ਮੈਜਿਸਟਰੇਟ ਸਮੇਤ ਕਬਜ਼ਾ ਲੈਣ ਆਈ ਪੁਲਸ ਦਾ ਲੋਕਾਂ ਵੱਲੋਂ ਜ਼ਬਰਦਸਤ ਵਿਰੋਧ

ਸਥਾਨਕ ਬੂੜਾ ਗੁੱਜਰ ਰੋਡ 'ਤੇ ਕਰੀਬ ਅੱਧੀ ਸਦੀ ਤੋਂ ਘਰ ਬਣਾ ਕੇ ਬੈਠੇ ਕਰੀਬ ਦੋ ਦਰਜਨ ਪਰਵਾਰਾਂ ਨੂੰ ਉਠਾਉਣ ਲਈ ਜ਼ਮੀਨ ਮਾਲਕ ਵੱਲੋਂ ਅਦਾਲਤ ਪਾਸੋਂ ਹਾਸਲ ਕੀਤੇ ਹੁਕਮਾਂ ਦੀ ਤਾਮੀਲ ਕਰਾਉਣ ਲਈ ਅੱਜ ਵੱਡੇ ਪੱਧਰ 'ਤੇ ਡੀ ਐਸ ਪੀ ਕੰਵਲਪ੍ਰੀਤ ਸਿੰਘ ਚਹਿਲ ਅਤੇ ਡਿਊਟੀ ਮੈਜਿਸਟ੍ਰੇਟ ਜਸਵੰਤ ਸਿੰਘ ਦੀ ਅਗਵਾਈ ਹੇਠ ਪਹੁੰਚੀ ਪੁਲਸ ਕਾਰਨ ਸਥਿਤੀ ਉਸ ਸਮੇਂ ਵਿਸਫੋਟਕ ਬਣ ਗਈ, ਜਦੋਂ ਕਬਜ਼ਾਧਾਰਕ ਅਤੇ ਮਜ਼ਦੂਰ ਜਥੇਬੰਦੀਆਂ ਦੇ ਵਿਰੋਧ ਕਾਰਨ ਉਹਨਾਂ ਕਬਜ਼ਾ ਦੇਣੋਂ ਨਾਂਹ ਕਰ ਦਿੱਤੀ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਗੁਰਨਾਮ ਸਿੰਘ ਦਾਊਦ, ਜਗਜੀਤ ਸਿੰਘ ਜੱਸੇਆਣਾ, ਹਰਜੀਤ ਸਿੰਘ ਮਦਰੱਸਾ, ਸੀ ਪੀ ਐਮ ਦੇ ਆਗੂ ਕਾਮਰੇਡ ਇੰਦਰਜੀਤ ਅਤੇ ਆਮ ਆਦਮੀ ਪਾਰਟੀ ਦੇ ਵਰਿੰਦਰ ਅਰੋੜਾ ਨੇ ਪ੍ਰਸ਼ਾਸਨ ਅਤੇ ਕਬਜ਼ਾਧਾਰਕਾਂ ਵਿਚਕਾਰ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਸਮਝੌਤਾ ਕਰਵਾ ਦਿੱਤਾ। ਇਥੇ ਵਰਣਨਯੋਗ ਹੈ ਕਿ ਬੂੜਾ ਗੁੱਜਰ ਰੋਡ ਉਪਰ ਪਿਛਲੇ ਕਰੀਬ 45-50 ਸਾਲਾਂ ਤੋਂ ਕਰੀਬ ਦੋ ਦਰਜਨ ਪਰਵਾਰ ਇਸ ਜਗ੍ਹਾ ਉਪਰ ਮਕਾਨ ਬਣਾ ਕੇ ਰਹਿ ਰਹੇ ਹਨ ਅਤੇ ਉਹਨਾਂ ਦੇ ਇਸ ਜਗ੍ਹਾ 'ਤੇ ਬਿਜਲੀ ਦੇ ਮੀਟਰ, ਰਾਸ਼ਨ ਕਾਰਡ, ਵੋਟਰ ਕਾਰਡ, ਅਧਾਰ ਕਾਰਡ ਆਦਿ ਬਣੇ ਹੋਏ ਹਨ, ਜਦੋਂ ਕਿ ਇਸ ਜਗ੍ਹਾ ਉਪਰ ਨਗਰ ਕੌਂਸਲ ਵੱਲੋਂ ਬਿਜਲੀ ਅਤੇ ਪਾਣੀ ਦੀ ਵੀ ਸਹੂਲਤ ਦਿੱਤੀ ਗਈ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਇਸ ਜਗ੍ਹਾ ਦੇ ਮਾਲਕ ਸਿਮਰਜੀਤ ਸਿੰਘ ਪੁੱਤਰ ਸਾਧਾ ਸਿੰਘ ਵੱਲੋਂ ਇਸ ਜ਼ਮੀਨ ਦੀ ਮਾਲਕੀ ਨੂੰ ਲੈ ਕੇ ਉਪਰੋਕਤ ਕਬਜ਼ਾਧਾਰਕਾਂ ਨਾਲ ਜ਼ਮੀਨ ਛੁਡਾਉਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਅਤੇ ਇਸ ਸੰਬੰਧੀ ਪਹਿਲਾਂ ਵੀ ਪੁਲਸ ਵੱਲੋਂ ਜਗ੍ਹਾ ਖਾਲ੍ਹੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਹ ਨੇਪਰੇ ਨਹੀਂ ਸੀ ਚੜ੍ਹੀ। ਇਸ ਸੰਬੰਧੀ ਕਬਜ਼ਾਧਾਰਕ ਗੁਰਚਰਨ ਸਿੰਘ, ਅਮਰੀਕ ਸਿੰਘ, ਗੁਰਮੀਤ ਸਿੰਘ, ਅਜੀਤ ਸਿੰਘ, ਸ਼ਮਸ਼ੇਰ ਸਿੰਘ, ਬਲਬੀਰ ਕੌਰ, ਸੁੱਖਾ ਸਿੰਘ, ਕਾਕਾ ਸਿੰਘ ਅਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਇਸ ਸੰਬੰਧੀ ਕਬਜ਼ੇ ਨੂੰ ਲੈ ਕੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ, ਪਰ ਹੁਣ ਜ਼ਮੀਨ ਦੇ ਮਾਲਕ ਬਣੇ ਸਿਮਰਜੀਤ ਸਿੰਘ ਨੇ ਇਹ ਜਗ੍ਹਾ ਖਾਲੀ ਕਰਵਾਉਣ ਲਈ ਅਦਾਲਤ ਤੋਂ ਹੁਕਮ ਜਾਰੀ ਕਰਵਾ ਲਏ, ਜਿਸ ਨੂੰ ਲਾਗੂ ਕਰਨ ਲਈ ਅੱਜ ਭਾਰੀ ਪੁਲਸ ਫੋਰਸ ਪਹੁੰਚੀ। ਇਸ ਮੌਕੇ ਪ੍ਰਸ਼ਾਸਨ ਅਤੇ ਕਬਜ਼ਾਧਾਰਕਾਂ ਵਿਚਕਾਰ ਸਮਝੌਤਾ ਕਰਵਾਉਣ ਵਾਲੇ ਆਗੂਆਂ ਅਤੇ ਜਗ੍ਹਾ ਦੇ ਮਾਲਕ ਸਿਮਰਜੀਤ ਸਿੰਘ ਨੇ ਆਪਸੀ ਸੂਝ-ਬੂਝ ਨਾਲ ਇਹ ਮਸਲਾ ਹੱਲ ਕਰ ਲਿਆ। ਜਿਸ 'ਤੇ ਪੁਲਸ ਪ੍ਰਸ਼ਾਸਨ ਨੇ ਵੀ ਸੁੱਖ ਦਾ ਸਾਹ ਲਿਆ ਹੈ। ਸਮਝੌਤੇ ਮੁਤਾਬਕ ਜ਼ਮੀਨ ਦੇ ਮਾਲਕ ਸਿਮਰਜੀਤ ਸਿੰਘ ਪੁੱਤਰ ਸਾਧਾ ਸਿੰਘ ਕਬਜ਼ਾਧਾਰਕਾਂ ਨੂੰ ਕਬਜ਼ਾ ਛੱਡਣ ਬਦਲੇ 42 ਹਜ਼ਾਰ ਰੁਪਏ ਪ੍ਰਤੀ ਮਰਲੇ ਦੇ ਹਿਸਾਬ ਨਾਲ ਦੇਵੇਗਾ ਅਤੇ ਕਬਜ਼ਾਧਾਰਕ 8 ਮਾਰਚ ਤੱਕ ਇਹ ਜਗ੍ਹਾ ਖਾਲ੍ਹੀ ਕਰ ਦੇਣਗੇ, ਕਿਉਂਕਿ ਅਦਾਲਤ ਵੱਲੋਂ ਇਸ ਕਬਜ਼ੇ ਸੰਬੰਧੀ 9 ਮਾਰਚ ਨੂੰ ਰਿਪੋਰਟ ਮੰਗੀ ਗਈ ਹੈ।