂਦਰ ਸਰਕਾਰ ਵੱਲੋਂ ਪਹਿਲੀ ਵਾਰੀ ਆਮ ਆਦਮੀ ਪਾਰਟੀ ਨੂੰ ਠੰਢੀਆਂ ਪੌਣਾਂ ਦਾ ਬੁਲ੍ਹਾ ਆਇਆ ਹੈ। ਕੇਂਦਰ ਸਰਕਾਰ ਨੇ ਦਿੱਲੀ ਹਾਈ ਕੋਰਟ 'ਚ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਬਦੇਸ਼ਾਂ ਤੋਂ ਆਏ ਫੰਡਾਂ 'ਚ ਕੁਝ ਵੀ ਗਲਤ ਨਹੀਂ ਹੈ। ਕੇਂਦਰ ਸਰਕਾਰ ਵੱਲੋਂ ਦਿੱਲੀ ਹਾਈ ਕੋਰਟ 'ਚ ਦਿੱਤੇ ਗਏ ਹਲਫਨਾਮੇ 'ਚ ਕਿਹਾ ਗਿਆ ਹੈ ਕਿ ਆਪ ਨੂੰ ਬਦੇਸ਼ਾਂ ਤੋਂ ਆਏ ਫੰਡਾਂ 'ਚ ਨਿਯਮਾਂ ਦੀ ਕੋਈ ਉਲੰਘਣਾ ਨਹੀਂ ਕੀਤੀ ਗਈ। ਹਾਈ ਕੋਰਟ ਨੇ ਕੇਂਦਰ ਸਰਕਾਰ ਤੋਂ ਆਪ ਦੇ ਵਿਦੇਸ਼ੀ ਫੰਡਾਂ ਬਾਰੇ ਜਾਂਚ ਰਿਪੋਰਟ ਸੀਲਬੰਦ ਲਿਫਾਫੇ 'ਚ ਸੌਂਪਣ ਦੇ ਹੁਕਮ ਦਿੱਤੇ ਸਨ। ਇਸ ਮਾਮਲੇ 'ਚ ਦਿੱਲੀ ਹਾਈ ਕੋਰਟ ਨੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਹਾਈ ਕੋਰਟ 'ਚ ਪਾਈ ਗਈ ਪਟੀਸ਼ਨ 'ਚ ਵਿਦੇਸ਼ੀ ਚੰਦੇ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਗਈ ਸੀ। ਹਾਈ ਕੋਰਟ 'ਚ ਸੁਣਵਾਈ ਦੌਰਾਨ ਆਪ ਦੇ ਵਕੀਲ ਨੇ ਕਿਹਾ ਸੀ ਕਿ ਫਰਜ਼ੀ ਕੰਪਨੀਆਂ ਤੋਂ ਚੰਦੇ ਦੇ ਮਾਮਲੇ 'ਚ ਪਾਰਟੀ ਨੇ ਕੋਈ ਨਿਯਮ ਨਹੀਂ ਤੋੜਿਆ ਹੈ। ਆਮ ਆਦਮੀ ਪਾਰਟੀ ਨੇ ਸਿਆਸੀ ਪਾਰਟੀਆਂ ਨੂੰ ਮਿਲਣ ਵਾਲੇ ਚੰਦੇ ਦੇ ਮਾਮਲੇ ਬਾਰੇ ਚੀਫ ਜਸਟਿਸ ਨੂੰ ਇੱਕ ਚਿੱਠੀ ਲਿਖ ਕੇ ਵਿਸ਼ੇਸ਼ ਜਾਂਚ ਕਰਾਉਣ ਦੀ ਵੀ ਮੰਗ ਕੀਤੀ ਗਈ ਸੀ।