ਭਾਰਤ-ਪਾਕਿ ਵਿਚਾਲੇ ਗੱਲਬਾਤ ਬਹਾਲ

ਵਿਦੇਸ਼ ਸਕੱਤਰ ਜੈਸ਼ੰਕਰ ਨੇ ਆਪਣੇ ਪਾਕਿਸਤਾਨੀ ਹਮ-ਅਹੁਦਾ ਇਜਾਜ਼ ਚੌਧਰੀ ਨਾਲ ਇਸਲਾਮਾਬਾਦ 'ਚ ਵਿਦੇਸ਼ ਮੰਤਰਾਲੇ ਦੇ ਦਫ਼ਤਰ 'ਚ ਮੁਲਾਕਾਤ ਕੀਤੀ ਅਤੇ ਦੋਹਾਂ ਨੇ ਆਹਮੋ-ਸਾਹਮਣੇ ਬੈਠ ਕੇ ਗੱਲਬਾਤ ਕੀਤੀ। ਇਸ ਮੁਲਾਕਾਤ ਨਾਲ ਦੋਹਾਂ ਮੁਲਕਾਂ ਵਿਚਾਲੇ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਬਹਾਲ ਹੋ ਗਈ ਹੈ। ਭਾਰਤ ਵੱਲੋਂ 7 ਮਹੀਨੇ ਪਹਿਲਾਂ ਰੱਦ ਕੀਤੀ ਗਈ ਗੱਲਬਾਤ ਤੋਂ ਬਾਅਦ ਵਿਦੇਸ਼ ਸਕੱਤਰ ਪੱਧਰ ਦੀ ਇਹ ਪਹਿਲੀ ਗੱਲਬਾਤ ਹੈ।rnਵਿਦੇਸ਼ ਸਕੱਤਰ ਜੈਸ਼ੰਕਰ ਨੇ ਇਜਾਜ਼ ਅਹਿਮਦ ਚੌਧਰੀ ਨਾਲ ਗੱਲਬਾਤ ਮਗਰੋਂ ਕਿਹਾ ਕਿ ਉਨ੍ਹਾ ਦੀ ਗੱਲਬਾਤ ਬਹੁਤ ਹੀ ਉਸਾਰੂ ਅਤੇ ਹਾਂ ਪੱਖੀ ਮਾਹੌਲ 'ਚ ਹੋਈ ਹੈ ਅਤੇ ਪਾਕਿਸਤਾਨ ਨਾਲ ਸੰਬੰਧ ਆਮ ਵਰਗੇ ਅਤੇ ਸਹਿਯੋਗ ਵਾਲੇ ਬਨਣਗੇ। ਜੈਸ਼ੰਕਰ ਨੇ ਕਿਹਾ ਕਿ ਉਨ੍ਹਾ ਨੇ ਚੌਧਰੀ ਨਾਲ ਦੁਵੱਲੇ ਸੰਬਧਾਂ ਬਾਰੇ ਗੱਲਬਾਤ ਕੀਤੀ। ਉਨ੍ਹਾ ਦਸਿਆ ਕਿ ਇਸ ਗੱਲਬਾਤ ਭਾਰਤ ਨੇ ਲਸ਼ਕਰ-ਏ-ਤਾਇਬਾ ਵਰਗੀਆਂ ਅੱਤਵਾਦੀ ਜਥੇਬੰਦੀਆਂ ਦੀਆਂ ਸਰਗਰਮੀਆਂ ਅਤੇ 26/11 ਦੇ ਮੁੰਬਈ ਅੱਤਵਾਦੀ ਹਮਲੇ ਦੇ ਸਾਜ਼ਿਸ਼ਕਾਰਾਂ ਵਿਰੁੱਧ ਪਾਕਿਸਤਾਨ 'ਚ ਮੱਠੀ ਰਫ਼ਤਾਰ 'ਚ ਚੱਲ ਰਹੇ ਮੁਕੱਦਮੇ ਬਾਰੇ ਚਿੰਤਾ ਦਾ ਇਜ਼ਹਾਰ ਕੀਤਾ ਹੈ। ਜੈਸ਼ੰਕਰ ਨੇ ਕਿਹਾ ਕਿ ਉਨ੍ਹਾ ਨੇ ਸਰਹੱਦ ਪਾਰਲੇ ਅੱਤਵਾਦ ਬਾਰੇ ਭਾਰਤ ਦੀ ਚਿੰਤਾ ਤੋਂ ਵੀ ਪਾਕਿਸਤਾਨ ਨੂੰ ਜਾਣੂ ਕਰਵਾਇਆ ਹੈ। ਉਨ੍ਹਾ ਕਿਹਾ ਕਿ ਗੱਲਬਾਤ ਦੌਰਾਨ ਦੋਹਾਂ ਧਿਰਾਂ ਨੇ ਸਰਹੱਦ 'ਤੇ ਅਮਨ-ਅਮਾਨ ਬਣਾਏ ਰੱਖਣ ਬਾਰੇ ਵੀ ਸਹਿਮਤੀ ਪ੍ਰਗਟ ਕੀਤੀ ਹੈ। ਗੱਲਬਾਤ ਦੌਰਾਨ ਕੰਟਰੋਲਾ ਰੇਖਾ ਅਤੇ ਜੰਮੂ ਤੇ ਕਸ਼ਮੀਰ 'ਚ ਕੌਮਾਂਤਰੀ ਸਰਹੱਦ ਉਪਰ ਗੋਲੀਬੰਦੀ ਦੀ ਉਲੰਘਣਾ ਦੇ ਮਸਲੇ ਨੂੰ ਹੱਲ ਕਰਨ ਬਾਰੇ ਚਰਚਾ ਕੀਤੀ। ਦੋਹਾਂ ਧਿਰਾਂ ਨੇ ਸਰਹੱਦੀ ਰਸਤੇ ਵਪਾਰ ਵਧਾਉਣ ਬਾਰੇ ਵੀ ਚਰਚਾ ਕੀਤੀ। ਸਰਕਾਰ ਵੱਲੋਂ ਲੋਕ ਸਭਾ 'ਚ ਦਿੱਤੇ ਗਏ ਇੱਕ ਬਿਆਨ 'ਚ ਕਿਹਾ ਗਿਆ ਹੈ ਕਿ ਪਿਛਲੇ 8 ਮਹੀਨਿਆਂ ਦੌਰਾਨ ਪਾਕਿਸਤਾਨ ਨੇ 685 ਵਾਰੀ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ, ਜਿਸ ਵਿੱਚ 24 ਜਾਨਾਂ ਗਈਆਂ ਹਨ। ਪਾਕਿਸਤਾਨ ਉਲਟਾ ਭਾਰਤ ਉੱਪਰ ਗੋਲੀਬੰਦੀ ਦੀ ਉਲੰਘਣਾ ਕਰਨ ਦੇ ਦੋਸ਼ ਲਗਾ ਰਿਹਾ ਹੈ।rnਜੈਸ਼ੰਕਰ ਮੰਗਲਵਾਰ ਸਵੇਰੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਇਸਲਾਮਾਬਾਦ ਪਹੁੰਚੇ। ਇਸਲਾਮਾਬਾਦ ਹਵਾਈ ਅੱਡੇ 'ਤੇ ਉਨ੍ਹਾ ਦਾ ਸਵਾਗਤ ਭਾਰਤੀ ਹਾਈ ਕਮਿਸ਼ਨਰ ਟੀ ਸੀ ਏ ਰਾਘਵਨ ਨੇ ਕੀਤਾ। ਵਿਦੇਸ਼ ਸਕੱਤਰ ਨੇ ਇਸਲਾਮਾਬਾਦ 'ਚ ਵਿਦੇਸ਼ ਮੰਤਰਾਲੇ ਦੇ ਦਫ਼ਤਰ 'ਚ ਚੌਧਰੀ ਨਾਲ ਮੁਲਾਕਾਤ ਕੀਤੀ। ਪਿਛਲੇ ਸਾਲ ਨਵੀਂ ਦਿੱਲੀ 'ਚ ਪਾਕਿਸਤਾਨੀ ਹਾਈ ਕਮਿਸ਼ਨਰ ਵੱਲੋਂ ਕਸ਼ਮੀਰੀ ਵੱਖਵਾਦੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਭਾਰਤ ਨੇ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਰੱਦ ਕਰ ਦਿੱਤੀ ਸੀ। ਉਸ ਤੋਂ ਬਾਅਦ ਦੋਹਾਂ ਮੁਲਕਾਂ ਵਿਚਾਲੇ ਵਿਦੇਸ਼ ਸਕੱਤਰ ਪੱਧਰ ਦੀ ਪਹਿਲੀ ਮੁਲਾਕਾਤ ਹੈ। ਇੱਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੈਸ਼ੰਕਰ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਦੌਰੇ ਨੂੰ ਲੈ ਕੇ ਬਹੁਤ ਹੀ ਖੁਸ਼ ਹਨ ਅਤੇ ਪਾਕਿਸਤਾਨੀ ਅਧਿਕਾਰੀਆਂ ਨਾਲ ਮਜ਼ਬੂਤ ਅਤੇ ਸਾਰਥਿਕ ਗੱਲਬਾਤ ਨੂੰ ਲੈ ਕੇ ਆਸਵੰਦ ਹਨ। ਪਾਕਿਸਤਾਨ ਨੇ ਪਹਿਲਾਂ ਹੀ ਆਸ ਪ੍ਰਗਟ ਕੀਤੀ ਹੈ ਕਿ ਇਹ ਗੱਲਬਾਤ ਭਾਰਤ-ਪਾਕਿਸਤਾਨ ਵਾਰਤਾ ਦੇ ਬਹਾਲ ਹੋਣ ਦੀ ਦਿਸ਼ਾ 'ਚ ਅਹਿਮ ਸਾਬਤ ਹੋਵੇਗੀ। ਇਧਰ ਭਾਰਤ ਦਾ ਕਹਿਣਾ ਹੈ ਕਿ ਇਹ ਦੋਵਾਂ ਦੇਸ਼ਾਂ ਵਿਚਾਲੇ ਸਥਿਤੀ ਨੂੰ ਆਮ ਵਰਗੇ ਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਦਿਸ਼ਾ 'ਚ ਚਰਚਾ ਕਰਨਗੇ। ਜੈਸ਼ੰਕਰ ਨੇ ਐਤਵਾਰ ਨੂੰ ਭੁਟਾਨ ਦੌਰੇ ਦੇ ਨਾਲ ਸਾਰਕ ਯਾਤਰਾ ਦੀ ਸ਼ੁਰੂਆਤ ਕੀਤੀ ਸੀ ਅਤੇ ਕੱਲ੍ਹ ਉਹ ਬੰਗਲਾਦੇਸ਼ ਦੇ ਦੌਰੇ 'ਤੇ ਸਨ। ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਤੋਂ ਬਾਅਦ ਜੈਸ਼ੰਕਰ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਕਰਨਗੇ ਅਤੇ ਇਸ ਤੋਂ ਬਾਅਦ ਉਹ ਭਲਕੇ ਅਫ਼ਗਾਨਿਸਤਾਨ ਦੇ ਦੌਰੇ ਲਈ ਰਵਾਨਾ ਹੋਣਗੇ। ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰਿਕਟ ਕੂਟਨੀਤੀ ਦੀ ਵਰਤੋਂ ਕਰਦਿਆਂ ਨਵਾਜ਼ ਸ਼ਰੀਫ਼ ਨਾਲ ਗੱਲਬਾਤ ਕੀਤੀ ਸੀ ਅਤੇ ਉਨ੍ਹਾ ਨਾਲ ਜੈਸ਼ੰਕਰ ਦੀ ਸਾਰਕ ਯਾਤਰਾ ਦਾ ਜ਼ਿਕਰ ਵੀ ਕੀਤਾ ਸੀ। ਸਾਰਕ ਦੱਖਣੀ ਏਸ਼ੀਆ ਦੇ 8 ਦੇਸ਼ਾਂ ਦਾ ਇੱਕ ਆਰਥਿਕ ਅਤੇ ਰਾਜਨੀਤਕ ਗਰੁੱਪ ਹੈ। ਇਸ ਦੇ ਮੈਂਬਰ ਦੇਸ਼ਾਂ 'ਚ ਅਫ਼ਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ੍ਰੀਲੰਕਾ ਸ਼ਾਮਲ ਹਨ।