ਆਖਰੀ ਅੱਤਵਾਦੀ ਦੇ ਖਾਤਮੇ ਤੱਕ ਮੁਹਿੰਮ ਜਾਰੀ ਰੱਖਾਂਗੇ : ਨਵਾਜ਼

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਕਿ ਉਨ੍ਹਾ ਦੀ ਸਰਕਾਰ ਦਾ ਜ਼ਿਆਦਾਤਰ ਸਮਾਂ ਅੱਤਵਾਦ ਅਤੇ ਭਿਆਨਕ ਬਿਜਲੀ ਸੰਕਟ ਨਾਲ ਨਿਪਟਣ ਵਿੱਚ ਲੱਗ ਰਿਹਾ ਹੈ, ਜਿਸ ਕਰਕੇ ਉਨ੍ਹਾ ਕੋਲ ਵਿਕਾਸ ਕਾਰਜਾਂ ਲਈ ਬਹੁਤ ਘੱਟ ਸਮਾਂ ਬਚਦਾ ਹੈ।
ਅੱਤਵਾਦ ਦੇ ਖਾਤਮੇ ਦੀ ਪ੍ਰਤੀਬੱਧਤਾ ਪ੍ਰਗਟ ਕਰਦਿਆਂ ਨਵਾਜ਼ ਸ਼ਰੀਫ ਨੇ ਕਿਹਾ ਕਿ ਅੱਤਵਾਦੀਆਂ ਵਿਰੁੱਧ ਪਿਛਲੇ ਸਾਲ ਜੂਨ ਵਿੱਚ ਉੱਤਰੀ ਵਜ਼ੀਰਸਥਾਨ ਵਿੱਚ ਸ਼ੁਰੂ ਕੀਤੀ ਗਈ ਮੁਹਿੰਮ ਆਖਰੀ ਅੱਤਵਾਦੀ ਦੇ ਖਾਤਮੇ ਤੱਕ ਜਾਰੀ ਰਹੇਗੀ। ਉਨ੍ਹਾ ਕਿਹਾ ਕਿ ਆਖਰੀ ਅੱਤਵਾਦੀ ਦੇ ਖਾਤਮੇ ਤੱਕ ਦੇਸ਼ ਵਿੱਚ ਅੱਤਵਾਦੀਆਂ ਵਿਰੁੱਧ ਮੁਹਿੰਮ ਜਾਰੀ ਰਹੇਗੀ। ਅੱਤਵਾਦੀਆਂ ਦੀ ਰੀੜ੍ਹ ਹੀ ਹੱਡੀ ਤੋੜਣ ਲਈ ਉਨ੍ਹਾ ਪਾਕਿਸਤਾਨੀ ਫੌਜ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾ ਦੀ ਸਰਕਾਰ ਦੋ-ਤਿੰਨ ਸਾਲਾਂ ਵਿੱਚ ਊਰਜਾ ਸੰਕਟ 'ਤੇ ਕਾਬੂ ਪਾ ਲਵੇਗੀ। ਉਨ੍ਹਾ ਕਿਹਾ ਕਿ ਗੈਸ ਅਤੇ ਬਿਜਲੀ ਤੋਂ ਬਿਨਾਂ ਕੋਈ ਦੇਸ਼ ਤਰੱਕੀ ਨਹੀਂ ਕਰ ਸਕਦਾ ਅਤੇ ਮੇਂ ਅੱਤਵਾਦ 'ਤੇ ਰੋਕ ਲਾਉਣ ਅਤੇ ਊਰਜਾ ਸੰਕਟ 'ਤੇ ਕਾਬੂ ਪਾਉਣ ਲਈ ਸਖਤ ਮਿਹਨਤ ਕਰ ਰਿਹਾ ਹਾਂ। ਮੈਂ ਆਪਣਾ 90 ਫੀਸਦੀ ਸਮਾਂ ਇਨ੍ਹਾਂ ਮੁੱਦਿਆਂ 'ਤੇ ਦਿੰਦਾ ਹਾਂ ਅਤੇ ਇਸ ਕਾਰਨ ਵਿਕਾਸ ਕਾਰਜਾਂ ਨਾਲ ਜੁੜੇ ਦੂਜੇ ਮੁੱਦਿਆਂ 'ਤੇ ਧਿਆਨ ਦੇਣ ਲਈ ਜ਼ਿਆਦਾ ਸਮਾਂ ਨਹੀਂ ਬਚਦਾ।