ਕਿਸਾਨੀ ਦੀ ਅਣਦੇਖੀ ਵਿਰੁੱਧ ਦਿੱਲੀ 'ਚ ਅਣਮਿੱਥੇ ਸਮਂੇ ਲਈ ਮੋਰਚੇ ਦਾ ਐਲਾਨ

ਭੂਮੀ ਗ੍ਰਹਿਣ ਆਰਡੀਨੈਂਸ ਅਤੇ ਕਿਸਾਨਾਂ ਦੀਆਂ ਹੋਰ ਮੰਗਾਂ ਲਈ ਦੇਸ਼ ਦੇ ਕਿਸਾਨਾਂ ਅੰਦਰ ਗੁੱਸਾ ਵਧਦਾ ਹੀ ਜਾ ਰਿਹਾ ਹੈ ਅਤੇ ਮੋਦੀ ਸਰਕਾਰ ਵੱਲੋਂ ਦਿੱਲੀ ਧਰਨੇ 'ਤੇ ਬੈਠੇ ਕਿਸਾਨਾਂ ਨੂੰ ਸਾਜਿਸ਼ੀ ਢੰਗ ਨਾਲ ਅਣਗੌਲਿਆਂ ਕਰਨ ਕਾਰਨ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰੱਖਿਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਰੱਖਣ ਦੇ ਐਲਾਨ ਦਾ ਜਿਸ ਤਰ੍ਹਾਂ ਕਿਸਾਨਾਂ ਨੇ ਗੂੰਜਵੇਂ ਨਾਹਰਿਆਂ ਨਾਲ ਸਵਾਗਤ ਕੀਤਾ, ਉਸ ਤੋਂ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਸ ਵਾਰ ਕਿਸਾਨ ਫੈਸਲਾਕੁੰਨ ਲੜਾਈ ਦੀ ਤਿਆਰੀ ਕਰਕੇ ਆਏ ਹਨ। ਇਹ ਐਲਾਨ ਅੱਜ ਇੱਥੇ ਧਰਨੇ 'ਤੇ ਪਿਛਲੇ 24 ਘੰਟਿਆਂ ਤੋਂ ਬੈਠੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਕੋਆਡੀਨੇਟਰ ਸ੍ਰੀ ਅਜਮੇਰ ਸਿੰਘ ਲੱਖੋਵਾਲ ਨੇ ਕੀਤਾ। ਉਨ੍ਹਾਂ ਦੱਸਿਆ ਕਿ ਜੇਕਰ ਸਰਕਾਰ ਨੇ ਅਜੇ ਵੀ ਕਿਸਾਨਾਂ ਦੀ ਨਬਜ਼ ਨੂੰ ਨਾ ਸਮਝਿਆ ਤਾਂ ਦਿੱਲੀ ਦੇ ਨਾਲ-ਨਾਲ ਸਾਰੇ ਦੇਸ਼ ਅੰਦਰ ਇੱਕ ਵੱਡਾ ਕਿਸਾਨ ਅੰਦੋਲਨ ਚਲਾਇਆ ਜਾਵੇਗਾ।
ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਪ੍ਰਧਾਨ ਚੌਧਰੀ ਨਰੇਸ਼ ਟਿਕੈਤ ਅਤੇ ਕੌਮੀ ਕੋਆਰਡੀਨੇਟਰ ਸ੍ਰੀ ਅਜਮੇਰ ਸਿੰਘ ਲੱਖੋਵਾਲ ਨੇ ਕਿਸਾਨਾਂ ਦੇ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਰੱਖਣ ਦੇ ਐਲਾਨ ਦੀ ਵਾਜਬੀਅਤ ਦੀ ਗੱਲ ਕਰਦਿਆਂ ਕਿਹਾ ਕਿ ਦੇਸ਼ ਦੇ ਕੋਨੇ-ਕੋਨੇ ਤੋਂ ਪਹੁੰਚੇ ਹਜ਼ਾਰਾਂ ਕਿਸਾਨ ਪਿਛਲੇ 24 ਘੰਟੇ ਤੋਂ ਧਰਨੇ 'ਤੇ ਬੈਠੇ ਹਨ ਪ੍ਰੰਤੂ ਜਿਸ ਤਰ੍ਹਾਂ ਸਰਕਾਰ ਨੇ ਇਨ੍ਹਾਂ ਕਿਸਾਨਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕਰ ਰੱਖਿਆ ਹੈ, ਉਸ ਤੋਂ ਜਾਪਦਾ ਹੈ ਕਿ ਮੋਦੀ ਸਰਕਾਰ ਕਿਸਾਨੀ ਦੀ ਕੋਈ ਵੀ ਮੰਗ ਮੰਨਣ ਦੇ ਰੌਂਅ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕਿਸਾਨੀ ਨਾਲ ਰੇਡੀਓ 'ਤੇ ਦਿਲ ਦੀ ਬਾਤ ਕਰਨ ਜਾ ਰਹੇ ਹਨ, ਪ੍ਰੰਤੂ ਦੂਜੇ ਪਾਸੇ ਦੇਸ਼ ਦੇ ਕੋਨੇ-ਕੋਨੇ ਤੋਂ ਦਿੱਲੀ ਪਹੁੰਚੇ ਕਿਸਾਨਾਂ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ। ਕੇਂਦਰ ਸਰਕਾਰ ਦੀਆਂ ਅਜਿਹੀਆਂ ਨੀਤੀਆਂ ਕਾਰਨ ਭਾਰਤੀ ਜਨਤਾ ਪਾਰਟੀ ਦਾ ਜੋ ਦਿੱਲੀ ਵਿੱਚ ਹਸਰ ਹੋਇਆ ਹੈ, ਅਜਿਹਾ ਹੀ ਹਸਰ ਦੇਸ਼ ਦਾ ਕਿਸਾਨ ਪੂਰੇ ਦੇਸ਼ ਅੰਦਰ ਕਰਨ ਦੇ ਸਮਰੱਥ ਹੈ।
ਕਿਸਾਨ ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਆਖਿਆ ਕਿ ਕੇਂਦਰ ਸਰਕਾਰ ਦੀ ਅਣਦੇਖੀ ਵਿਰੁੱਧ ਕਿਸਾਨਾਂ ਵਿੱਚ ਬਹੁਤ ਗੁੱਸਾ ਹੈ ਅਤੇ ਜੇਕਰ ਸਮੇਂ ਸਿਰ ਕਿਸਾਨੀ ਦੀ ਨਾ ਸੁਣੀ ਗਈ ਤਾਂ ਇਹ ਗੁੱਸਾ ਭਿਆਨਕ ਰੂਪ ਲੈ ਸਕਦਾ ਹੈ, ਜਿਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ।
ਸ੍ਰੀ ਅਜਮੇਰ ਸਿੰਘ ਲੱਖੋਵਾਲ, ਚੌਧਰੀ ਨਰੇਸ਼ ਟਿਕੈਤ ਅਤੇ ਚੌਧਰੀ ਯੁੱਧਵੀਰ ਨੇ ਕਿਸਾਨਾਂ ਦੀਆਂ ਹੋਰ ਮੰਗਾਂ ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣਾ, ਸਾਂਤਾ ਕੁਮਾਰ ਕਮੇਟੀ ਦੀਆਂ ਸਿਫਾਰਸ਼ਾਂ ਰੱਦ ਕਰਵਾ ਕੇ ਝੋਨੇ ਤੇ ਕਣਕ ਦੀ ਖ੍ਰੀਦ ਪਹਿਲਾਂ ਦੀ ਤਰ੍ਹਾਂ ਜਾਰੀ ਰੱਖਣਾ, ਬੇਮੌਸਮੀ ਬਰਸਾਤ ਕਾਰਨ ਨੁਕਸਾਨ ਹੋਈਆਂ ਫਸਲਾਂ ਦਾ ਢੁਕਵਾਂ ਮੁਆਵਜ਼ਾ ਦਿਵਾਉਣਾ ਅਤੇ ਕਿਸਾਨੀ ਲਈ ਘੱਟੋ-ਘੱਟ ਆਮਦਨ ਨਿਸਚਿਤ ਕਰਵਾਉਣ ਲਈ ਕਿਸਾਨ ਆਮਦਨ ਕਮਿਸ਼ਨ ਦੀ ਸਥਾਪਨਾ ਕਰਵਾਉਣ ਆਦਿ ਮੰਗਾਂ ਲਈ ਚੱਲ ਰਹੇ ਕਿਸਾਨ ਮੋਰਚੇ ਵਿੱਚ ਵੱਧ ਤੋਂ ਵੱਧ ਸ਼ਾਮਲ ਹੋਣ ਲਈ ਦਿੱਲੀ ਪਹੁੰਚਣ ਦੀ ਅਪੀਲ ਕੀਤੀ।