ਸਰਕਾਰ ਦਾ ਗਠਨ; ਮੋਦੀ ਤੇ ਸਈਦ ਵਿਚਾਲੇ ਮੁਲਾਕਾਤ ਅੱਜ

ਜੰਮੂ-ਕਸ਼ਮੀਰ 'ਚ ਅਗਲੀ ਸਰਕਾਰ ਦੇ ਗਠਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੀ ਡੀ ਪੀ ਦੇ ਸਰਪ੍ਰਸਤ ਮੁਫ਼ਤੀ ਮੁਹੰਮਦ ਸਈਦ ਵਿਚਾਲੇ ਮੁਲਾਕਾਤ ਸ਼ੁੱਕਰਵਾਰ ਸਵੇਰੇ ਹੋਵੇਗੀ। ਜੰਮੂ-ਕਸ਼ਮੀਰ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਦੋ ਮਹੀਨਿਆਂ ਬਾਅਦ ਇਹ ਮੁਲਾਕਾਤ ਹੋ ਰਹੀ ਹੈ। ਇਸ ਮੁਲਾਕਾਤ ਤੋਂ ਬਾਅਦ ਸਰਕਾਰ ਦੇ ਗਠਨ ਦੀ ਤਰੀਕ ਦਾ ਐਲਾਨ ਕੀਤਾ ਜਾਵੇਗਾ। ਦਸਿਆ ਜਾਂਦਾ ਹੈ ਕਿ ਨਵੀਂ ਸਰਕਾਰ ਪਹਿਲੀ ਮਾਰਚ ਸਹੁੰ ਚੁੱਕ ਸਕਦੀ ਹੈ। ਦੋਹਾਂ ਪਾਰਟੀਆਂ 'ਚ ਹੋਏ ਸਮਝੌਤੇ ਮੁਤਾਬਕ ਮੁਫ਼ਤੀ ਮੁਹੰਮਦ ਸਈਦ ਪੂਰੇ 6 ਸਾਲ ਦੇ ਕਾਰਜਕਾਲ ਲਈ ਮੁੱਖ ਮੰਤਰੀ ਹੋਣਗੇ।rnਦੋਹਾਂ ਪਾਰਟੀਆਂ ਵਿਚਾਲੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੱਤੇ ਜਾਣ ਵਾਲੀ ਧਾਰਾ 370, ਹਥਿਆਰਬੰਦ ਫ਼ੌਜਾਂ ਦੇ ਵਿਸ਼ੇਸ਼ ਅਧਿਕਾਰ ਕਾਨੂੰਨ ਅਤੇ ਪੱਛਮੀ ਪਾਕਿਸਤਾਨ ਤੋਂ ਆ ਕੇ ਵੱਸੇ ਸ਼ਰਨਾਰਥੀਆਂ ਨੂੰ ਪੱਕੇ ਵਸਨੀਕਾਂ ਦਾ ਦਰਜਾ ਦੇਣ ਸਮੇਤ ਸਾਰੇ ਮੁੱਦਿਆਂ ਬਾਰੇ ਸਹਿਮਤੀ ਬਣ ਗਈ ਹੈ।rnਇਸ ਤੋਂ ਪਹਿਲਾਂ ਪੀ ਡੀ ਪੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨਾਲ ਨਵੀਂ ਦਿੱਲੀ 'ਚ ਮੁਲਾਕਾਤ ਤੋਂ ਬਾਅਦ ਕਿਹਾ ਸੀ ਕਿ ਜੰਮੂ-ਕਸ਼ਮੀਰ 'ਚ ਅਗਲੀ ਸਰਕਾਰ ਦੇ ਗਠਨ ਲਈ ਸਹਿਮਤੀ ਬਣ ਗਈ ਹੈ। ਇਹ ਪਹਿਲਾ ਮੌਕਾ ਹੈ ਕਿ ਇਸ ਸੰਵੇਦਨਸ਼ੀਲ ਸੂਬੇ 'ਚ ਭਾਜਪਾ ਸਰਕਾਰ 'ਚ ਸ਼ਾਮਲ ਹੋ ਰਹੀ ਹੈ। 23 ਦਸੰਬਰ ਨੂੰ ਹੋਈਆਂ ਚੋਣਾਂ 'ਚ ਪੀ ਡੀ ਪੀ ਨੇ 28 ਅਤੇ ਭਾਜਪਾ ਨੇ 25 ਸੀਟਾਂ ਜਿੱਤੀਆਂ ਸਨ। ਨੈਸ਼ਨਲ ਕਾਨਫ਼ਰੰਸ 15 ਅਤੇ ਕਾਂਗਰਸ ਦੇ ਹਿੱਸੇ 12 ਸੀਟਾਂ ਆਈਆਂ ਸਨ।