ਸੀ ਪੀ ਆਈ ਲੜੇਗੀ ਧੂਰੀ ਜ਼ਿਮਨੀ ਚੋਣ

ਭਾਰਤੀ ਕਮਿਊਨਿਸਟ ਪਾਰਟੀ ਨੇ ਦੂਜੀਆਂ ਖੱਬੇ ਪੱਖੀ ਪਾਰਟੀਆਂ ਦੇ ਪੂਰਨ ਸਹਿਯੋਗ ਨਾਲ ਧੂਰੀ ਹਲਕੇ ਦੀ ਉਪ ਚੋਣ ਲੜਨ ਦਾ ਫੈਸਲਾ ਕੀਤਾ ਹੈ । ਕਾਮਰੇਡ ਸੁਖਦੇਵ ਸ਼ਰਮਾ ਇਸ ਦੇ ਉਮੀਦਵਾਰ ਹੋਣਗੇ।ਇਸ ਦਾ ਐਲਾਨ ਹਲਕਾ ਧੂਰੀ ਦੇ ਵਰਕਰਾਂ ਨਾਲ ਇਕ ਪ੍ਰਭਾਵਸ਼ਾਲੀ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੀ.ਪੀ.ਆਈ ਦੇ ਸੂਬਾ ਸਕੱਤਰ ਹਰਦੇਵ ਸਿੰਘ ਅਰਸ਼ੀ ਵਲੋਂ ਕੀਤਾ ਗਿਆ।ਕਮਿਊਨਿਸਟ ਆਗੂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀ 8 ਸਾਲਾਂ ਦੀ ਮਾੜੀ ਕਾਰਗੁਜ਼ਾਰੀ ਨੇ ਪੰਜਾਬ ਨੂੰ ਆਰਥਿਕ ਤੌਰ 'ਤੇ ਤ੦ਬਾਹ ਤੇ ਬਰਬਾਦ ਕਰਕੇ ਰੱਖ ਦਿੱਤਾ ਹੈ। ਸਰਕਾਰ ਦੇ ਪ੍ਰਭਾਵਸ਼ਾਲੀ ਅਨਸਰਾਂ ਦੀ ਪੁਸਤ-ਪਨਾਹੀ ਨਾਲ ਪੰਜਾਬ ਦੇ ਹਰ ਖੇਤਰ ਵਿੱਚ ਮਾਫੀਆ ਰਾਜ ਸਥਾਪਤ ਹੋ ਚੁੱਕਾ ਹੈ। ਅਮਨ-ਕਾਨੂੰਨ ਨਾਂਅ ਦੀ ਕੋਈ ਚੀਜ਼ ਪੰਜਾਬ ਵਿੱਚ ਨਜ਼ਰ ਨਹੀਂ ਆਉਂਦੀ । ਪੰਜਾਬ ਦਾ ਹਰ ਵਰਗ ਸਰਕਾਰ ਤੋਂ ਪੀੜਤ ਹੈ । ਸਨਅਤ ਜਾਂ ਤਾਂ ਦੂਜੇ ਸੂਬਿਆਂ ਵਿੱਚ ਤਬਦੀਲ ਹੋ ਗਈ ਜਾਂ ਬੰਦ ਹੋ ਗਈ ਹੈ ।ਜਿਸ ਨਾਲ ਲੱਖਾਂ ਮਜ਼ਦੂਰ ਰੁਜ਼ਗਾਰ ਤੋਂ ਵਾਂਝੇ ਹੋ ਗਏ ਹਨ। ਬੇਰੁਜ਼ਗਾਰਾਂ ਦੀ ਫੌਜ ਦਾ ਅੰਕੜਾ 45 ਲੱਖ ਦੀ ਹੱਦ ਨੂੰ ਪਾਰ ਕਰ ਚੁੱਕਾ ਹੈ ।ਪੰਜਾਬ ਵਿੱਚੋਂ ਰੁਜ਼ਗਾਰ ਦੇ ਨਵੇਂ ਮੌਕੇ ਇਕ ਤਰਾਂ੍ਹ ਨਾਲ ਬੰਦ ਕਰ ਦਿੱਤੇ ਗਏ ਹਨ।ਕਾਮਰੇਡ ਅਰਸ਼ੀ ਨੇ ਅੱਗੇ ਕਿਹਾ ਕਿ ਅਕਾਲੀ ਦਲ ਨੇ ਮੋਦੀ ਸਰਕਾਰ ਦੇ ਜ਼ਮੀਨ ਗ੍ਰਹਿਣ ਬਿੱਲ ਦੇ ਹੱਕ ਵਿੱਚ ਵੋਟ ਪਾ ਕੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ । ਇਸ ਲਈ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਦੇ ਚਿਹਰੇ ਨੂੰ ਲੋਕਾਂ ਵਿੱਚ ਨੰਗਾ ਕਰਨਾ ਸਮੇਂ ਦੀ ਲੋੜ ਹੈ । ਉਹਨਾਂ ਕਿਹਾ ਕਿ ਕਾਂਗਰਸ ਨੇ ਲਗਾਤਾਰ ਹਾਰਾਂ ਤੋਂ ਕੋਈ ਸਬਕ ਨਹੀਂ ਸਿੱਖਿਆ।ਉਹ ਅੱਜ ਵੀ ਉਦਾਰੀਕਰਨ ਤੇ ਨਿਜੀਕਰਨ ਕਰਨ ਦੀਆਂ ਨੀਤੀਆਂ ਦੀ ਪੈਰਵੀ ਕਰ ਰਹੀ ਹੈ, ਜਿਨਾਂ੍ਹ ਕਰਕੇ ਉਸ ਦਾ ਦਾ ਭੱਠਾ ਬੈਠਿਆ ਹੈ । ਕਮਿਊਨਿਸਟ ਆਗੂ ਨੇ ਅੰਤ ਵਿੱਚ ਕਿਹਾ ਕਿ ਸੀ. ਪੀ. ਆਈ.(ਐਮ), ਸੀ.ਪੀ.ਐਮ. ਪੰਜਾਬ ਤੇ ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਡਟ ਕੇ ਕਮਿਊਨਿਸਟ ਊਮੀਦਵਾਰ ਦੀ ਚੋਣ ਮੁਹਿੰਮ ਵਿੱਚ ਸ਼ਾਮਲ ਹੋਣਗੀਆਂ । ਇਸ ਸਮੇਂ ਉਹਨਾਂ ਨਾਲ ਸੀ.ਪੀ.ਆਈ ਦੇ ਜ਼ਿਲਾ੍ਹ ਸਕੱਤਰ ਕਾਮਰੇਡ ਸਤਵੰਤ ਸਿੰਘ ਖੰਡੇਵਾਦ, ਸੀ.ਪੀ.ਆਈ (ਐਮ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਭੂਪ ਚੰਦ ਚੰਨੋ, ਸੀ.ਪੀ.ਆਈ ਦੇ ਸੂਬਾ ਐਗਜੈਕਟਿਵ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਨਿਹਾਲਗੜ੍ਹ ਤੋਂ ਇਲਵਾ ਸੀ.ਪੀ.ਆਈ. ਐਮ.ਐਲ ਆਗੂ ਹਰਭਗਵਾਨ ਭੀਖੀ ਅਤੇ ਸੀ.ਪੀ.ਐਮ, ਪੰਜਾਬ ਸੰਗਰੂਰ ਦੇ ਸਕੱਤਰ ਕਾਮਰੇਡ ਗਜਣ ਸਿੰਘ ਵੀ ਮੌਜੂਦ ਸਨ।